ਸਰਕਾਰ ਨੇ ਐੱਸ. ਸੀ. ਐੱਲ ਮੋਹਾਲੀ ਦੇ ਅਪਗ੍ਰੇਡੇਸ਼ਨ ਅਤੇ ਆਧੁਨਿਕੀਕਰਨ ਨੂੰ ਪ੍ਰਵਾਨਗੀ ਦਿੱਤੀ : ਸਾਹਨੀ
Friday, Dec 06, 2024 - 05:33 PM (IST)
ਚੰਡੀਗੜ੍ਹ : ਪਾਰਲੀਮੈਂਟ ਸੈਸ਼ਨ ਦੌਰਾਨ ਡਾ. ਵਿਕਰਮਜੀਤ ਸਿੰਘ ਸਾਹਨੀ ਮੈਂਬਰ ਪਾਰਲੀਮੈਂਟ (ਰਾਜਸਭਾ) ਨੂੰ ਦਿੱਤੇ ਇਕ ਲਿਖਤੀ ਜਵਾਬ ਵਿਚ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਜਿਤਿਨ ਪ੍ਰਸਾਦਾ ਨੇ ਮੋਹਾਲੀ ਦੀ ਸੈਮੀ-ਕੰਡਕਟਰ ਲੈਬਾਰਟਰੀ (ਐੱਸ.ਸੀ.ਐੱਲ.) ਦੇ ਆਧੁਨਿਕੀਕਰਨ ਦੀ ਯੋਜਨਾ ਬਾਰੇ ਇਕ ਅੱਪਡੇਟ ਮੁਹੱਈਆ ਕਰਵਾਇਆ ਹੈ। ਡਾ. ਸਾਹਨੀ ਨੇ ਫਰਵਰੀ 2024 ਵਿਚ SCL ਲਈ ₹10,000 ਕਰੋੜ ਦੀ ਆਧੁਨਿਕੀਕਰਨ ਯੋਜਨਾ ਅਤੇ ਕੈਬਨਿਟ ਦੀ ਮਨਜ਼ੂਰੀ ਲਈ ਇਸਦੀ ਸਮਾਂ-ਸੀਮਾ ਬਾਰੇ ਸਰਕਾਰ ਦੀ ਪਹਿਲੀ ਘੋਸ਼ਣਾ ਬਾਰੇ ਸਪੱਸ਼ਟੀਕਰਨ ਮੰਗਿਆ ਸੀ।
ਡਾ. ਸਾਹਨੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਨੇ ਕੁੱਲ 76,000 ਕਰੋੜ ਦੀ ਰਕਮ ਦੇ ਨਾਲ ਇਕ ਵਿਆਪਕ ਸੈਮੀਕਨ ਇੰਡੀਆ ਪ੍ਰੋਗਰਾਮ ਨੂੰ ਮਨਜ਼ੂਰੀ ਦਿੱਤੀ ਹੈ। ਇਸ ਪ੍ਰੋਗਰਾਮ ਦੇ ਤਹਿਤ, ਮੋਹਾਲੀ ਵਿਚ ਸੈਮੀ-ਕੰਡਕਟਰ ਲੈਬਾਰਟਰੀ ਦਾ ਆਧੁਨਿਕੀਕਰਨ ਇਕ ਮੁੱਖ ਹਿੱਸਾ ਹੈ। ਹਾਲਾਂਕਿ, ਸਰਕਾਰ ਇਸ ਅਹਿਮ ਪ੍ਰਾਜੈਕਟ ਨੂੰ ਅਪਗ੍ਰੇਡ ਕਰਨ ਲਈ ਰੋਡਮੈਪ ਨੂੰ ਅੰਤਿਮ ਰੂਪ ਦੇਣ ਲਈ ਹਿੱਸੇਦਾਰਾਂ ਨਾਲ ਮਸ਼ਵਰਾ ਕਰ ਰਹੀ ਹੈ।
ਡਾ. ਸਾਹਨੀ ਨੇ ਇਹ ਵੀ ਕਿਹਾ ਕਿ ਮੋਹਾਲੀ ਸਥਿਤ ਸੈਮੀ-ਕੰਡਕਟਰ ਲੈਬਾਰਟਰੀ ਭਾਰਤ ਦੀ ਤਕਨੀਕੀ ਅਤੇ ਆਰਥਿਕ ਸਵੈ-ਨਿਰਭਰਤਾ ਲਈ ਰਣਨੀਤਕ ਮਹੱਤਵ ਰੱਖਦੀ ਹੈ ਅਤੇ ਉਹ ਪਿਛਲੇ ਇਕ ਸਾਲ ਤੋਂ ਇਸ ਮੁੱਦੇ ਨੂੰ ਸਰਕਾਰ ਕੋਲ ਉਠਾ ਰਹੇ ਹਨ। ਇਸ ਲਿਖਤੀ ਭਰੋਸੇ ਨਾਲ ਉਹ ਆਧੁਨਿਕੀਕਰਨ ਲਈ ਆਸਵੰਦ ਹਨ। ਸਾਹਨੀ ਨੇ ਕਿਹਾ ਕਿ ਸਰਕਾਰ ਨੂੰ ਇਸ ਪ੍ਰਾਯੋਜਨਾ ਨੂੰ ਮਨਜ਼ੂਰੀ ਵਾਸਤੇ ਕੈਬਨਿਟ ਵਿਚ ਪੇਸ਼ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ।