ਮਾਮਲਾ ਲਾਪਤਾ ਹੋਏ 2 ਬੱਚਿਆਂ ਦਾ, ਪੀੜਤ ਪਰਿਵਾਰ ਨੂੰ ਮਿਲੇ ਪਰਨੀਤ ਕੌਰ

Sunday, Jul 28, 2019 - 11:16 AM (IST)

ਮਾਮਲਾ ਲਾਪਤਾ ਹੋਏ 2 ਬੱਚਿਆਂ ਦਾ, ਪੀੜਤ ਪਰਿਵਾਰ ਨੂੰ ਮਿਲੇ ਪਰਨੀਤ ਕੌਰ

ਪਟਿਆਲਾ (ਰਾਜੇਸ਼) - ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਵਲੋਂ ਪਿੰਡ ਖੇੜੀ ਗੰਢਿਆਂ ਤੋਂ ਬੀਤੇ ਦਿਨੀਂ ਭੇਤਭਰੀ ਹਾਲਤ 'ਚ ਲਾਪਤਾ ਹੋਏ ਦੋ ਮਾਸੂਮ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਉਨ੍ਹਾਂ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਲਾਪਤਾ ਬੱਚਿਆਂ ਨੂੰ ਲੱਭਣ ਲਈ ਪੁਲਸ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ ਅਤੇ ਇਸ ਮਾਮਲੇ ਦੇ ਹੱਲ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਗੁੰਮਸ਼ੁਦਗੀ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਪਰਨੀਤ ਕੌਰ ਨਾਲ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ, ਰਾਜਪੁਰਾ ਤੋਂ ਵਿਧਾਇਕ ਹਰਦਿਆਲ ਸਿੰਘ ਕੰਬੋਜ, ਮੁੱਖ ਮੰਤਰੀ ਦੇ ਓ. ਐੱਸ. ਡੀ. ਅੰਮ੍ਰਿਤ ਪ੍ਰਤਾਪ ਸਿੰਘ ਅਤੇ ਗਗਨਦੀਪ ਜਲਾਲਪੁਰ ਆਦਿ ਮੌਜੂਦ ਸਨ।

PunjabKesari

ਪਰਨੀਤ ਕੌਰ ਨੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁੰਮ ਹੋਏ ਬੱਚਿਆਂ ਦਾ ਪਤਾ ਲਾਉਣ ਲਈ ਪੁਲਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਪੂਰੀ ਚੌਕਸੀ ਨਾਲ ਮਾਮਲੇ ਦਾ ਹੱਲ ਕੱਢਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਪੰਜਾਬ ਸਰਕਾਰ ਦੀ ਪੀੜਤ ਪਰਿਵਾਰ ਨਾਲ ਪੂਰੀ ਹਮਦਰਦੀ ਹੈ ਅਤੇ ਪਰਿਵਾਰ ਦੀ ਹਰ ਪੱਖੋਂ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਏ. ਡੀ. ਜੀ. ਪੀ. ਕ੍ਰਾਈਮ ਨੂੰ ਮੌਕੇ 'ਤੇ ਭੇਜਿਆ ਸੀ ਤਾਂ ਕਿ ਇਸ ਮਾਮਲੇ ਨੂੰ ਜਲਦੀ ਸੁਲਝਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੁਲਸ ਉਨ੍ਹਾਂ ਦੇ ਬੱਚਿਆਂ ਦੀ ਭਾਲ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ ਅਤੇ ਹਰ ਪੱਖੋਂ ਜਾਂਚ ਕਰ ਰਹੀ ਹੈ, ਜਿਸ ਨਾਲ ਇਸ ਮਾਮਲੇ ਦੀ ਤਹਿ ਤਕ ਜਾ ਕੇ ਖੁਲਾਸਾ ਕੀਤਾ ਜਾਵੇਗਾ। ਪਰਨੀਤ ਕੌਰ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਇਹ ਦੋਨੋਂ ਛੋਟੇ ਬੱਚੇ ਸਹੀ ਸਲਾਮਤ ਪਰਿਵਾਰ 'ਚ ਪੁੱਜ ਜਾਣ।


author

rajwinder kaur

Content Editor

Related News