ਸੰਸਦ 'ਚ ਬੋਲੇ ਭਗਵੰਤ ਮਾਨ- ਮੈਂ ਬੋਲਣ ਲੱਗਾ, ਜਿਸ ਨੇ ਮੂੰਹ ਸੁੰਘਣਾ, ਸੁੰਘ ਲਓ (ਵੀਡੀਓ)

Tuesday, Dec 10, 2019 - 02:01 PM (IST)

ਨਵੀਂ ਦਿੱਲੀ— ਲੋਕ ਸਭਾ 'ਚ ਨਾਗਰਿਕਤਾ ਸੋਧ ਬਿੱਲ ਪਾਸ ਕੀਤਾ ਜਾ ਚੁਕਿਆ ਹੈ। ਉੱਥੇ ਹੀ ਇਸ ਬਿੱਲ ਨੂੰ ਲੈ ਕੇ ਕਾਫ਼ੀ ਚਰਚਾ ਹੋਈ। ਚਰਚਾ ਦੌਰਾਨ ਆਮ ਆਦਮੀ ਪਾਰਟੀ (ਆਪ) ਨੇ ਇਸ ਬਿੱਲ ਦਾ ਵਿਰੋਧ ਕੀਤਾ। ਪੰਜਾਬ ਤੋਂ 'ਆਪ' ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਇਸ ਬਿੱਲ ਦਾ ਵਿਰੋਧ ਕੀਤਾ ਅਤੇ ਨਾਲ ਹੀ ਕਿਹਾ ਕਿ ਜਿਸ ਭਾਜਪਾ ਦੇ ਮੈਂਬਰ ਨੇ ਮੇਰਾ ਮੂੰਹ ਸੁੰਘਣਾ ਹੈ, ਉਹ ਆ ਕੇ ਮੇਰਾ ਮੂੰਹ ਸੁੰਘ ਸਕਦਾ ਹੈ।

ਮੈਂ ਬੋਲਣ ਲੱਗਾ, ਜਿਸ ਨੇ ਮੂੰਹ ਸੁੰਘਣਾ, ਸੁੰਘ ਲਓ
ਦਰਅਸਲ ਭਗਵੰਤ ਮਾਨ 'ਤੇ ਕਈ ਵਾਰ ਅਜਿਹਾ ਦੋਸ਼ ਲੱਗ ਚੁਕਿਆ ਹੈ ਕਿ ਉਹ ਨਸ਼ੇ ਦੀ ਹਾਲਤ 'ਚ ਸੰਸਦ 'ਚ ਆਉਂਦੇ ਹਨ। ਉੱਥੇ ਹੀ ਨਾਗਰਿਕਤਾ ਸੋਧ ਬਿੱਲ 'ਤੇ ਆਪਣੀ ਗੱਲ ਨੂੰ ਸ਼ੁਰੂ ਕਰਦੇ ਹੋਏ ਲੋਕ ਸਭਾ 'ਚ ਭਗਵੰਤ ਮਾਨ ਨੇ ਤੰਜ਼ ਕੱਸਦੇ ਹੋਏ ਕਿਹਾ,''ਸਭ ਤੋਂ ਪਹਿਲਾਂ ਮੈਂ ਆਪਣੇ ਭਾਜਪਾ ਦੇ ਦੋਸਤਾਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ ਬੋਲਣਾ ਸ਼ੁਰੂ ਕਰ ਰਿਹਾ ਹਾਂ। ਜਿਸ ਨੇ ਮੇਰਾ ਮੂੰਹ ਸੁੰਘਣਾ ਹੈ, ਉਹ ਹੁਣੇ ਆ ਜਾਵੇ, ਫਿਰ ਵਿਚ ਡਿਸਟਰਬ (ਪਰੇਸ਼ਾਨ) ਹੁੰਦਾ ਹੈ। ਜਦੋਂ ਵੀ ਮੈਂ ਸੱਚ ਬੋਲਦਾ ਹਾਂ ਤਾਂ ਤੁਹਾਨੂੰ ਸ਼ੱਕ ਹੁੰਦਾ ਹੈ।''

ਨਾਗਰਿਕਤਾ ਸੋਧ ਬਿੱਲ ਦਾ ਕੀਤਾ ਵਿਰੋਧ
ਉੱਥੇ ਹੀ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ,''ਇਸ ਬਿੱਲ ਰਾਹੀਂ ਸੰਵਿਧਾਨ ਦਾ ਕਤਲ ਹੋ ਰਿਹਾ ਹੈ। ਆਜ਼ਾਦੀ ਤੋਂ ਬਾਅਦ ਕਿਸੇ ਨੂੰ ਵੀ ਧਰਮ ਦੇ ਨਾਂ 'ਤੇ ਨਾਗਰਿਕਤਾ ਨਹੀਂ ਮਿਲੀ। ਉੱਥੇ ਹੀ ਜੇਕਰ ਗੈਰ-ਕਾਨੂੰਨੀ ਲੋਕਾਂ ਦੀ ਪਛਾਣ ਕਰ ਲਈ ਤਾਂ ਉਨ੍ਹਾਂ ਦਾ ਕੀ ਕਰੋਗੇ? ਕਿੱਥੇ ਲੈ ਕੇ ਜਾਵੋਗੇ ਇਨ੍ਹਾਂ ਨੂੰ? ਕੀ ਉਨ੍ਹਾਂ ਲਈ ਸ਼ਰਨਾਰਥੀ ਕੈਂਪ ਬਣਾਓਗੇ? ਜੇਕਰ ਸ਼ਰਨਾਰਥੀ ਕੈਂਪ ਬਣਾਓਗੇ ਤਾਂ ਮੁਫ਼ਤ ਬਿਜਲੀ-ਪਾਣੀ ਸਭ ਦੇਣਾ ਪਵੇਗਾ। ਇਹ ਬਿੱਲ ਸਾਨੂੰ ਲੈ ਕੇ ਕਿੱਥੇ ਜਾ ਰਿਹਾ ਹੈ?'' ਦੱਸਣਯੋਗ ਹੈ ਕਿ ਨਾਗਰਿਕਤਾ ਸੋਧ ਬਿੱਲ ਲੋਕ ਸਭਾ ਕੋਲ ਪਾਸ ਕੀਤਾ ਜਾ ਚੁਕਿਆ ਹੈ। ਇਸ ਬਿੱਲ ਦੇ ਪੱਖ 'ਚ 311 ਵੋਟ ਪਏ ਤਾਂ ਉੱਥੇ ਹੀ ਇਸ ਬਿੱਲ ਦੇ ਵਿਰੋਧ 'ਚ 80 ਵੋਟ ਪਏ।


DIsha

Content Editor

Related News