ਪਾਰਕਿੰਗ ਰੇਟ ਮਾਮਲਾ : ਮੇਅਰ ਦੀ ''ਕਦੇ ਹਾਂ, ਕਦੇ ਨਾਂਹ''

Saturday, Mar 10, 2018 - 07:38 AM (IST)

ਪਾਰਕਿੰਗ ਰੇਟ ਮਾਮਲਾ : ਮੇਅਰ ਦੀ ''ਕਦੇ ਹਾਂ, ਕਦੇ ਨਾਂਹ''

ਚੰਡੀਗੜ੍ਹ (ਰਾਏ) - ਸ਼ਹਿਰ 'ਚ ਪੇਡ ਪਾਰਕਿੰਗ ਦੇ ਰੇਟ ਵਧਾਏ ਜਾਣ ਦੇ ਮਾਮਲੇ 'ਚ ਮੇਅਰ ਦੇਵੇਸ਼ ਮੌਦਗਿਲ ਦਾ ਇਕ ਸਟੈਂਡ ਨਹੀਂ ਹੈ। ਪਹਿਲਾਂ ਮੇਅਰ ਨੇ ਕਿਹਾ ਕਿ ਕਿਸੇ ਵੀ ਕੀਮਤ 'ਤੇ ਜਨਤਾ 'ਤੇ ਬੋਝ ਨਹੀਂ ਪੈਣ ਦੇਵਾਂਗੇ, ਉਥੇ ਹੀ ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਉਹ ਪਾਰਕਿੰਗ ਦਾ ਠੇਕਾ ਲੈਣ ਵਾਲੀ ਕੰਪਨੀ ਆਰੀਆ ਟੋਲ ਪ੍ਰਾਈਵੇਟ ਲਿਮਟਿਡ ਨਾਲ ਕੀਤੇ ਗਏ ਐੱਮ. ਓ. ਯੂ. ਦੀ ਵਿਸਥਾਰ ਨਾਲ ਜਾਣਕਾਰੀ ਲੈਣਾ ਚਾਹੁੰਦੇ ਹਨ, ਫਿਰ ਕੋਈ ਫੈਸਲਾ ਲੈ ਸਕਣਗੇ।  
ਮੇਅਰ ਦਾ ਕਹਿਣਾ ਹੈ ਕਿ ਪਿਛਲੇ ਸਦਨ ਦੀ ਬੈਠਕ 'ਚ ਇਸ ਸਬੰਧੀ ਏਜੰਡਾ ਤਾਂ ਪਾਸ ਕੀਤਾ ਹੈ ਪਰ ਅਜੇ ਵਧੀਆਂ ਦਰਾਂ ਲਾਗੂ ਕਰਨ ਤੋਂ ਪਹਿਲਾਂ ਉਹ ਠੇਕਾ ਲੈਣ ਵਾਲੀ ਕੰਪਨੀ ਆਰਿਆ ਟੋਲ ਪ੍ਰਾਈਵੇਟ ਲਿਮਟਿਡ ਨਾਲ ਕੀਤੇ ਗਏ ਐੱਮ. ਓ. ਯੂ. ਦੀ ਵਿਸਥਾਰ ਨਾਲ ਜਾਣਕਾਰੀ ਲੈਣਾ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਪਾਰਕਿੰਗ 'ਚ ਸ਼ਰਤਾਂ ਦਾ ਪਾਲਣ ਕਰਨਾ ਤੇ ਦਰਾਂ ਵਧਾਈਆਂ ਜਾਣਾ ਵੱਖ-ਵੱਖ ਹੈ।
ਪਾਰਕਿੰਗ ਸਬੰਧੀ ਪਿਛਲੇ ਦਸੰਬਰ ਮਹੀਨੇ 'ਚ ਨਿਗਮ ਅਧਿਕਾਰੀ ਅਨਿਲ ਗਰਗ ਦੀ ਪ੍ਰਧਾਨਗੀ 'ਚ ਕਮੇਟੀ ਬਣੀ ਸੀ। ਉਸ ਨੇ ਰਿਪੋਰਟ 'ਚ ਕਈ ਬੇਨਿਯਮੀਆਂ ਵਰਤੀਆਂ ਸਨ। ਕਮੇਟੀ ਦੀ ਹੁਣ ਬੁੱਧਵਾਰ ਨੂੰ ਬੈਠਕ ਹੋਵੇਗੀ, ਜਿਸ ਵਿਚ ਬੇਨਿਯਮੀਆਂ ਤੇ ਐੱਮ. ਓ. ਯੂ. 'ਤੇ ਵੀ ਵਿਚਾਰ ਹੋਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਐੱਮ. ਓ. ਯੂ. 'ਚ ਦਰਾਂ ਵਧਾਉਣ ਦੀ ਕੀ ਵਿਵਸਥਾ ਹੈ, ਉਸ 'ਤੇ ਵੀ ਵਿਚਾਰ ਤੋਂ ਬਾਅਦ ਹੀ ਕੋਈ ਫੈਸਲਾ ਹੋਵੇਗਾ।
ਦਰਾਂ 1 ਅਪ੍ਰੈਲ ਤੋਂ ਦੂਜੀ ਵਾਰ ਵਧਾਏ ਜਾਣ ਦੀ ਚਰਚਾ
ਪਿਛਲੇ ਸਾਲ ਜਦੋਂ ਨਿਗਮ ਨੇ ਸ਼ਹਿਰ ਦੀਆਂ ਸਾਰੀਆਂ ਪੇਡ ਪਾਰਕਿੰਗਾਂ ਦਾ ਠੇਕਾ ਮੁੰਬਈ ਦੀ ਫਰਮ ਨੂੰ ਦਿੱਤਾ ਸੀ ਤਾਂ ਉਸ 'ਚ ਸ਼ਰਤ ਸੀ ਕਿ ਉਹ ਪਾਰਕਿੰਗ ਸਥਾਨਾਂ ਨੂੰ ਸਮਾਰਟ ਪਾਰਕਿੰਗ 'ਚ ਤਬਦੀਲ ਕਰਕੇ ਤੇ ਉਨ੍ਹਾਂ 'ਚ ਸਾਰੀਆਂ ਸਹੂਲਤਾਂ ਉਪਲਬਧ ਕਰਵਾਉਣ ਤੋਂ ਬਾਅਦ ਹੀ ਉਸਦੀਆਂ ਦਰਾਂ ਵਧਾਏਗਾ। ਇਸਦੇ ਉਲਟ ਪੁਰਾਣੀਆਂ ਦਰਾਂ 'ਤੇ ਚੱਲ ਰਹੇ ਪਾਰਕਿੰਗ ਸਥਾਨਾਂ ਦੀਆਂ ਦਰਾਂ 1 ਅਪ੍ਰੈਲ ਤੋਂ ਦੂਜੀ ਵਾਰ ਵਧਾਉਣ ਦੀ ਚਰਚਾ ਹੈ। ਮਤੇ ਅਨੁਸਾਰ ਨਗਰ ਨਿਗਮ ਅਧੀਨ ਆਉਣ ਵਾਲੀਆਂ ਸੈਕਟਰ-17 ਦੀਆਂ ਮਲਟੀ ਲੈਵਲ ਪਾਰਕਿੰਗ, ਫਨ ਰਿਪਬਲਿਕ ਐਂਡ ਟੂਰਿਸਟ ਬੱਸ ਪਾਰਕਿੰਗ ਮਨੀਮਾਜਰਾ, ਸੈਕਟਰ-34, ਚੰਡੀਗੜ੍ਹ ਦੇ ਪਿਕਾਡਲੀ ਮਲਟੀਪਲੈਕਸ (ਇਕ-ਦੋ), ਏਲਾਂਤੇ ਮਾਲ ਬਾਹਰ ਦੀ ਪਾਰਕਿੰਗ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਕਿੰਗਾਂ 'ਚ 1 ਅਪ੍ਰੈਲ ਤੋਂ ਪਾਰਕਿੰਗ ਦੀਆਂ ਵਧੀਆਂ ਦਰਾਂ ਲਾਗੂ ਕਰਨ ਦੀ ਹੈ।  
ਕਈ ਜਗ੍ਹਾ ਓਵਰਚਾਰਜਿੰਗ ਦੀਆਂ ਸ਼ਿਕਾਇਤਾਂ
ਮੇਅਰ ਅਨੁਸਾਰ ਇਸ ਮਾਮਲੇ 'ਤੇ ਏਜੰਡਾ ਨਿਗਮ ਦੀ ਪਿਛਲੇ ਦਿਨ ਹੋਈ ਸਦਨ ਬੈਠਕ ਵਿਚ ਲਿਆਂਦਾ ਗਿਆ ਸੀ। ਕਈ ਪਾਰਕਿੰਗਾਂ 'ਚ ਲੋਕਾਂ ਤੋਂ ਨਿਰਧਾਰਿਤ ਦਰਾਂ ਤੋਂ ਜ਼ਿਆਦਾ ਵਸੂਲਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਸ਼ਿਕਾਇਤਾਂ ਦਾ ਸਥਾਈ ਹੱਲ ਲੱਭਣ ਤੋਂ ਬਾਅਦ ਹੀ ਨਵੀਆਂ ਦਰਾਂ ਸਬੰਧੀ ਸਪੱਸ਼ਟ ਰੂਪ ਕੁਝ ਦੱਸਿਆ ਜਾ ਸਕੇਗਾ। ਇਸ ਸਬੰਧੀ ਮੇਅਰ ਦਾ ਕਹਿਣਾ ਹੈ ਕਿ ਸਦਨ ਦੀ ਪਿਛਲੀ ਬੈਠਕ 'ਚ ਏਜੰਡਾ ਤਾਂ ਪਾਸ ਕੀਤਾ ਗਿਆ ਹੈ ਪਰ ਅਜੇ ਵਧੀਆਂ ਦਰਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਉਹ ਠੇਕਾ ਲੈਣ ਵਾਲੀ ਕੰਪਨੀ ਆਰੀਆ ਟੋਲ ਪ੍ਰਾਈਵੇਟ ਲਿਮਟਿਡ ਨਾਲ ਕੀਤੇ ਐੱਮ. ਓ. ਯੂ. ਦੀ ਵਿਸਥਾਰ ਨਾਲ ਜਾਣਕਾਰੀ ਲੈਣਾ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਉਕਤ ਕੰਪਨੀ ਨੇ ਸਾਰੀਆਂ ਪਾਰਕਿੰਗਾਂ 'ਚ ਸ਼ਰਤਾਂ ਦਾ ਪਾਲਣ ਕੀਤਾ ਹੋਵੇਗਾ ਤਾਂ ਹੀ ਇਨ੍ਹਾਂ ਦੀਆਂ ਦਰਾਂ 'ਚ ਵਾਧਾ ਕੀਤਾ ਜਾਵੇਗਾ, ਨਹੀਂ ਤਾਂ ਨਹੀਂ।  
ਟੋਲ ਬੁਲਾਰੇ ਬੋਲੇ, ਸ਼ਰਤਾਂ 'ਤੇ ਕੀਤਾ ਜਾ ਰਿਹੈ ਅਮਲ
ਉਧਰ ਆਰੀਆ ਟੋਲ ਪ੍ਰਾਈਵੇਟ ਲਿਮਟਿਡ ਦੇ ਬੁਲਾਰੇ ਦਾ ਕਹਿਣਾ ਹੈ ਕਿ ਕੰਪਨੀ ਵਲੋਂ ਇਸ ਪ੍ਰਾਜੈਕਟ ਲਈ ਬੁਹਤ ਮਹਿੰਗਾ ਸਾਮਾਨ ਲਾਇਆ ਗਿਆ ਹੈ। ਸਮਝੌਤੇ ਅਨੁਸਾਰ ਉਨ੍ਹਾਂ ਦੀਆਂ ਸ਼ਰਤਾਂ 'ਤੇ ਅਮਲ ਕੀਤਾ ਜਾ ਰਿਹਾ ਹੈ, ਫਿਰ ਵੀ ਅਗਲੇ ਮਹੀਨੇ ਤੋਂ ਦਰਾਂ 'ਚ ਵਾਧਾ ਨਾ ਹੋਇਆ ਤਾਂ ਕੰਪਨੀ ਨੂੰ ਭਾਰੀ ਘਾਟਾ ਹੋ ਸਕਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਕਰਾਰ ਅਨੁਸਾਰ ਉਨ੍ਹਾਂ ਨੂੰ ਸਾਰੀਆਂ ਸਮਾਰਟ ਪਾਰਕਿੰਗਾਂ 'ਚ ਸੀ. ਸੀ. ਟੀ. ਵੀ. ਕੈਮਰੇ ਲਾਉਣ, ਵਾਹਨਾਂ ਨੂੰ ਲਾਈਨ 'ਚ ਤਰੀਕੇ ਨਾਲ ਖੜ੍ਹੇ ਕਰਵਾਉਣ, ਮਹਿਲਾ ਕਰਮਚਾਰੀਆਂ ਦੀ ਨਿਯੁਕਤੀ ਤੇ ਉਨ੍ਹਾਂ ਦੀ ਵਰਦੀ 'ਚ ਡਿਊਟੀ ਕਰਨ ਤੋਂ ਇਲਾਵਾ ਵਾਹਨਾਂ ਦਾ ਐਂਟਰੀ ਤੇ ਨਿਕਾਸੀ ਨੂੰ ਬਿਨਾਂ ਕਿਸੇ ਨੁਕਸਾਨ ਦੇ ਯਕੀਨੀ ਬਣਾਉਣ ਸਮੇਤ ਕਈ ਚੀਜ਼ਾਂ ਸ਼ਾਮਲ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਜਿਨ੍ਹਾਂ ਪਾਰਕਿੰਗਾਂ 'ਚ ਇਨ੍ਹਾਂ ਸ਼ਰਤਾਂ ਨੂੰ ਪੂਰਾ ਕਰ ਲਿਆ ਹੈ, ਉਨ੍ਹਾਂ ਦੀਆਂ ਦਰਾਂ ਵਧਾਈਆਂ ਜਾ ਸਕਦੀਆਂ ਹਨ।


Related News