ਰੇਟ ਵਧਾਉੁਣ ਤੋਂ ਪਹਿਲਾਂ ਮੇਅਰ ਨੇ ਸਮਾਰਟ ਪਾਰਕਿੰਗ ''ਤੇ ਮੰਗੀ ਰਿਪੋਰਟ

Monday, Mar 05, 2018 - 07:54 AM (IST)

ਚੰਡੀਗੜ੍ਹ (ਰਾਜਿੰਦਰ) - ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੇਵੇਸ਼ ਮੌਦਗਿਲ ਨੇ ਰੇਟ ਵਧਾਉਣ ਤੋਂ ਪਹਿਲਾਂ ਸਮਾਰਟ ਪਾਰਕਿੰਗ 'ਤੇ ਡਿਟੇਲ ਰਿਪੋਰਟ ਮੰਗੀ ਹੈ, ਜੋ ਸਬੰਧਤ ਨਿਗਮ ਅਧਿਕਾਰੀ 6 ਮਾਰਚ ਨੂੰ ਜਮ੍ਹਾ ਕਰਵਾਉਣਗੇ। ਨਿਗਮ ਤੇ ਕੰਪਨੀ ਵਿਚਕਾਰ ਐਗਰੀਮੈਂਟ ਤਹਿਤ ਪਾਰਕਿੰਗ ਰੇਟ 1 ਅਪ੍ਰੈਲ ਤੋਂ ਡਬਲ ਹੋਣੇ ਹਨ। 'ਜਗ ਬਾਣੀ' ਨੇ 2 ਮਾਰਚ ਨੂੰ ਇਹ ਮਾਮਲਾ ਚੁੱਕਿਆ ਸੀ ਕਿ ਕੰਪਨੀ ਨੇ ਇਕ ਅਪ੍ਰੈਲ ਤੋਂ ਪਾਰਕਿੰਗ ਰੇਟ ਵਧਾਉਣ ਦੀ ਤਿਆਰੀ ਕਰ ਲਈ ਹੈ, ਜਿਸ ਤਹਿਤ ਦੋਪਹੀਆ ਵਾਹਨਾਂ ਨੂੰ ਪਹਿਲੇ ਚਾਰ ਘੰਟਿਆਂ ਲਈ 5 ਦੀ ਬਜਾਏ 10 ਰੁਪਏ ਤੇ ਚਾਰ ਪਹੀਆ ਵਾਹਨਾਂ ਲਈ 10 ਦੀ ਬਜਾਏ 20 ਰੁਪਏ ਦੇਣੇ ਹੋਣਗੇ। ਚਾਰ ਘੰਟਿਆਂ ਬਾਅਦ ਹਰ ਦੋ ਘੰਟਿਆਂ ਲਈ ਵਾਧੂ ਪਾਰਕਿੰਗ ਫੀਸ ਦੇਣੀ ਹੋਵੇਗੀ।
 ਇਸ ਸਬੰਧੀ ਮੇਅਰ ਦੇਵੇਸ਼ ਮੌਦਗਿਲ ਨੇ ਦੱਸਿਆ ਕਿ ਉਨ੍ਹਾਂ ਨੇ ਪਾਰਕਿੰਗ ਰੇਟ ਵਧਾਉਣ ਤੋਂ ਪਹਿਲਾਂ ਸਮਾਰਟ ਪਾਰਕਿੰਗ ਬਾਰੇ ਨਿਗਮ ਅਧਿਕਾਰੀਆਂ ਤੋਂ ਡਿਟੇਲ ਰਿਪੋਰਟ ਮੰਗੀ ਹੈ। ਉਨ੍ਹਾਂ ਕਿਹਾ ਕਿ ਪਾਰਕਿੰਗ ਸਬੰਧੀ ਉਨ੍ਹਾਂ ਨੂੰ ਕਈ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਕੰਪਨੀ ਇਨ੍ਹਾਂ 'ਚ ਸਮਾਰਟ ਸਹੂਲਤਾਂ ਮੁਹੱਈਆ ਨਹੀਂ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀ 6 ਮਾਰਚ ਨੂੰ ਇਸ ਸਬੰਧੀ ਰਿਪੋਰਟ ਸੌਂਪਣਗੇ ਜੇਕਰ ਰਿਪੋਰਟ 'ਚ ਇਹ ਸਾਹਮਣੇ ਆਇਆ ਕਿ ਪਾਰਕਿੰਗ 'ਚ ਸਾਰੀਆਂ ਸਮਾਰਟ ਸਹੂਲਤਾਂ ਮੁਹੱਈਆ ਨਾ ਕਰਵਾਈਆਂ ਗਈਆਂ ਤਾਂ ਕੰਪਨੀ ਨੂੰ ਇਕ ਅਪ੍ਰੈਲ ਤੋਂ ਰੇਟ ਵਧਾਉਣ ਨਹੀਂ ਦਿੱਤੇ ਜਾਣਗੇ।
ਉਨ੍ਹਾਂ ਦੇ ਨੋਟਿਸ 'ਚ ਇਹ ਵੀ ਆਇਆ ਹੈ ਕਿ ਪਾਰਕਿੰਗ 'ਚ ਹਵਾਈ ਅੱਡੇ ਵਾਂਗ ਡਰਾਪ ਆਦਿ ਕਰਨ ਲਈ ਵੀ ਚਾਰਜਿਸ ਲਏ ਜਾ ਰਹੇ ਹਨ, ਜੋ ਕਿ ਗਲਤ ਹੈ। ਉਹ ਰਿਪੋਰਟ ਵੇਖਣ ਤੋਂ ਬਾਅਦ ਹੀ ਇਸ ਸਬੰਧੀ ਕੋਈ ਕਾਰਵਾਈ ਕਰਨਗੇ। ਜ਼ਿਕਰਯੋਗ ਹੈ ਪਿਛਲੇ ਸਾਲ ਦਸੰਬਰ ਮਹੀਨੇ 'ਚ ਜਦੋਂ ਕੰਪਨੀ ਨੇ ਪਾਰਕਿੰਗ ਰੇਟ ਵਧਾਏ ਸਨ, ਉਸ ਸਮੇਂ ਵੀ ਕਈ ਕੌਂਸਲਰਾਂ ਨੇ ਪਾਰਕਿੰਗ 'ਚ ਸਮਾਰਟ ਸਹੂਲਤਾਂ ਨਾ ਹੋਣ ਕਾਰਨ ਰੇਟ ਵਧਾਉਣ 'ਤੇ ਇਤਰਾਜ਼ ਜਤਾਇਆ ਸੀ। ਉਦੋਂ ਨਿਗਮ ਹਾਊਸ ਦੀ ਬੈਠਕ 'ਚ ਹੀ ਨਿਗਮ ਕਮਿਸ਼ਨਰ ਦੀ ਚੈਕਿੰਗ ਤੋਂ ਬਾਅਦ ਪਾਰਕਿੰਗ ਰੇਟ ਵਧਾਉਣ ਦੇ ਮਤੇ ਨੂੰ ਅਪਰੂਵਲ ਦਿੱਤੀ ਗਈ ਸੀ।
ਨਿਗਮ ਨੇ ਸ਼ਹਿਰ ਦੀਆਂ ਪਾਰਕਿੰਗਾਂ ਨੂੰ ਸਮਾਰਟ ਬਣਾਉਣ ਲਈ ਮੁੰਬਈ ਦੀ ਕੰਪਨੀ ਆਰਿਆ ਟੋਲ ਇਨਫਰਾ ਲਿਮਟਿਡ ਨੂੰ 14.78 ਕਰੋੜ ਰੁਪਏ 'ਚ ਸਾਰੀਆਂ (25) ਪਾਰਕਿੰਗਾਂ ਦਾ ਕੰਮ ਅਲਾਟ ਕੀਤਾ ਸੀ। ਕੰਪਨੀ ਨੇ ਪਿਛਲੇ ਸਾਲ 15 ਜੂਨ ਤੋਂ ਸਾਰੀਆਂ ਪਾਰਕਿੰਗਾਂ 'ਤੇ ਕੰਮ ਸ਼ੁਰੂ ਕਰ ਦਿੱਤਾ ਸੀ। ਕੰਪਨੀ ਨੇ ਸ਼ੁਰੂ 'ਚ ਪਾਰਕਿੰਗ ਲਈ ਪਹਿਲਾਂ ਵਾਲੀ ਫੀਸ ਹੀ ਦੋਪਹੀਆ ਵਾਹਨਾਂ ਲਈ 2 ਰੁਪਏ ਤੇ ਚਾਰ ਪਹੀਆ ਵਾਹਨਾਂ ਲਈ 5 ਰੁਪਏ ਵਸੂਲਣੀ ਸ਼ੁਰੂ ਕੀਤੀ ਸੀ ਪਰ ਇਸ ਰੇਟ ਨੂੰ ਕੰਪਨੀ ਨੇ ਪਿਛਲੇ ਸਾਲ 8 ਦਸੰਬਰ ਨੂੰ ਵਧਾ ਦਿੱਤਾ ਸੀ।
ਕੰਪਨੀ ਨੇ ਦੋਪਹੀਆ ਵਾਹਨਾਂ ਲਈ ਪਹਿਲੇ ਚਾਰ ਘੰਟਿਆਂ ਲਈ ਪੰਜ ਰੁਪਏ ਤੇ ਉਸ ਤੋਂ ਬਾਅਦ ਹਰ ਦੋ ਘੰਟਿਆਂ ਲਈ ਵਾਧੂ 5 ਰੁਪਏ ਤੇ ਚਾਰ ਪਹੀਆ ਵਾਹਨਾਂ ਲਈ ਪਹਿਲੇ ਚਾਰ ਘੰਟਿਆਂ ਲਈ 10 ਰੁਪਏ ਤੇ ਉਸ ਤੋਂ ਬਾਅਦ ਹਰ ਘੰਟਿਆਂ ਲਈ ਵਾਧੂ 10 ਰੁਪਏ ਵਸੂਲਣੇ ਸ਼ੁਰੂ ਕੀਤੇ ਸਨ। ਹੁਣ ਕੰਪਨੀ ਇਨ੍ਹਾਂ ਰੇਟਾਂ ਨੂੰ ਵੀ ਡਬਲ ਕਰਨ ਦੀ ਤਿਆਰੀ 'ਚ ਹੈ।
1 ਅਪ੍ਰੈਲ ਤੋਂ ਨਿਊ ਪਾਰਕਿੰਗ ਰੇਟ
ਦੋ ਪਹੀਆ ਵਾਹਨ

ਪਹਿਲੇ ਚਾਰ ਘੰਟਿਆਂ ਲਈ-10 ਰੁਪਏ
6 ਘੰਟਿਆਂ ਲਈ-20 ਰੁਪਏ
8 ਘੰਟਿਆਂ ਲਈ-30 ਰੁਪਏ
10 ਘੰਟਿਆਂ ਲਈ- 40 ਰੁਪਏ
12 ਘੰਟਿਆਂ ਲਈ ਤੇ ਉਸ ਤੋਂ ਵੱਧ-50 ਰੁਪਏ
ਚਾਰ ਪਹੀਆ ਵਾਹਨ
ਪਹਿਲੇ 4 ਘੰਟਿਆਂ ਲਈ-20 ਰੁਪਏ
6 ਘੰਟਿਆਂ ਲਈ-40 ਰੁਪਏ
8 ਘੰਟਿਆਂ ਲਈ-60 ਰੁਪਏ
10 ਘੰਟਿਆਂ ਲਈ-80 ਰੁਪਏ
12 ਘੰਟਿਆਂ ਤੇ ਉਸ ਤੋਂ ਵੱਧ-100 ਰੁਪਏ


Related News