ਖਜ਼ਾਨਾ ਕੋਈ ਧਨ ਕੁਬੇਰ ਨਹੀਂ ਜੋ ਆਪਣੇ ਆਪ ਭਰ ਜਾਵੇਗਾ : ਬਾਦਲ

05/07/2017 5:33:30 PM

ਧਨੌਲਾ (ਰਵਿੰਦਰ) : ਨਸ਼ਿਆ ਨੂੰ ਖਤਮ ਕਰਨਾ ਅਤੇ ਨਸ਼ਾ ਸਮਗਲਰਾ ਦਾ ਨੈੱਟਵਰਕ ਤੋੜਨਾ ਕੋਈ ਬਿਜਲੀ ਦਾ ਸਵਿੱਚ ਨਹੀਂ ਹੈ ਜਿਹੜਾ ਸੁੱਚ ਬੰਦ ਕਰਨ ਨਾਲ ਬੰਦ ਹੋ ਜਾਵੇਗਾ। ਪੰਜਾਬ ਵਿਚ ਕਾਗਰਸ ਪਾਰਟੀ ਦੀ ਸਰਕਾਰ ਆਉਣ ਨਾਲ ਚੱਲ ਰਹੇ ਵਿਕਾਸ ਕਾਰਜਾਂ ਵਿਚ ਖੜੋਤ ਆ ਗਈ ਹੈ। ਲੁੱਟਾਂ-ਖੋਹਾਂ ਅਤੇ ਕਤਲੋਗਾਰਤ ਵਿਚ ਵਾਧਾ ਹੋ ਗਿਆ ਹੈ। ਇਨ੍ਹਾਂ ਸ਼ਬਦਾਂ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਗੁਰਦੁਆਰਾ ਪਾਤਸ਼ਾਹੀ ਨੌਵੀ ਧਨੌਲਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਟੇਕ ਸਿੰਘ ਧਨੌਲਾ ਦੇ ਨਿਵਾਸ ਸਥਾਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਹਿਲੀ ਵਾਰ ਬਨਡੈਕਟਾ ਨੀਤੀ ਤਹਿਤ ਵਿਰੋਧੀ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਕਤਲ ਅਤੇ ਝੂਠੇ ਮਾਮਲੇ ਦਰਜ ਕੀਤੇ ਜਾ ਰਹੇ ਹਨ। ਕਰਜ਼ਾ ਮੁਆਫੀ ਅਤੇ ਹਰ ਘਰ ਵਿਚ ਇਕ ਨੌਕਰੀ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਸਿਰ ਕਰਜ਼ਾ ਕੋਈ ਸਰਕਾਰ ਦਾ ਕਰਜ਼ਾ ਨਹੀਂ ਆੜ੍ਹਤੀਆ ਅਤੇ ਬੈਂਕਾ ਦਾ ਹੈ ਜਿਸਨੂੰ ਮੁਆਫ ਕਰਨ ਨਾਲ ਬੈਂਕ ਫੇਲ੍ਹ ਹੋ ਸਕਦੇ ਹਨ ''ਤੇ ਆੜ੍ਹਤੀਏ ਦੀਵਾਲੀਏ ਹੋ ਜਾਣਗੇ। ਨੌਕਰੀਆਂ ਮੈਰਿਟ ਦੇ ਆਧਾਰ ''ਤੇ ਦਿੱਤੀਆਂ ਜਾਦੀਆਂ ਹਨ ਨਾ ਕਿ ਸਰਕਾਰ ਹਰ ਕਿਸੇ ਨੂੰ ਨੋਮੀਨੇਟ ਕਰ ਸਕਦੀ ਹੈ।
ਬਾਦਲ ਨੇ ਕਿਹਾ ਕਿ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਐਕਟ ਬਣਨਾ ਚਾਹੀਦਾ ਹੈ ਤਾਂ ਜੋ ਕੀਤੇ ਵਾਅਦਿਆਂ ਤੋਂ ਸਿਆਸੀ ਪਾਰਟੀਆਂ ਮੁੱਕਰ ਨਾ ਸਕਣ। ਖਜ਼ਾਨਾ ਖਾਲੀ ਹੋਣ ਦੀ ਰੱਟ ਲਾਉਣ ਵਾਲੇ ਕਾਂਗਰਸੀ ਆਗੂਆ ਨੂੰ ਉਨ੍ਹਾਂ ਕਿਹਾ ਕਿ ਖਜ਼ਾਨਾ ਕੋਈ ਧਨ ਕੁਬੇਰ ਨਹੀਂ ਜੋ ਆਪਣੇ-ਆਪ ਭਰੀ ਜਾਵੇ, ਇਸਨੂੰ ਭਰਣ ਲਈ ਸਰਕਾਰਾ ਨੂੰ ਬਜਟ ਬਣਾ ਕੇ ਆਮਦਨ ਦੇ ਸਾਧਨ ਪੈਦਾ ਕਰਨਾ ਪੈਂਦੇ ਹਨ। ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸਤਾ ਸੰਭਾਂਲਣ ਵਾਲੀ ਸਰਕਾਰ ਦੇ ਆਉਣ ਨਾਲ ਸੂਬੇ ਵਿਚ ਸਭ ਕੁੱਝ ਉਲਟ ਹੋ ਗਿਆ ਹੈ। ਬਾਦਲ ਨੇ ਕਿਹਾ ਕਿ ਪੰਜਾਬ ਵਿਚ ਬਿਜਲੀ ਦੇ ਕੱਟ ਲੱਗ ਰਹੇ ਹਨ, ਜਿਸ ਨਾਲ ਵਪਾਰਕ ਅਦਾਰਿਆਂ ਅਤੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


Gurminder Singh

Content Editor

Related News