ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਮੋਦੀ ਦੇ ਮੁੜ ਪ੍ਰਧਾਨ ਮੰਤਰੀ ਬਣਨ ਦਾ ਦਾਅਵਾ
Sunday, May 05, 2019 - 03:33 PM (IST)

ਪਟਿਆਲਾ (ਇੰਦਰਜੀਤ, ਜੋਸਨ, ਬਲਜਿੰਦਰ, ਰਾਣਾ) - ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਲੰਬੇ ਸਮੇਂ ਬਾਅਦ ਆਪਣੇ ਪੁਰਾਣੇ ਸਾਥੀ 'ਪੰਥ ਰਤਨ' ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਘਰ ਪੁੱਜੇ। ਉਥੇ ਉਨ੍ਹਾਂ ਆਖਿਆ ਕਿ ਰਾਹੁਲ ਗਾਂਧੀ ਦੇਸ਼ ਨੂੰ ਚਲਾਉਣ ਦੇ ਬਿਲਕੁੱਲ ਕਾਬਲ ਨਹੀਂ। ਦੇਸ਼ 'ਚ ਮੁੜ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨਗੇ। ਇਸ ਮੌਕੇ 'ਪੰਥ ਰਤਨ' ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦਾਮਾਦ ਹਰਮੇਲ ਸਿੰਘ ਟੌਹੜਾ, ਬੇਟੀ ਕੁਲਦੀਪ ਕੌਰ ਟੌਹੜਾ ਅਤੇ ਸਾਬਕਾ ਚੇਅਰਮੈਨ ਹਰਿੰਦਰ ਪਾਲ ਸਿੰਘ ਟੌਹੜਾ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਬੇਅਦਬੀ ਮਾਮਲੇ ਦੇ ਸਬੰਧ 'ਚ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮਨ 'ਚ ਬਦਲਾਖੋਰੀ ਰਖਦਾ ਹੈ। ਕਾਂਗਰਸ ਨੇ ਖੁਦ 1984 'ਚ ਸ੍ਰੀ ਹਰਿਮੰਦਰ ਸਾਹਿਬ 'ਤੇ ਅਟੈਕ ਕਰਵਾ ਕੇ ਸਭ ਤੋਂ ਵੱਡੀ ਬੇਅਦਬੀ ਕਰਵਾਈ ਸੀ। ਕੈਪਟਨ ਦੀ ਜ਼ਹਿਨੀਅਤ ਸਪੱਸ਼ਟ ਹੋ ਚੁੱਕੀ, ਜੋ ਬੇਅਦਬੀ ਮੁੱਦੇ ਦਾ ਲਾਹਾ ਖੱਟਣ 'ਚ ਲੱਗਾ ਹੋਇਆ ਹੈ। ਬਾਦਲ ਨੇ ਕਿਹਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਸਿਆਣਾ ਹੁੰਦਾ ਤਾਂ ਉਹ ਇਹੋ ਜਿਹੀਆਂ ਗੱਲਾਂ ਨਾ ਕਰਦਾ। ਕਾਨੂੰਨ ਸਭ ਤੋਂ ਉੱਪਰ ਹੁੰਦਾ ਹੈ। ਉਨ੍ਹਾਂ ਕਿਹਾ ਇਸ ਵਾਰ ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਦਾ ਸਫਾਇਆ ਹੋ ਚੁੱਕਾ ਹੈ ਅਤੇ ਮੁਕਾਬਲਾ ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਵਿਚਕਾਰ ਹੀ ਹੋਵੇਗਾ। ਇਸ ਮੌਕੇ ਉਨ੍ਹਾਂ ਨੇ ਫਿਰੋਜ਼ਪੁਰ ਤੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਚੋਣ ਲੜਨ ਦੇ ਫੈਸਲਾ ਨੂੰ ਸਹੀ ਕਰਾਰ ਦਿੱਤਾ।ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੋ ਕਹਿੰਦਾ ਹੈ, ਉਸ ਤੋਂ ਉਲਟ ਸਾਬਤ ਹੁੰਦਾ, ਜੋ ਸਾਰਿਆਂ ਨੂੰ ਮੰਨ ਲੈਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਦੁਨੀਆਂ ਦੇ ਇਤਿਹਾਸ 'ਚ ਕਿਸੇ ਵੀ ਇਕ ਸਰਕਾਰ ਨੇ ਕਦੇ ਵੀ ਕਿਸੇ ਕੌਮ 'ਤੇ ਕਤਲੇਆਮ ਨਹੀਂ ਕੀਤਾ, ਜੋ ਕਾਂਗਰਸ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਬਣਾਈ ਸਿੱਟ ਨਾਲ ਹੀ ਸਿੱਖ ਕਤੇਲਆਮ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ ਮਿਲਿਆ ਅਤੇ ਸੱਜਣ ਕੁਮਾਰ ਵਰਗੇ ਜੇਲ 'ਚ ਡੱਟ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸੱਜਣ ਕੁਮਾਰ ਦੇ ਭਰਾ ਨੂੰ ਇਕ ਵਾਰ ਫਿਰ ਟਿਕਟ ਦੇ ਕੇ ਸਿੱਖ ਕੌਮ ਦੇ ਜ਼ਖਮਾਂ ਦੇ ਲੂਣ ਛਿੜਕਣ ਦਾ ਕੰਮ ਕੀਤਾ ਹੈ।ਇਸ ਮੌਕੇ ਸਾਬਕਾ ਵਿਧਾਇਕ ਹਰਮੇਲ ਸਿੰਘ ਟੌਹੜਾ ਦੇ ਸਮੁੱਚੇ ਪਰਿਵਾਰ ਵੱਲੋਂ ਸਮੁੱਚੇ ਲੀਡਰਸ਼ਿਪ ਦੀ ਹਾਜ਼ਰੀ 'ਚ ਬਾਦਲ ਨੂੰ ਸਿਰੋਪਾਓ ਪਾ ਕੇ ਸਨਮਾਨਤ ਵੀ ਕੀਤਾ ਗਿਆ। ਇਸ ਦੌਰਾਨ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ, ਸਾਬਕਾ ਚੇਅਰਮੈਨ ਇੰਦਰ ਮੋਹਨ ਸਿੰਘ ਬਜਾਜ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ, ਸ਼੍ਰੋਮਣੀ ਕਮੇਟੀ ਮੈਂਬਰ ਕੁਲਦੀਪ ਕੌਰ ਟੌਹੜਾ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਵਰਕਰ ਹਾਜ਼ਰ ਸਨ।