ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਵਿਧਾਨ ਸਭਾ ਹਲਕੇ ਤੋਂ ਨਾਮਜ਼ਦਗੀ ਪੇਪਰ ਭਰੇ

Monday, Jan 31, 2022 - 03:36 PM (IST)

ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਵਿਧਾਨ ਸਭਾ ਹਲਕੇ ਤੋਂ ਨਾਮਜ਼ਦਗੀ ਪੇਪਰ ਭਰੇ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ, ਜੁਨੇਜਾ) : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਲੰਬੀ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਵਜੋਂ ਆਪਣੇ ਕਾਗਜ਼ ਮਲੋਟ ਸਥਿਤ ਮਿਮਿਟ ਵਿਖੇ ਏ. ਡੀ. ਸੀ. ਕਮ ਰਿਟਰਨਿੰਗ ਅਫਸਰ  ਰਾਜਦੀਪ ਕੌਰ ਕੋਲ ਭਰੇ। ਦੱਸ ਦਈਏ ਕਿ ਅੱਜ ਪ੍ਰਕਾਸ਼ ਸਿੰਘ ਬਾਦਲ ਦੇ ਨਾਮਜ਼ਦਗੀ ਪੱਤਰ ਭਰਨ ਦੇ ਉਪਰੰਤ ਰਾਜਨੀਤੀ ’ਚ ਬਹੁਤ ਸਾਰੇ ਰਿਕਾਰਡ ਦਰਜ ਹੋਏ ਹਨ। ਪ੍ਰਕਾਸ਼ ਸਿੰਘ ਬਾਦਲ 94 ਸਾਲ ਦੀ ਉਮਰ ਦੇ ਵਿਚ ਕਾਗਜ਼ ਭਰਨ ਵਾਲੇ ਭਾਰਤ ਦੇ ਪਹਿਲੇ ਸਭ ਤੋਂ ਬਜ਼ੁਰਗ ਸਿਆਸਤਦਾਨ ਹਨ ਜੋ ਕਿ ਚੋਣ ਲੜ ਰਹੇ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਕੇਰਲਾ ਦੇ ਸਾਬਕਾ ਮੁੱਖ ਮੰਤਰੀ ਵੀ ਐੱਸ. ਅਛੂਤਾਨੰਦਨ ਦੇ ਨਾਂ ਸੀ। ਜਿਨ੍ਹਾਂ ਨੇ 92 ਸਾਲ ਦੀ ਉਮਰ ਦੇ ਵਿੱਚ 2016 ’ਚ ਚੋਣ ਲੜੀ ਸੀ। ਇਸ ਤੋਂ ਇਲਾਵਾ ਪ੍ਰਕਾਸ਼ ਸਿੰਘ ਬਾਦਲ 1970 ਦੇ ਵਿੱਚ ਪੰਜਾਬ ਦੇ ਸਭ ਤੋਂ ਨੌਜਵਾਨ ਮੁੱਖ ਮੰਤਰੀ ਰਹੇ ਅਤੇ 2012 ’ਚ ਸਭ ਤੋਂ ਬਜ਼ੁਰਗ ਮੁੱਖ ਮੰਤਰੀ ਦਾ ਰਿਕਾਰਡ ਵੀ ਉਨ੍ਹਾਂ ਦੇ ਨਾਂ ਹੈ। ਪ੍ਰਕਾਸ਼ ਸਿੰਘ ਬਾਦਲ ਲਗਾਤਾਰ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ। ਹੁਣ ਤਕ ਪ੍ਰਕਾਸ਼ ਸਿੰਘ ਬਾਦਲ 1967 ਦੇ ਵਿਚ ਇਕ ਚੋਣ ਹਾਰੇ ਹਨ, ਉਹ ਚੋਣ ਗਿੱਦੜਬਾਹਾ ਤੋਂ ਹਰਚਰਨ ਸਿੰਘ ਬਰਾੜ ਤੋਂ ਹਾਰੇ ਸਨ।

ਇਹ ਵੀ ਪੜ੍ਹੋ : ਸਮਾਣਾ ਤੋਂ ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਭਿੰਡਰ ਦੀ ਮੌਤ, ਅੱਜ ਭਰਨੀ ਸੀ ਨਾਮਜ਼ਦਗੀ

PunjabKesari

ਇਹ ਚੋਣ ਮਹਿਜ਼ 57 ਵੋਟਾਂ ਤੋਂ ਹਾਰੇ ਸਨ। ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਰਾਜਨੀਤਕ ਸਫ਼ਰ 1947 ਦੇ ਵਿੱਚ ਪਿੰਡ ਦਾ ਸਰਪੰਚ ਬਣਨ ਤੋਂ ਬਾਅਦ ਸ਼ੁਰੂ ਕੀਤਾ। ਉਹ 1997 ਤੋਂ ਲੈ ਕੇ ਲਗਾਤਾਰ ਹੁਣ ਤਕ ਲੰਬੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਦੀ ਚੋਣ ਲੜ ਰਹੇ ਹਨ । ਇਸ ਤੋਂ ਪਹਿਲਾਂ ਉਹ ਗਿੱਦੜਬਾਹਾ ਤੋਂ ਵਿਧਾਇਕ ਦੀ ਚੋਣ ਲੜਦੇ ਰਹੇ ਹਨ । 1957 ਵਿੱਚ ਉਨ੍ਹਾਂ ਨੇ ਮਲੋਟ ਤੋਂ ਵੀ ਵਿਧਾਇਕ ਦੀ ਚੋਣ ਲੜੀ ਅਤੇ ਇਹ ਚੋਣ ਉਨ੍ਹਾਂ ਨੇ ਕਾਂਗਰਸ ਵੱਲੋਂ ਲੜੀ ਸੀ। ਪ੍ਰਕਾਸ਼ ਸਿੰਘ ਬਾਦਲ ਨੇ ਹੁਣ ਤਕ ਦੋ ਅਸੈਂਬਲੀ ਚੋਣਾਂ ਨਹੀਂ ਲੜੇ ਉਹ 1962 ਅਤੇ 1992 ਦੇ ਹਨ, ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਵੋਟਾਂ ਦਾ ਬਾਈਕਾਟ ਕੀਤਾ ਸੀ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ 2015 ਦੇ ਵਿੱਚ ਪਦਮ ਵਿਭੂਸ਼ਣ ਨਾਲ ਵੀ ਸਨਮਾਨਿਆ ਗਿਆ ਜੋ ਉਨ੍ਹਾਂ ਨੇ 2020 ਵਿਚ ਕਿਸਾਨ ਖੇਤੀਬਾੜੀ ਬਿਲ  ਲਾਗੂ ਹੋਣ ਤੇ ਵਾਪਸ ਕਰ ਦਿੱਤਾ। ਇਸ ਵਾਰ ਲੰਬੀ ਵਿਧਾਨ ਸਭਾ ਹਲਕੇ ਵਿੱਚ ਕਾਂਗਰਸ ਵੱਲੋਂ ਜਗਪਾਲ ਸਿੰਘ ਅਬੁਲਖੁਰਾਨਾ ਅਤੇ ਆਮ ਆਦਮੀ ਪਾਰਟੀ ਵੱਲੋਂ ਗੁਰਮੀਤ ਸਿੰਘ ਖੁੱਡੀਆਂ ਉਮੀਦਵਾਰ ਹਨ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਲੰਬੀ ਵਿਧਾਨ ਸਭਾ ਦੇ ਹਲਕੇ ਦੇ ਲੋਕ ਹਮੇਸ਼ਾ ਉਨ੍ਹਾਂ ਨੂੰ ਸਤਿਕਾਰ ਪਿਆਰ ਦਿੰਦੇ ਰਹੇ ਹਨ ਅਤੇ ਇਸ ਵਾਰ ਵੀ ਉਹ ਲੰਬੀ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤਣਗੇ।

ਇਹ ਵੀ ਪੜ੍ਹੋ : ਭਾਜਪਾ ਗਠਜੋੜ ਦੇ ਉਮੀਦਵਾਰ ਮਨਜੀਤ ਮੰਨਾ ਨੇ ਬਾਬਾ ਬਕਾਲਾ ਤੋਂ ਭਰੇ ਨਾਮਜ਼ਦਗੀ ਪੱਤਰ 

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 


author

Anuradha

Content Editor

Related News