ਮੁੱਖ ਮੰਤਰੀ ਬਾਦਲ ਵੱਲ ਨੌਜਵਾਨ ਨੇ ਸੁੱਟੀ ਕੰਮ ਵਾਲੀ ਦਰਖਾਸਤ, ਗ੍ਰਿਫਤਾਰ

09/27/2016 1:24:57 PM

ਲੰਬੀ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੰਗਲਵਾਰ ਨੂੰ ਜਦੋਂ ਆਪਣੇ ਘਰ ''ਚੋਂ ਤਿਆਰ ਹੋ ਕੇ ਸੰਗਤ ਦਰਸ਼ਨ ਲਈ ਅਜੇ ਬਾਹਰ ਜਾਣ ਹੀ ਲੱਗੇ ਸਨ ਤਾਂ ਇਕ ਨੌਜਵਾਨ ਨੇ ਆਪਣੀ ਦਰਖਾਸਤ ਬਾਰੇ ਉਨ੍ਹਾਂ ਨਾਲ ਗੱਲ ਕਰਨੀ ਚਾਹੀ ਪਰ ਜਦੋਂ ਉਸ ਦੀ ਗੱਲ ਨਹੀਂ ਸੁਣੀ ਗਈ ਤਾਂ ਉਸ ਨੇ ਕੰਮ ਵਾਲੀ ਦਰਖਾਸਤ ਮੁੱਖ ਮੰਤਰੀ ਵੱਲ ਸੁੱਟ ਦਿੱਤੀ। ਜਾਣਕਾਰੀ ਮੁਤਾਬਕ ਬੇਰੋਜ਼ਗਾਰੀ ਤੋਂ ਪਰੇਸ਼ਾਨ ਮੰਡੀ ਕਿੱਲਿਆਂਵਾਲੀ ਦੇ ਕਾਮਰਸ ਗ੍ਰੇਜੂਏਟ 35 ਸਾਲਾ ਦਿਨੇਸ਼ ਕੁਮਾਰ ਪੁੱਤਰ ਸਾਧੂ ਰਾਮ ਨੇ ਇਹ ਕਦਮ ਉਸ ਸਮੇਂ ਚੁੱਕਿਆ, ਜਦੋਂ ਸੁਰੱਖਿਆ ਕਰਮਚਾਰੀ ਉਸ ਨੂੰ ਮੁੱਖ ਮੰਤਰੀ ਬਾਦਲ ਨਾਲ ਮਿਲਣ ਨਹੀਂ ਦੇ ਰਹੇ ਸਨ। ਉਸ ਨੇ ਸੁਰੱਖਿਆ ਕਰਮਚਾਰੀਆਂ ਨੂੰ ਕਿਹਾ ਕਿ ਉਹ ਨੌਕਰੀ ਦੇ ਸੰਬੰਧ ''ਚ ਮੁੱਖ ਮੰਤਰੀ ਬਾਦਲ ਨਾਲ ਮਿਲਣਾ ਚਾਹੁੰਦਾ ਹੈ ਪਰ ਸੁਰੱਖਿਆ ਕਰਮਚਾਰੀਆਂ ਨੇ ਉਸ ਦੀ ਗੁਹਾਰ ਨਹੀਂ ਸੁਣੀ। ਕੁਝ ਹੀ ਸਮੇਂ ਬਾਅਦ ਜਿਵੇਂ ਹੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਗੱਡੀ ਰਿਹਾਇਸ਼ ਤੋਂ ਬਾਹਰ ਨਿਕਲੀ ਤਾਂ ਉਹ ਫਿਰ ਤੋਂ ਦਿਨੇਸ਼ ਉਨ੍ਹਾਂ ਨੂੰ ਮਿਲਣ ਲਈ ਅੱਗੇ ਆਇਆ ਪਰ ਉਸ ਨੂੰ ਸੁਰੱਖਿਆ ਕਰਮਚਾਰੀਆਂ ਨੇ ਰੋਕ ਦਿੱਤਾ ਅਤੇ ਅੱਗੇ ਨਹੀਂ ਜਾਣ ਦਿੱਤਾ। ਇਸ ''ਤੇ ਦਿਨੇਸ਼ ਕੁਮਾਰ ਤੈਸ਼ ''ਚ ਆ ਗਿਆ ਅਤੇ ਉਸ ਨੇ ਆਪਣੇ ਹੱਥ ''ਚ ਫੜ੍ਹੀ ਹੋਈ ਫਾਈਲ ਮੁੱਖ ਮੰਤਰੀ ਵੱਲ ਸੁੱਟ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਹਿਰਾਸਤ ''ਚ ਲੈ ਕੇ ਥਾਣੇ ਲਿਜਾਇਆ ਗਿਆ ਪਰ ਪੁਲਸ ਨੇ ਕੁਝ ਸਮਾਂ ਬਿਠਾਉਣ ਤੋਂ ਬਾਅਦ ਉਸ ਨੂੰ ਛੱਡ ਦਿੱਤਾ। ਇਸ ਦੌਰਾਨ ਮੁੱਖ ਮੰਤਰੀ ਨੂੰ ਮਿਲਣ ਆਏ ਲੋਕ ਘਬਰਾ ਗਏ ਅਤੇ ਇਸ ਨੂੰ ਮੰਦਭਾਗਾ ਦੱਸਿਆ।

Babita Marhas

News Editor

Related News