ਨਾਭਾ ਪੁੱਜੇ ''ਪ੍ਰਕਾਸ਼ ਸਿੰਘ ਬਾਦਲ'' ਨੇ ਕਾਂਗਰਸ ''ਤੇ ਲਾਏ ਰਗੜੇ, ਕੈਪਟਨ ਨੂੰ ਦਿੱਤੀ ਇਹ ਸਲਾਹ
Sunday, Oct 31, 2021 - 03:38 PM (IST)
ਨਾਭਾ (ਰਾਹੁਲ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਐਤਵਾਰ ਨੂੰ ਨਾਭਾ ਵਿਖੇ ਪ੍ਰੀਤ ਕੰਬਾਈਨ ਇੰਡਸਟਰੀ ਦੇ ਐੱਮ. ਡੀ. ਹਰੀ ਸਿੰਘ ਦੇ ਘਰ ਪਹੁੰਚੇ। ਇਸ ਮੌਕੇ ਉਨ੍ਹਾਂ ਵੱਲੋਂ ਕਾਂਗਰਸ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਗਿਆ। ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜਦੋਂ ਤੱਕ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਇਕੱਠੇ ਨਹੀਂ ਚੱਲਦੇ, ਉਦੋਂ ਤੱਕ ਕਾਂਗਰਸ ਨੂੰ ਕਾਮਯਾਬੀ ਨਹੀਂ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਬਹੁਤ ਵੱਡੀ ਜ਼ਿੰਮੇਵਾਰੀ ਸੀ ਪਰ ਉਹ ਜ਼ਿੰਮੇਵਾਰੀ ਨਿਭਾਅ ਨਹੀਂ ਸਕੀ।
ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਮੈਂ ਕਦੇ ਵਿਰੋਧੀ ਪਾਰਟੀਆਂ ਦੀ ਨਿੰਦਿਆ ਨਹੀਂ ਕੀਤੀ, ਸਗੋਂ ਮੁੱਦਿਆਂ 'ਤੇ ਲੜਾਈ ਲੜੀ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਤੰਜ ਕੱਸਦਿਆਂ ਕਿਹਾ ਕਿ ਜੇਕਰ ਉਹ ਮੁੱਖ ਮੰਤਰੀ ਦੇ ਅਹੁਦੇ ਤੋਂ ਉਤਰ ਗਏ ਸਨ ਤਾਂ ਉਨ੍ਹਾਂ ਵੱਲੋਂ ਬਗ਼ਾਵਤ ਨਹੀਂ ਕੀਤੀ ਜਾਣੀ ਚਾਹੀਦੀ ਸੀ ਕਿਉਂਕਿ ਮੈਨੂੰ ਵੀ ਕਈ ਵਾਰ ਅਹੁਦਾ ਨਹੀਂ ਮਿਲਿਆ ਸੀ ਅਤੇ ਮੈਂ ਵੀ ਪਾਰਟੀ ਵਿਚ ਪੂਰਾ ਕੰਮ ਕੀਤਾ ਪਰ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਹੀ ਛੱਡ ਦਿੱਤੀ, ਇਹ ਨਿੰਦਣਯੋਗ ਹੈ।
ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਸਰਕਾਰ 'ਤੇ ਤੰਜ ਕੱਸਦਿਆਂ ਕਿਹਾ ਕਿ ਪੰਜਾਬ ਦਾ ਜੋ ਨੁਕਸਾਨ ਕਾਂਗਰਸ ਪਾਰਟੀ ਨੇ ਕੀਤਾ ਹੈ, ਉਹ ਅੰਗਰੇਜ਼ਾਂ ਅਤੇ ਮੁਗਲਾਂ ਨੇ ਨਹੀਂ ਕੀਤਾ। ਪ੍ਰਕਾਸ਼ ਸਿੰਘ ਬਾਦਲ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ 'ਤੇ ਮੋਦੀ ਸਰਕਾਰ 'ਤੇ ਤੰਜ ਕੱਸਦਿਆਂ ਕਿਹਾ ਕਿ ਦਿਨੋਂ-ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੱਧਣ ਦੇ ਨਾਲ-ਨਾਲ ਸਬਜ਼ੀਆਂ ਅਤੇ ਹੋਰ ਖਾਣ ਵਾਲੀਆਂ ਚੀਜ਼ਾਂ ਵੀ ਮਹਿੰਗੀਆਂ ਹੋ ਰਹੀਆਂ ਹਨ।
ਇਹ ਵੀ ਪੜ੍ਹੋ : ਲੁਧਿਆਣਾ 'ਚ ਧਾਗਾ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਕਰੋੜਾਂ ਦਾ ਸਮਾਨ ਸੜ ਕੇ ਸੁਆਹ
ਬਾਦਲ ਨੇ ਕਿਹਾ ਕਿ ਕਿਸਾਨੀ 'ਤੇ ਵੀ ਇਸ ਦਾ ਬਹੁਤ ਵੱਡਾ ਅਸਰ ਪੈ ਰਿਹਾ ਹੈ ਕਿਉਂਕਿ ਡੀਜ਼ਲ ਦਿਨੋਂ-ਦਿਨ ਮਹਿੰਗਾ ਹੁੰਦਾ ਜਾ ਰਿਹਾ ਹੈ। ਬਾਦਲ ਨੇ ਕਿਹਾ ਕਿ ਦਿਨੋਂ-ਦਿਨ ਕਿਸਾਨ ਕਰਜ਼ਾਈ ਹੁੰਦਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਬਣਦਾ ਉਨ੍ਹਾਂ ਦੀ ਫ਼ਸਲ ਦਾ ਭਾਅ ਨਹੀਂ ਮਿਲਦਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ