ਬਾਦਲਾਂ ਦੀ ਤੀਜੀ ਪੀੜ੍ਹੀ ਸਿਆਸਤ ''ਚ, ਹੁਣ ਸੁਖਬੀਰ ਦਾ ਪੁੱਤ ਵੀ ਮੈਦਾਨ ''ਚ

Wednesday, May 08, 2019 - 06:48 PM (IST)

ਬਾਦਲਾਂ ਦੀ ਤੀਜੀ ਪੀੜ੍ਹੀ ਸਿਆਸਤ ''ਚ, ਹੁਣ ਸੁਖਬੀਰ ਦਾ ਪੁੱਤ ਵੀ ਮੈਦਾਨ ''ਚ

ਗਿੱਦੜਬਾਹਾ (ਕੁਲਭੂਸ਼ਨ) : ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਦੀ ਤੀਜੀ ਪੀੜ੍ਹੀ ਵੀ ਹੁਣ ਸਿਆਸਤ 'ਚ ਕੁੱਦ ਚੁੱਕੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬੇਟੇ ਅਨੰਤਵੀਰ ਲੋਕ ਸਭਾ ਚੋਣਾਂ 'ਚ ਸਰਗਰਮ ਹੋ ਗਏ ਹਨ। ਲੋਕ ਸਭਾ ਹਲਕਾ ਫਰੀਦਕੋਟ ਤੋਂ ਅਕਾਲੀ-ਭਾਜਪਾ ਦੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਦੀ ਚੋਣ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਅਨੰਤਵੀਰ ਸਿੰਘ ਬਾਦਲ ਵੱਲੋਂ ਬਾਦਲ ਪਰਿਵਾਰ ਦੇ ਬੇਹੱਦ ਕਰੀਬੀ ਅਮਿਤ ਕੁਮਾਰ ਸਿੰਪੀ ਬਾਂਸਲ ਦੇ ਘਰ ਵਿਖੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਅਰਦਾਸ ਕੀਤੀ ਗਈ ਅਤੇ ਬਾਅਦ ਵਿਚ ਅਨੰਤਵੀਰ ਸਿੰਘ ਬਾਦਲ ਵੱਲੋਂ ਰੀਬਨ ਕੱਟ ਕੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ।

PunjabKesari

ਇਸ ਮੌਕੇ ਵਰਕਰਾਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਪਹਿਲੀ ਵਾਰ ਨਿੱਜੀ ਤੌਰ 'ਤੇ ਸਿਆਸਤ ਵਿਚ ਨਜ਼ਰ ਆਏ ਅਨੰਤਵੀਰ ਸਿੰਘ ਬਾਦਲ ਨੇ ਭਾਂਵੇਂ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ ਪਰ ਉਨ੍ਹਾਂ ਦੀ ਜਗ੍ਹਾ ਮੀਡੀਆਂ ਨਾਲ ਗੱਲਬਾਤ ਕਰਦਿਆਂ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪੁੱਤਰ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਗਿੱਦੜਬਾਹਾ ਤੋਂ ਹੀ ਆਪਣੇ ਰਾਜਨੀਤਕ ਸਫ਼ਰ ਦੀ ਸ਼ੁਰੂਆਤ ਕੀਤੀ ਸੀ ਅਤੇ ਅੱਜ ਉਨ੍ਹਾਂ ਸੁਖਬੀਰ ਸਿੰਘ ਬਾਦਲ ਦੇ ਸਪੁੱਤਰ ਅਨੰਤਵੀਰ ਸਿੰਘ ਬਾਦਲ ਸਾਡੇ ਦਰਮਿਆਨ ਪੁੱਜੇ ਹਨ। ਉਨ੍ਹਾਂ ਦਫ਼ਤਰ ਦਾ ਉਦਘਾਟਨ ਕੀਤਾ ਹੈ। 

PunjabKesari
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿੰਪੀ ਢਿੱਲੋਂ ਨੇ ਹੱਸਦੇ ਹੋਏ ਕਿਹਾ ਕਿ ਤੁਸੀ ਮੰਨ ਸਕਦੇ ਹੋ ਕਿ ਅਨੰਤਵੀਰ ਬਾਦਲ ਵੱਲੋਂ ਇੱਥੋਂ ਹੀ ਸਿਆਸਤ ਸ਼ੁਰੂ ਕਰ ਦਿੱਤੀ ਗਈ ਹੈ ਪਰ ਇਹੋ ਜਿਹੀ ਕੋਈ ਗੱਲ ਨਹੀਂ ਹੈ, ਹਾਂ ਆਨੰਤਵੀਰ ਬਾਦਲ ਦੇ ਦਾਦਾ ਪ੍ਰਕਾਸ਼ ਸਿੰਘ ਬਾਦਲ ਅਤੇ ਪਿਤਾ ਸੁਖਬੀਰ ਸਿੰਘ ਬਾਦਲ ਨੇ ਗਿੱਦੜਬਾਹਾ ਤੋਂ ਹੀ ਆਪਣੇ ਰਾਜਨੀਤਿਕ ਜੀਵਨ ਦੀ ਸ਼ੁਰੂਆਤ ਕੀਤੀ ਸੀ। ਇਸ ਮੌਕੇ ਬੋਲਦਿਆਂ ਅਕਾਲੀ ਦਲ ਦੇ ਜ਼ਿਲਾ ਸ਼ਹਿਰੀ ਪ੍ਰਧਾਨ ਅਮਿਤ ਕੁਮਾਰ ਸਿੰਪੀ ਬਾਂਸਲ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਅਨੰਤਵੀਰ ਸਿੰਘ ਬਾਦਲ ਵੱਲੋਂ ਸਾਡੇ ਘਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਦੇ ਦਫ਼ਤਰ ਦਾ ਉਦਘਾਟਨ ਕਰਨਾ ਮੇਰੀ ਲਈ ਮਾਣ ਵਾਲੀ ਗੱਲ ਹੈ।


author

Gurminder Singh

Content Editor

Related News