ਬਾਦਲ ਦੀ ਸੁਰੱਖਿਆ ''ਚ ਵਰਤੀ ਅਣਗਹਿਲੀ ਨੂੰ ਲੈ ਕੇ ਵਿਭਾਗੀ ਜਾਂਚ ਸ਼ੁਰੂ
Sunday, Nov 11, 2018 - 09:08 AM (IST)
ਬਠਿੰਡਾ (ਵਰਮਾ)— ਸਾਬਕਾ ਮੁੱਖ ਮੰਤਰੀ ਦੇ ਕਮਰੇ 'ਚ ਅਣਪਛਾਤੇ ਵਿਅਕਤੀ ਵਲੋਂ ਪਿਸਤੌਲ ਲੈ ਕੇ ਜਾਣ ਦਾ ਮਾਮਲਾ ਸਰਕਾਰ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਅਜਿਹੀ ਹਾਲਤ ਵਿਚ ਪੁਲਸ ਪ੍ਰਸ਼ਾਸਨ ਦੀ ਅਣਗਹਿਲੀ ਸਾਹਮਣੇ ਆ ਰਹੀ ਹੈ, ਜਿਸ ਨੂੰ ਛੁਪਾਉਣ ਲਈ ਪੁਲਸ ਨੇ ਇਸ ਮਾਮਲੇ ਦੀ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਨੰਦਗੜ੍ਹ ਪੁਲਸ ਮੁਖੀ ਨੂੰ ਲਾਈਨ ਹਾਜ਼ਰ ਕਰ ਕੇ ਉਸਦਾ ਪਿਸਤੌਲ ਵੀ ਜਾਂਚ ਲਈ ਜਮਾ ਕਰਵਾ ਲਿਆ ਹੈ ਅਤੇ ਜਾਂਚ ਲਈ ਤਿੰਨ ਪੁਲਸ ਅਧਿਕਾਰੀਆਂ ਦੀ ਟੀਮ ਬਣਾਈ ਗਈ ਹੈ। ਅੱਗੇ ਤੋਂ ਅਜਿਹੀ ਖੁੰਝ ਨਾ ਹੋਵੇ, ਨੂੰ ਲੈ ਕੇ ਪੁਲਸ ਉੱਚ ਅਧਿਕਾਰੀਆਂ ਨੇ ਇਕ ਮੀਟਿੰਗ ਵੀ ਕੀਤੀ ਅਤੇ ਐੱਸ. ਐੱਸ. ਪੀ. ਬਠਿੰਡਾ ਡਾ. ਨਾਨਕ ਸਿੰਘ ਨੇ ਨਿਰਦੇਸ਼ ਵੀ ਜਾਰੀ ਕੀਤੇ। ਇਸ ਮਾਮਲੇ ਨੂੰ ਲੈ ਕੇ ਸਿਆਸਤ ਵੀ ਗਰਮਾਉਣ ਲੱਗੀ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸੁਰੱਖਿਆ ਵਿਚ ਵਰਤੀ ਗਈ ਅਣਗਹਿਲੀ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਜ਼ਿੰਮੇਵਾਰ ਹਨ। ਇਸ ਸੁਰੱਖਿਆ ਵਿਚ ਸ਼ਾਮਲ ਅਧਿਕਾਰੀਆਂ ਨੇ ਇਕ ਪੱਤਰ ਲਿਖ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਨਵੀਆਂ ਗੱਡੀਆਂ ਦੀ ਮੰਗ ਰੱਖੀ ਸੀ ਜੋ ਪੂਰੀ ਨਹੀਂ ਕੀਤੀ ਗਈ।
ਉਨ੍ਹਾਂ ਦਾ ਤਰਕ ਸੀ ਕਿ ਸੁਰੱਖਿਆ ਦਸਤੇ ਵਿਚ ਸ਼ਾਮਲ ਗੱਡੀਆਂ ਪੁਰਾਣੀਆਂ ਅਤੇ ਕੰਡਮ ਹੋ ਚੁੱਕੀਆਂ ਹਨ, ਇਸ ਲਈ ਨਵੀਆਂ ਗੱਡੀਆਂ ਖਰੀਦੀਆਂ ਜਾਣ। ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਪੱਤਰ ਦੇ ਜਵਾਬ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸਰਕਾਰ ਦਾ ਖਜ਼ਾਨਾ ਖਾਲੀ ਹੈ। ਇਸ ਲਈ ਨਵੀਆਂ ਗੱਡੀਆਂ ਨਹੀਂ ਖਰੀਦੀਆਂ ਜਾ ਸਕਦੀਆਂ, ਜਦਕਿ ਪੰਜਾਬ ਸਰਕਾਰ ਦੇ ਮੰਤਰੀਆਂ ਲਈ 16 ਕਰੋੜ ਦੀਆਂ ਗੱਡੀਆਂ ਖਰੀਦੀਆਂ ਜਾ ਚੁੱਕੀਆਂ ਹਨ।
