12 ਹਜ਼ਾਰ ਨਵੇਂ ਅਧਿਆਪਕ ਭਰਤੀ ਕਰਨ ਦੀ ਤਿਆਰੀ ’ਚ ਸਿੱਖਿਆ ਮੰਤਰੀ ਪਰਗਟ ਸਿੰਘ

Friday, Dec 17, 2021 - 10:36 AM (IST)

12 ਹਜ਼ਾਰ ਨਵੇਂ ਅਧਿਆਪਕ ਭਰਤੀ ਕਰਨ ਦੀ ਤਿਆਰੀ ’ਚ ਸਿੱਖਿਆ ਮੰਤਰੀ ਪਰਗਟ ਸਿੰਘ

ਜਲੰਧਰ- ਅਧਿਆਪਕਾਂ ਦੇ ਮਸਲੇ ਅਤੇ ਸਿੱਖਿਅਕ ਢਾਂਚੇ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਦੇ ਮੰਤਰੀ ਪਰਗਟ ਸਿੰਘ ਨੂੰ ਘੇਰ ਰਹੀ ਹੈ। ਇੱਧਰ ਪਰਗਟ ਸਿੰਘ ਦਾਅਵਾ ਕਰਦੇ ਹਨ ਕਿ ਪੰਜਾਬ ਅੱਜ ਵੀ ਸਿੱਖਿਆ ’ਚ ਪਹਿਲੇ ਨੰਬਰ ’ਤੇ ਹੈ ਜਦਕਿ ਕੇਜਰੀਵਾਲ ਅਤੇ ਸਿਸੋਦੀਆ ਛੋਟੇ ਪੱਧਰ ਦੀ ਸਿਆਸਤ ਕਰਕੇ ਮੁੱਦੇ ਨੂੰ ਸਿਆਸੀ ਰੰਗਤ ਦੇ ਰਹੇ ਹਨ। ਪੰਜਾਬ ਵਿਚ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ, ਖ਼ਾਲੀ ਪਈਆਂ ਅਸਾਮੀਆਂ ਦੀ ਭਰਤੀ ਅਤੇ ਡਰੱਗ ਮਾਮਲੇ ’ਤੇ ਉਨ੍ਹਾਂ 'ਜਗ ਬਾਣੀ' ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਵਿਸ਼ੇਸ਼ ਗੱਲਬਾਤ ਕੀਤੀ ਜਿਸ ਦੇ ਮੁੱਖ ਅੰਸ਼ ਹੇਠ ਲਿਖੇ ਅਨੁਸਾਰ ਹਨ-

ਸਵਾਲ: ਕੇਜਰੀਵਾਲ ਕਹਿੰਦੇ ਨੇ ਕਿ ਤੁਹਾਡੇ ਪੰਜਾਬ ਮਾਡਲ ਨਾਲੋਂ ਦਿੱਲੀ ਮਾਡਲ ਬਿਹਤਰ ਹੈ, ਕੀ ਕਹੋਗੇ?
ਜਵਾਬ:
ਮੈਂ ਦੱਸਣਾ ਚਾਹਾਂਗਾ ਕਿ ਸਿੱਖਿਆ ਦੇ ਖੇਤਰ ਵਿਚ ਅੱਜ ਪੰਜਾਬ ਪਹਿਲੇ ਨੰਬਰ ’ਤੇ ਹੈ ਅਤੇ ਦਿੱਲੀ ਚੌਥੇ ਤੋਂ ਛੇਵੇਂ ’ਤੇ ਪਹੁੰਚ ਗਿਆ ਹੈ। ਇਕ ਮੈਟਰੋ ਪਾਲੀਟਿਨ ਸ਼ਹਿਰ ਦੀ ਤੁਲਨਾ ਸਰਹੱਦੀ ਸੂਬੇ ਪੰਜਾਬ ਨਾਲ ਜਾਇਜ਼ ਨਹੀਂ ਪਰ ਫਿਰ ਵੀ ਅਸੀਂ ਕੇਂਦਰ ਸਰਕਾਰ ਵੱਲੋਂ ਕੀਤੇ ਸਰਵੇ ’ਚ ਪੀ. ਜੀ. ਆਈ. ਸਕੋਰ ਵਿਚ ਦਿੱਲੀ ਨਾਲੋਂ ਕਿਤੇ ਬਿਹਤਰ ਹਾਂ। ਮੈਂ ਮੰਨਦਾ ਹਾਂ ਕਿ ਪੰਜਾਬ ਦੇ ਅਧਿਆਪਕਾਂ ਦੇ ਕਈ ਮਸਲੇ ਹਨ ਪਰ ਸੱਚਾਈ ਇਹ ਵੀ ਹੈ ਦਿੱਲੀ ਵਿਚ ਪਿਛਲੇ 7 ਸਾਲਾਂ ਤੋਂ 22,000 ਹਜ਼ਾਰ ਗੈਸਟ ਫੈਕਲਟੀ ਅਧਿਆਪਕਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ। ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਨਾਲ ਮੇਰੇ ਕਈ ਮਤਭੇਦ ਰਹੇ ਹਨ ਪਰ ਮੈਂ ਇਸ ਗੱਲ ਵਿਚ ਉਨ੍ਹਾਂ ਦੀ ਤਾਰੀਫ਼ ਕਰਦਾ ਹਾਂ ਕਿ ਪੰਜਾਬ ਦੇ ਸਿੱਖਿਅਕ ਢਾਂਚੇ ਲਈ ਉਨ੍ਹਾਂ ਚੰਗਾ ਕੰਮ ਕੀਤਾ ਹੈ। ਇਹੀ ਕਾਰਨ ਹੈ ਕਿ ਅਸੀਂ ਪਹਿਲੇ ਨੰਬਰ ’ਤੇ ਹਾਂ ਜਿਸ ਵਿਚ ਪੂਰੀ ਸਰਕਾਰ, ਐੱਨ. ਆਰ. ਆਈਜ਼., ਸਿੱਖਿਆ ਮਹਿਕਮਾ, ਪੰਚਾਇਤਾਂ ਸਮੇਤ ਅਧਿਆਪਕਾਂ ਦਾ ਵੱਡਾ ਯੋਗਦਾਨ ਰਿਹਾ ਹੈ।

PunjabKesari

ਸਵਾਲ: ਜੇਕਰ ਅਧਿਆਪਕ ਹੀ ਸੜਕਾਂ ’ਤੇ ਤੁਰੇ-ਫਿਰਦੇ ਹਨ ਤਾਂ ਬੱਚਿਆਂ ਦਾ ਭਵਿੱਖ ਕੀ ਹੋਵੇਗਾ?
ਜਵਾਬ:
ਤੁਹਾਡਾ ਸਵਾਲ ਵਾਜਬ ਹੈ ਪਰ ਇਹ ਸਿਰਫ਼ 10 ਫ਼ੀਸਦੀ ਸਮੱਸਿਆ ਹੈ ਜਦਕਿ ਬਾਕੀ ਸਟਾਫ਼ ਸੰਤੁਸ਼ਟੀਜਨਕ ਕੰਮ ਕਰ ਰਿਹਾ ਹੈ। ਅਸਲ ਵਿਚ ਸਮੇਂ-ਸਮੇਂ ’ਤੇ ਰੂਲ ਬਦਲਦੇ ਰਹੇ ਹਨ। ਜਿਹੜਾ ਬੱਚਾ ਭਰਤੀਆਂ ਨਾਲ ਸਹਿਮਤ ਨਹੀਂ ਹੁੰਦਾ ਤਾਂ ਉਹ ਕੋਰਟ ਪਹੁੰਚ ਜਾਂਦਾ ਹੈ। ਕੋਰਟ ਵੱਲੋਂ ਨਵਾਂ ਆਦੇਸ਼ ਆਉਣ ’ਤੇ ਪਾਲਿਸੀ ਵਿਚ ਫਿਰ ਬਦਲਾਅ ਹੋ ਜਾਂਦਾ ਹੈ। ਇਸ ਕਰਕੇ ਮੈਂ ਅਧਿਆਪਕ ਜਥੇਬੰਦੀਆਂ ਨਾਲ ਗੱਲਬਾਤ ਕੀਤੀ ਕਿ ਅੱਜ ਦੇ ਨਿਯਮਾਂ ਅਨੁਸਾਰ ਜਿਹੜੀ ਕੈਟਾਗਿਰੀ ਲਈ ਜਿਹੜਾ ਨਿਯਮ ਬਣਿਆ ਉਹਦੇ ਅਨੁਸਾਰ ਭਰਤੀ ਕਰ ਦਈਏ ਤਾਂ ਤਿੰਨਾਂ-ਚਾਰ ਮਹੀਨਿਆਂ ਵਿਚ 5-7 ਫ਼ੀਸਦੀ ਨੂੰ ਛੱਡ ਕੇ ਸਾਰੇ ਭਰਤੀ ਹੋ ਜਾਣਗੇ। ਕਈ ਕੇਸ ਅਜਿਹੇ ਹਨ ਜੋ 2011 ਤੋਂ ਨੌਕਰੀ ਮੰਗ ਰਹੇ ਹਨ ਪਰ ਉਨ੍ਹਾਂ ਨੂੰ ਹੁਣ ਅੱਜ ਦੇ ਨਿਯਮਾਂ ਅਨੁਸਾਰ ਹੀ ਭਰਤੀ ਕੀਤਾ ਜਾ ਸਕਦਾ, ਏਸੇ ਕਰਕੇ ਮਸਲੇ ਦਾ ਹੱਲ ਨਹੀਂ ਹੋ ਰਿਹਾ। ਜਦੋਂ ਅੱਜ ਦੇ ਨਿਯਮਾਂ ਅਨੁਸਾਰ ਭਰਤੀ ਕਰਦੇ ਹਾਂ ਤਾਂ ਕਈ ਅਧਿਆਪਕ ਉਸ ਵਿਚੋਂ ਬਾਹਰ ਨਿਕਲ ਸਕਦੇ ਹਨ।

ਸਵਾਲ: ਕੇਜਰੀਵਾਲ ਦੇ ਅਧਿਆਪਕਾਂ ਦੇ ਹੱਕ ਵਿਚ ਖੜ੍ਹਨ ਨੂੰ ਕਿਵੇਂ ਵੇਖਦੇ ਹੋ?
ਜਵਾਬ:
ਕੇਜਰੀਵਾਲ ਕਿਸ ਤਰਾਂ ਅਧਿਆਪਕਾਂ ਨਾਲ ਖੜਨ ਦੀ ਗੱਲ ਕਰਦੇ ਹਨ। ਇਨ੍ਹਾਂ ਨੇ ਤਾਂ ‘ਆਪ’ ਦੇ ਵਲੰਟੀਅਰਾਂ ਕੋਲੋਂ ਬਿਕਰਮ ਮਜੀਠੀਆ ਖ਼ਿਲਾਫ਼ ਪੂਰੇ ਪੰਜਾਬ ਵਿਚ ਪੋਸਟਰ ਲਗਵਾਏ ਸਨ ਪਰ ਖ਼ੁਦ ਨੇ ਬਾਅਦ ਵਿਚ ਮੁਆਫ਼ੀ ਮੰਗ ਲਈ ਸੀ। ਸੋ ਹੁਣ ਕੋਈ ਕੇਜਰੀਵਾਲ ਦੀਆਂ ਗਾਰੰਟੀਆਂ ’ਤੇ ਕਿਵੇਂ ਯਕੀਨ ਕਰ ਲਊ।

ਸਵਾਲ: ਪਰ ਬਿਕਰਮ ਵਾਲੇ ਮਸਲੇ ਉੱਪਰ ਤਾਂ ਤੁਹਾਡੀ ਸਰਕਾਰ ਦਾ ਵੀ ਕੋਈ ਸਟੈਂਡ ਨਹੀਂ ਰਿਹਾ, ਨਾ ਬੇਅਦਬੀ ਮਸਲਾ ਸੁਲਝਿਆ?
ਜਵਾਬ:
ਅਸੀਂ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਇਸ ਬਾਬਤ ਪੁੱਛਦੇ ਰਹਿੰਦੇ ਹਾਂ ਅਤੇ ਉਨ੍ਹਾਂ ਭਰੋਸਾ ਦਿਵਾਇਆ ਹੈ ਕਿ ਇਹ ਮਸਲੇ ਹੱਲ ਹੋ ਜਾਣਗੇ। ਪਰ ਕਿਸੇ ਨੂੰ ਸਿਰਫ਼ ਟਾਰਗੈੱਟ ਕਰਨ ਲਈ ਕੁਝ ਨਹੀਂ ਕਰਨਾ ਚਾਹੀਦਾ। ਕਾਨੂੰਨ ਆਪਣਾ ਕੰਮ ਕਰੇ। ਜਿੰਨਾ ਜਿਹੜਾ ਕਰਦਾ ਹੈ ਓਨਾ ਹੀ ਉਸ ਦਾ ਭਾਗੀਦਾਰ ਹੈ। ਮੇਰਾ ਕਿਸੇ ਨਾਲ ਨਿੱਜੀ ਮਸਲਾ ਨਹੀਂ ਹੈ। ਜੇਕਰ ਕੋਈ ਇਨ੍ਹਾਂ ਮਸਲਿਆਂ ਵਿਚ ਭਾਗੀਦਾਰ ਹੈ ਤਾਂ ਉਹ ਸਾਹਮਣੇ ਆਉਣਾ ਚਾਹੀਦਾ ਪਰ ਜੇਕਰ ਕਿਸੇ ਦਾ ਕੋਈ ਹੱਥ ਨਹੀਂ ਹੈ ਤਾਂ ਜਾਂਚ ਏਜੰਸੀਆਂ ਨੂੰ ਇਸ ਸਬੰਧੀ ਸਪੱਸ਼ਟ ਦੱਸਣਾ ਚਾਹੀਦਾ ਹੈ।

ਸਵਾਲ: ਜੇਕਰ ਸਰਕਾਰ ਕੋਲ ਨੌਕਰੀਆਂ ਨਹੀਂ ਹਨ ਤਾਂ ਐਨੇ ਸਕਿੱਲ ਬੇਸਡ ਕੋਰਸ ਜਾਂ ਡਿਪਲੋਮੇ ਕਿਉਂ ਕਰਵਾਏ ਜਾ ਰਹੇ ਹਨ?
ਜਵਾਬ:
ਸਾਨੂੰ ਸਿੱਖਿਆ ਮਾਡਲ ’ਚ ਬਹੁਤ ਤਬਦੀਲੀਆਂ ਲਿਆਉਣ ਦੀ ਲੋੜ ਹੈ। ਮੈਂ ਵਾਇਸ ਚਾਂਸਲਰ, ਸਿੱਖਿਆ ਸਾਸ਼ਤਰੀਆਂ ਅਤੇ ਉਦਯੋਗਪਤੀਆਂ ਨਾਲ ਬੈਠਕ ਕੀਤੀ ਹੈ। ਵਿਦਿਆਰਥੀ ਕਹਿੰਦਾ ਕਿ ਸਾਡੇ ਕੋਲ ਨੌਕਰੀ ਨਹੀਂ ਹੈ ਅਤੇ ਉਦਯੋਗਪਤੀ ਕਹਿੰਦਾ ਕਿ ਸਾਡੇ ਕੋਲ ਕੰਮ ਕਰਨ ਲਈ ਯੋਗ ਉਮੀਦਵਾਰ ਨਹੀਂ ਹੈ। ਇਸਦਾ ਅਰਥ ਇਹ ਹੈ ਕਿ ਜੋ ਵਿਦਿਆਰਥੀ ਪੜ੍ਹ ਰਹੇ ਹਨ ਅਤੇ ਜੋ ਉਦਯੋਗ ਦੀ ਮੰਗ ਹੈ ਉਨ੍ਹਾਂ ਵਿਚਕਾਰ ਗੈਪ ਹੈ। ਉਸ ਗੈਪ ਨੂੰ ਕਵਰ ਕਰਨ ਲਈ ਅਸੀਂ ਨਵੇਂ ਕੋਰਸ ਡਿਜਾਇਨ ਕਰ ਰਹੇ ਹਾਂ। ਸਾਨੂੰ ਇਹੋ ਜਿਹੇ ਕੋਰਸ ਡਿਜਾਇਨ ਕਰਨੇ ਚਾਹੀਦੇ ਹਨ ਜੋ ਸਮੇਂ ਦੇ ਹਾਣ ਦੇ ਹੋਣ।

ਸਵਾਲ: ਨਹੀਂ ਹੋਣਗੀਆਂ ਅਧਿਆਪਕਾਂ ਦੀਆਂ ਬਦਲੀਆਂ
ਜਵਾਬ:
ਹੁਣ ਅਧਿਆਪਕਾਂ ਦੀਆਂ ਬਦਲੀਆਂ ਬਿਲਕੁਲ ਨਹੀਂ ਹੋਣਗੀਆਂ। ਕੁਝ ਸਮੱਸਿਆਵਾਂ ਹਨ ਜਿਨ੍ਹਾਂ ਨੂੰ ਅਸੀਂ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਆਨਾਲਾਈਨ ਸਾਫਟਵੇਅਰ ਅਨੁਸਾਰ ਜੋ ਕੰਮ ਹੋ ਰਿਹਾ ਹੈ ਉਹ 90 ਫ਼ੀਸਦੀ ਠੀਕ ਹੈ, ਕੁਝ ਸੁਧਾਰ ਦੀ ਲੋੜ ਹੈ ਜਿਸ ’ਤੇ ਕੰਮ ਕਰ ਰਹੇ ਹਾਂ। ਕੁਝ ਮਸਲੇ ਇਹ ਵੀ ਹਨ ਕਿ ਜਿਵੇਂ ਕਿਸੇ ਨੇ ਸਰਹੱਦੀ ਖੇਤਰ ਲਈ ਨੌਕਰੀ ਲਈ ਹੈ ਤਾਂ ਨਿਯਮਾਂ ਅਨੁਸਾਰ ਉਸ ਨੂੰ 3 ਸਾਲ ਨੌਕਰੀ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ: ਲੰਬੀ 'ਚ ਗਰਜੇ ਭਗਵੰਤ ਮਾਨ, ਕਿਹਾ- ਮੁੱਖ ਮੰਤਰੀ ਚੰਨੀ ਤੇ ਸੁਖਬੀਰ ਇਕ-ਸਿੱਕੇ ਦੇ ਦੋ ਪਹਿਲੂ

PunjabKesari

ਸਵਾਲ: ਅਧਿਆਪਕ ਕਹਿੰਦੇ ਨੇ ਕਿ ਇਕ ਪਾਸੇ ਪੇਅ ਕਮਿਸ਼ਨ ਦੇ ਕੇ ਦੂਜੇ ਪਾਸੇ ਰੂਰਲ ਭੱਤਾ ਅਤੇ ਤਨਖ਼ਾਹ ’ਚ ਵਾਧੇ ’ਤੇ ਰੋਕ ਲਗਾ ਦਿੱਤੀ ਹੈ?
ਜਵਾਬ:
ਮੇਰੇ ਧਿਆਨ ’ਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਈ। ਜੇਕਰ ਕੋਈ ਇਹੋ ਜਿਹੀ ਗੱਲ ਹੋਵੇ ਤਾਂ ਉਸ ਵਿਚ ਸੁਧਾਰ ਕਰਾਂਗੇ।

ਸਵਾਲ: ਕਿਹਾ ਜਾਂਦੈ ਕਿ ਤੁਸੀਂ ਮਰਿਆ ਸੱਪ ਗਲ ਪਾ ਲਿਆ ਹੈ, ਸਿੱਖਿਆ ਮੰਤਰੀ ਕਦੇ ਅਗਲੀ ਚੋਣ ਨਹੀਂ ਜਿੱਤਦਾ, ਕੀ ਕਹੋਗੇ?
ਜਵਾਬ:
ਮੈਂ ਇਸ ਚੁਣੌਤੀ ਨੂੰ ਖ਼ੁਦ ਕਬੂਲ ਕੀਤਾ। ਅਸੀਂ ਸੜਕਾਂ ਜਾਂ ਪੁਲ਼ ਘੱਟ ਬਣਾ ਲਈਏ ਪਰ ਸਿੱਖਿਆ ਜ਼ਰੂਰੀ ਹੈ। ਬੇਸ਼ੱਕ ਮੇਰੇ ਕੋਲ ਸਮਾਂ ਘੱਟ ਹੈ ਪਰ ਮੈਂ ਯਤਨ ਵਧੇਰੇ ਕਰ ਰਿਹਾ ਹਾਂ। ਰਹੀ ਗੱਲ ਹਾਰਨ ਦੀ ਤਾਂ ਮੇਰੇ ਲਈ ਚੋਣ ਜਿੱਤਣਾ ਜਾਂ ਹਾਰਨਾ ਕੋਈ ਬਹੁਤਾ ਮਹੱਤਵਪੂਰਨ ਨਹੀਂ ਹੈ। ਮੇਰਾ ਮੰਨਣਾ ਹੈ ਕਿ ਜੇ ਅੱਜ ਮੌਕਾ ਮਿਲਿਆ ਹੈ ਤਾਂ ਸਿਸਟਮ ’ਚ ਸੁਧਾਰ ਕਰਨੇ ਚਾਹੀਦੇ ਹਨ।

ਇਹ ਵੀ ਪੜ੍ਹੋ:  ਨਵੇਂ ਸਾਲ ਤੋਂ ਜਲੰਧਰ ਤੋਂ ਨਕੋਦਰ ਤੇ ਲੋਹੀਆਂ ਰੇਲ ਸੈਕਸ਼ਨ ’ਤੇ ਦੌੜਨਗੀਆਂ ਇਲੈਕਟ੍ਰਿਕ ਟਰੇਨਾਂ

ਮੇਰੇ ਘਰ ਬਾਹਰ ਬੈਠੇ 180 ਅਧਿਆਪਕਾਂ ਦਾ ਮਸਲਾ ਹੁਣ ਵਿੱਤ ਵਿਭਾਗ ਦੇ ਹੱਥ
ਪਰਗਟ ਸਿੰਘ ਨੇ ਆਪਣੇ ਘਰ ਦੇ ਬਾਹਰ ਧਰਨੇ 'ਤੇ ਬੈਠੇ ਅਧਿਆਪਕਾਂ ਦੇ ਸਵਾਲ 'ਤੇ ਜਵਾਬ ਦਿੱਤਾ ਕਿ ਕਾਲਜ ਲੈਕਚਰਾਰ ਜੋ ਯੂ. ਜੀ. ਸੀ. ਦੇ ਨਿਯਮਾਂ ਅਨੁਸਾਰ ਭਰਤੀ ਹੋਣੇ ਹਨ ਅਤੇ ਮੇਰੇ ਘਰ ਦੇ ਬਾਹਰ ਬੈਠੇ ਇਨ੍ਹਾਂ ਅਧਿਆਪਕਾਂ ਦੀ ਭਰਤੀ ਦਾ ਕੰਮ ਫਾਇਨਾਂਸ ਡਿਪਾਰਟਮੈਂਟ ਦਾ ਹੈ। ਮੈਂ ਤਾਂ ਪਹਿਲਾਂ ਹੀ ਇਨ੍ਹਾਂ ਦੇ ਹੱਕ ਦੀ ਗੱਲ ਲਿਖ ਕੇ ਭੇਜ ਚੁੱਕਾਂ ਹਾਂ ਅਤੇ ਅੱਗੇ ਵੀ ਜੇ ਲੋੜ ਪਈ ਤਾਂ ਇਨ੍ਹਾਂ ਦੇ ਮਸਲੇ ਹੱਲ ਕਰਨ ਲਈ ਹਾਜ਼ਰ ਹਾਂ। ਪਰ ਮੇਰੇ ਮਹਿਕਮੇ ਨੇ ਆਪਣੇ ਅਧਿਕਾਰ ਖੇਤਰ ਮੁਤਾਬਕ 180 ਬੱਚਿਆਂ ਦੇ ਹੱਕ ’ਚ ਹੀ ਗੱਲ ਕੀਤੀ ਹੈ ਅਤੇ ਮੈਂ ਹਮੇਸ਼ਾ ਹੀ ਇਨ੍ਹਾਂ ਲਈ ਪਾਜ਼ੀਟਿਵ ਹਾਂ।

ਛੇਤੀ ਖੁੱਲੇਗੀ ਨਵੀਂ ਭਰਤੀ
ਸਿੱਖਿਆ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ 31,000 ਦੇ ਕਰੀਬ ਪੋਸਟਾਂ ਭਰਨ ਦੀ ਤਿਆਰੀ ’ਚ ਹੈ ਜਿਨ੍ਹਾਂ ਵਿਚੋਂ 19,000 ਦੇ ਕਰੀਬ ਭਰਤੀ ਦਾ ਮਸਲਾ ਕੋਰਟ ਵਿਚ ਹੈ ਅਤੇ 12,000 ਦੇ ਕਰੀਬ ਭਰਤੀਆਂ ਦਾ ਇਸ਼ਤਿਹਾਰ ਅਗਲੇ ਕੁਝ ਦਿਨਾਂ ਵਿਚ ਦੇਣ ਦੀ ਤਿਆਰੀ ਹੈ। ਇਹ ਪੋਸਟਾਂ ਸਾਰੀਆਂ ਕੈਟੇਗਿਰੀਆਂ ’ਚ ਵੰਡ ਕੇ ਕੱਢੀਆਂ ਜਾਣਗੀਆਂ। 31 ਮਾਰਚ 2022 ਤੱਕ ਸੇਵਾ ਮੁਕਤੀ ਦੇ ਹਿਸਾਬ ਨਾਲ ਸਾਰੀਆਂ ਪੋਸਟਾਂ ’ਤੇ ਭਰਤੀ ਦਾ ਵਿਗਿਆਪਨ ਦੇਣ ਦੀ ਤਿਆਰੀ ਹੈ ਜੋ ਵੱਖ-ਵੱਖ ਜਮਾਤਾਂ ਲਈ ਹੋਵੇਗੀ।

ਇਹ ਵੀ ਪੜ੍ਹੋ:  ਬਾਦਲਾਂ ਦੇ ਗੜ੍ਹ ਲੰਬੀ 'ਚ ਬੋਲੇ ਕੇਜਰੀਵਾਲ, ਚੰਨੀ ਸਰਕਾਰ ਸਭ ਤੋਂ ਵੱਡੀ ਨੌਟਕੀਬਾਜ਼ ਤੇ ਡਰਾਮੇਬਾਜ਼ ਦੀ ਸਰਕਾਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News