ਹੁਣ ਤਾਂ ਲੋਕ ਵੀ ਕਹਿਣ ਲੱਗੇ ਹਨ ਕਿ ਮੈਚ ਫਿਕਸ ਹੈ : ਪਰਗਟ ਸਿੰਘ

Tuesday, Feb 11, 2020 - 05:48 PM (IST)

ਹੁਣ ਤਾਂ ਲੋਕ ਵੀ ਕਹਿਣ ਲੱਗੇ ਹਨ ਕਿ ਮੈਚ ਫਿਕਸ ਹੈ : ਪਰਗਟ ਸਿੰਘ

ਜਲੰਧਰ : ਬਿਜਲੀ ਸਮਝੌਤੇ ਮਾਮਲੇ ਵਿਚ ਪੰਜਾਬ ਸਰਕਾਰ ਦੇ ਰਵੱਈਏ ਤੋਂ ਜਲੰਧਰ ਕੈਂਟ ਤੋਂ ਕਾਂਗਰਸ ਦੇ ਵਿਧਾਇਕ ਪਰਗਟ ਨੇ ਨਰਾਜ਼ਗੀ ਪ੍ਰਗਟਾਈ ਹੈ। 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਪਰਗਟ ਸਿੰਘ ਨੇ ਕਿਹਾ ਕਿ ਹੁਣ ਤਾਂ ਲੋਕ ਵੀ ਕਹਿਣ ਲੱਗੇ ਹਨ ਕਿ ਅਕਾਲੀ ਦਲ ਅਤੇ ਕਾਂਗਰਸ ਵਿਚਾਲੇ ਗੰਢਤੁੱਪ ਹੈ, ਇਸੇ ਕਾਰਣ ਬਿਜਲੀ ਸਮਝੌਤਿਆਂ ਦੇ ਮਾਮਲੇ 'ਚ ਅਕਾਲੀਆਂ ਖਿਲਾਫ ਕਾਰਵਾਈ ਨਹੀਂ ਹੁੰਦੀ, ਜਨਤਾ 'ਚ ਇਹ ਸੰਦੇਸ਼ ਜਾ ਰਿਹਾ ਹੈ ਕਿ ਜਾਂ ਤਾਂ ਅਸੀਂ ਨਾਲਾਇਕ ਹਾਂ ਜਾਂ ਅਸੀਂ ਇਸ ਮਾਮਲੇ ਨਾਲ ਨਿਪਟਣ ਦੇ ਸਮਰੱਥ ਨਹੀਂ ਹਾਂ। ਸਾਨੂੰ ਇਕ ਸਖਤ ਫੈਸਲਾ ਲੈਂਦੇ ਹੋਏ ਇਸ ਮਾਮਲੇ 'ਚ ਵੱਡੀ ਕਾਰਵਾਈ ਕਰਨੀ ਹੋਵੇਗੀ। 

ਪਰਗਟ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਦੇ ਦੌਰ 'ਚ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਅਤੇ ਆਪਣੀ ਪਿਛਲੀ ਸਰਕਾਰ 'ਚ ਪਾਣੀਆਂ ਦਾ ਸਮਝੌਤਾ ਰੱਦ ਕਰ ਕੇ ਆਪਣੀ ਮਜ਼ਬੂਤ ਇਮੇਜ ਬਣਾਈ ਹੈ ਅਤੇ ਹੁਣ ਇਸ ਇਮੇਜ ਨੂੰ ਕਾਇਮ ਰੱਖਣ ਲਈ ਬਿਜਲੀ ਸਮਝੌਤਿਆਂ ਦੇ ਮਾਮਲੇ 'ਚ ਵੀ ਸਖਤ ਰੁਖ ਅਖਤਿਆਰ ਕਰਨ ਦੀ ਲੋੜ ਹੈ ਕਿਉਂਕਿ ਹੁਣ ਅਕਾਲੀ ਦਲ ਵਲੋਂ ਕੀਤੇ ਗਏ ਗਲਤ ਸਮਝੌਤਿਆਂ ਦੀ ਗਲਤੀ ਕਾਂਗਰਸ ਨੂੰ ਭੁਗਤਣੀ ਪੈ ਰਹੀ ਹੈ।

ਉਨ੍ਹਾਂ ਕਿਹਾ ਕਿ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ 'ਚ ਹੁਣ ਕਾਂਗਰਸ ਬਦਨਾਮ ਹੋ ਰਹੀ ਹੈ ਅਤੇ ਇਹ ਮੈਸੇਜ ਜਨਤਾ 'ਚ ਜਾ ਰਿਹਾ ਹੈ ਕਿ ਸਰਕਾਰ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣਾ ਹੀ ਨਹੀਂ ਚਾਹੁੰਦੀ ਅਤੇ ਆਮ ਵਿਅਕਤੀ ਨੂੰ ਮਹਿੰਗੀ ਰੇਤ ਮਿਲ ਰਹੀ ਹੈ। ਮੈਂ ਇਸ ਮਾਮਲੇ 'ਚ ਆਪਣਾ ਪੱਖ ਪਾਰਟੀ 'ਚ ਵੀ ਰੱਖ ਚੁੱਕਾ ਹਾਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਸਿਰਫ ਜਨਤਾ ਨੇ ਸਾਨੂੰ ਸੱਤਾ ਦਾ ਸੁੱਖ ਭੋਗਣ ਲਈ ਹੀ ਵੋਟਾਂ ਨਹੀਂ ਪਾਈਆਂ ਸਗੋਂ ਸਾਨੂੰ ਜਨਤਾ ਦੀ ਆਵਾਜ਼ ਨੂੰ ਸਰਕਾਰ ਤਕ ਪਹੁੰਚਾਉਣ ਦੀ ਜ਼ਿੰਮੇਵਾਰੀ ਦਿੱਤੀ ਹੈ, ਜਿਸ ਤੋਂ ਅਸੀਂ ਦੌੜ ਨਹੀਂ ਸਕਦੇ।


author

Gurminder Singh

Content Editor

Related News