ਅਧਿਆਪਕਾਂ ਦੀ ਘਾਟ ਨੂੰ ਲੈ ਕੇ ਭੜਕੇ ਮਾਪੇ, ਸਕੂਲ ਨੂੰ ਜਿੰਦਾ ਲਾਉਣ ਦੀ ਦਿੱਤੀ ਚਿਤਾਵਨੀ
Friday, Dec 02, 2022 - 02:30 AM (IST)
ਭਵਾਨੀਗੜ੍ਹ (ਵਿਕਾਸ) : ਸਰਕਾਰੀ ਪ੍ਰਾਇਮਰੀ ਸਕੂਲ ਚੰਨੋਂ ਵਿਖੇ ਅਧਿਆਪਕਾਂ ਦੀ ਘਾਟ ਨੂੰ ਲੈ ਕੇ ਵੀਰਵਾਰ ਸਕੂਲ 'ਚ ਇਕੱਠੇ ਹੋਏ ਵਿਦਿਆਰਥੀਆਂ ਦੇ ਮਾਪਿਆਂ ਨੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਖ਼ਿਲਾਫ਼ ਰੋਸ ਜ਼ਾਹਿਰ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੱਚਿਆਂ ਦੇ ਮਾਪਿਆਂ ਜਿਨ੍ਹਾਂ 'ਚ ਭੁਪਿੰਦਰ ਸਿੰਘ, ਪੂਨਮ ਰਾਣੀ, ਗੁਰਦੀਪ ਕੌਰ, ਰਾਹੁਲ ਕੁਮਾਰ, ਸੀਤਾ ਰਾਣੀ, ਕਸ਼ਮੀਰ ਕੌਰ, ਅੰਗਰੇਜ਼ ਸਿੰਘ, ਰੇਖਾ ਰਾਣੀ, ਰਿੰਕੂ ਸਿੰਘ, ਸੋਨੀਆ, ਜਸਬੀਰ ਕੌਰ, ਮਨਜੀਤ ਕੌਰ, ਜਸਵਿੰਦਰ ਕੌਰ ਆਦਿ ਨੇ ਦੱਸਿਆ ਕਿ ਉਕਤ ਸਕੂਲ ਵਿੱਚ ਪਹਿਲਾਂ ਹੀ ਅਧਿਆਪਕਾਂ ਦੀ ਕਮੀ ਹੈ ਤੇ ਇੱਥੇ ਤਾਇਨਾਤ ਅਧਿਆਪਕਾਂ ਨੂੰ ਹੋਰ ਸਕੂਲ 'ਚ ਭੇਜਿਆ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ।
ਇਹ ਵੀ ਪੜ੍ਹੋ : ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ’ਚ ਪਤੀ ਸਣੇ ਸਹੁਰਾ ਪਰਿਵਾਰ ਖ਼ਿਲਾਫ਼ ਕੇਸ ਦਰਜ
ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਪੜ੍ਹਦੇ 110 ਬੱਚਿਆਂ ਨੂੰ ਸਾਂਭਣ ਲਈ ਵਿਭਾਗ ਵੱਲੋਂਸਿਰਫ 4 ਅਧਿਆਪਕਾਂ ਨੂੰ ਲਗਾਇਆ ਹੋਇਆ ਹੈ, ਜਿਨ੍ਹਾਂ 'ਚੋਂ ਇਕ ਬੀ.ਐੱਮ.ਟੀ. ਅਧਿਆਪਕ ਹੈ, ਜਦੋਂਕਿ ਇਕ ਅਧਿਆਪਕ ਦਾ ਆਰਜ਼ੀ ਪ੍ਰਬੰਧ ਲੱਖੇਵਾਲ ਸਕੂਲ ਵਿਖੇ ਕੀਤਾ ਗਿਆ ਹੈ। ਇਸ ਤਰ੍ਹਾਂ ਮੌਜੂਦਾ ਸਮੇਂ 'ਚ ਸਿਰਫ਼ 2 ਅਧਿਆਪਕ ਹੀ 7 ਜਮਾਤਾਂ ਨੂੰ ਸੰਭਾਲਣ ਲਈ ਮਜਬੂਰ ਹਨ। ਮਾਪਿਆਂ ਨੇ ਵਿਭਾਗ ਤੋਂ ਮੰਗ ਕੀਤੀ ਕਿ ਲੱਖੇਵਾਲ ਭੇਜੇ ਗਏ ਅਧਿਆਪਕ ਨੂੰ ਮੁੜ ਚੰਨੋਂ ਸਕੂਲ 'ਚ ਲਾਇਆ ਜਾਵੇ ਤੇ ਅਧਿਆਪਕਾਂ ਦੀ ਘਾਟ ਨੂੰ ਜਲਦ ਦੂਰ ਕੀਤਾ ਜਾਵੇ।
ਇਹ ਵੀ ਪੜ੍ਹੋ : ਪਾਸਟਰ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰ ਭੰਨ੍ਹਿਆ ਮੋਟਰਸਾਈਕਲ, ਪਹਿਲਾਂ ਵੀ ਮਿਲ ਚੁੱਕੀਆਂ ਹਨ ਧਮਕੀਆਂ
ਮਾਪਿਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਵਿਭਾਗ ਵੱਲੋਂ ਮਸਲੇ ਦਾ ਛੇਤੀ ਹੱਲ ਨਾ ਕੀਤਾ ਗਿਆ ਤਾਂ ਉਹ ਸਕੂਲ ਨੂੰ ਜਿੰਦਾ ਲਾਉਣ ਲਈ ਮਜਬੂਰ ਹੋਣਗੇ। ਓਧਰ ਮਾਮਲੇ ਸਬੰਧੀ ਸਕੂਲ ਸੈਕਟਰ ਇੰਚਾਰਜ ਪਰਮਜੀਤ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਵਿਭਾਗ ਦੇ ਬਲਾਕ ਅਫ਼ਸਰ ਦੀਆਂ ਹਦਾਇਤਾਂ ਮੁਤਾਬਕ ਕੰਮ ਕੀਤਾ ਜਾ ਰਿਹਾ ਹੈ। ਬੱਚਿਆਂ ਦੀ ਪੜ੍ਹਾਈ ਨੂੰ ਮੁੱਖ ਰੱਖਦਿਆਂ ਅਲੱਗ-ਅਲੱਗ ਸਕੂਲਾਂ ਤੋਂ ਵੱਖ-ਵੱਖ ਅਧਿਆਪਕਾਂ ਦੀਆਂ ਆਰਜ਼ੀ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਲੱਖੇਵਾਲ ਸਕੂਲ 'ਚ ਅਧਿਆਪਕਾਂ ਦੀ ਘਾਟ ਹੋਣ ਕਾਰਨ ਚੰਨੋਂ ਸਕੂਲ 'ਚੋਂ ਇਕ ਅਧਿਆਪਕ ਨੂੰ ਉੱਥੇ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ : ਸਤਲੁਜ ਦਰਿਆ 'ਚ ਦੇਖੇ ਗਏ ਮਗਰਮੱਛ, ਲੋਕਾਂ 'ਚ ਸਹਿਮ ਦਾ ਮਾਹੌਲ, ਕੀਤੀ ਇਹ ਮੰਗ
ਰੋਟੇਸ਼ਨ ਪ੍ਰਣਾਲੀ ਤਹਿਤ ਅਧਿਆਪਕਾਂ ਤੋਂ ਡਿਊਟੀ ਕਰਵਾ ਰਹੇ ਹਾਂ : ਬੀ.ਪੀ.ਈ.ਓ.
ਇਸ ਸਬੰਧੀ ਭਵਾਨੀਗੜ੍ਹ ਦੇ ਬੀ.ਪੀ.ਈ.ਓ. ਗੋਪਾਲ ਕ੍ਰਿਸ਼ਨ ਸ਼ਰਮਾ ਨੇ ਕਿਹਾ ਕਿ ਅਧਿਆਪਕਾਂ ਦੀ ਘਾਟ ਦੇ ਚੱਲਦਿਆਂ ਰੋਟੇਸ਼ਨ ਪ੍ਰਣਾਲੀ ਤਹਿਤ ਸਾਨੂੰ ਟੀਚਰ ਦੂਜੇ ਸਕੂਲਾਂ 'ਚ ਬਦਲ-ਬਦਲ ਕੇ ਭੇਜਣੇ ਪੈ ਰਹੇ ਹਨ ਕਿਉਂਕਿ ਕਿਸੇ ਸਕੂਲ 'ਚ ਇਕ ਅਧਿਆਪਕ ਨੂੰ ਨਹੀਂ ਛੱਡ ਸਕਦੇ, ਅਧਿਆਪਕਾਂ ਦੀਆਂ ਡਿਊਟੀਆਂ ਐਡਜਸਟ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਬੱਚਿਆਂ ਦੀ ਪੜ੍ਹਾਈ ਖਰਾਬ ਨਾ ਹੋਵੇ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿੱਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।