ਕਰਤਾਰਪੁਰ ਸਾਹਿਬ ਲਾਂਘਾ ਸਿੱਖਾਂ ਦੀ ਅਰਦਾਸ ਦੀ ਬਰਕਤ ਹੈ : ਪਰਮਜੀਤ ਸਿੰਘ ਸਰਨਾ

Monday, Oct 21, 2019 - 02:49 PM (IST)

ਕਰਤਾਰਪੁਰ ਸਾਹਿਬ ਲਾਂਘਾ ਸਿੱਖਾਂ ਦੀ ਅਰਦਾਸ ਦੀ ਬਰਕਤ ਹੈ : ਪਰਮਜੀਤ ਸਿੰਘ ਸਰਨਾ

ਜਲੰਧਰ (ਹਰਪ੍ਰੀਤ ਸਿੰਘ ਕਾਹਲੋਂ/ਰਣਦੀਪ ਸਿੰਘ) : ਪਾਤਸ਼ਾਹ ਦਾ ਫਰਮਾਨ ਹੈ, ''ਸਾ ਧਰਤੀ ਭਈ ਹਰਿਆਵਲੀ ਜਿਥੇ ਮੇਰਾ ਸਤਿਗੁਰੁ ਬੈਠਾ ਆਇ£'' ਇਥੇ ਗੁਰੂ ਨਾਨਕ ਪਾਤਸ਼ਾਹ 18 ਸਾਲ ਰਹੇ। ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਵੀ ਉਨ੍ਹਾਂ ਇਥੇ ਹੀ ਦਿੱਤੀ। ਸਾਨੂੰ ਕਿਰਤ-ਕਮਾਈ ਦੀ ਜਾਚ ਦਿੱਤੀ। ਸੋ ਇਹ ਧਰਤੀ ਤਾਂ ਨਿਰਾਲੀ ਧਰਤੀ ਹੈ। ਇਹ ਪਹਿਲਾ ਮੌਕਾ ਹੈ ਜਦੋਂ ਏਸ਼ੀਆ ਖੇਤਰ ਵਿਚ ਇਕ ਦੇਸ਼ ਨੇ ਦੂਜੇ ਦੇਸ਼ ਦੀਆਂ ਸੰਗਤਾਂ ਲਈ ਆਪਣਾ ਲਾਂਘਾ ਖੋਲ੍ਹਿਆ, ਇਹ ਮਹਾਨ ਕਾਰਜ ਹੈ। ਇੰਝ ਸਿੱਖਾਂ ਦੀਆਂ ਅਰਦਾਸਾਂ ਸੁਣੀਆਂ ਗਈਆਂ ਵਿਛੜੇ ਗੁਰਧਾਮਾਂ ਦੇ ਦਰਸ਼ਨ ਹੋਣ ਜਾ ਰਹੇ ਹਨ। ਨਫਰਤਾਂ ਤੇ ਖਿੱਚੋਤਾਣ ਦੇ ਇਸ ਦੌਰ 'ਚ ਇਸ ਤੋਂ ਉਮੀਦ ਹੈ।

ਦਿੱਲੀ ਤੋਂ ਨਨਕਾਣਾ ਸਾਹਿਬ ਨਗਰ ਕੀਰਤਨ
550ਵੇਂ ਪ੍ਰਕਾਸ਼ ਪੁਰਬ ਮੌਕੇ ਨਨਕਾਣਾ ਸਾਹਿਬ ਲਈ ਨਗਰ ਕੀਰਤਨ ਦਿੱਲੀ ਤੋਂ 28 ਤਰੀਕ ਨੂੰ ਗੁਰਦੁਆਰਾ ਨਾਨਕ ਪਿਆਊ ਸਾਹਿਬ ਤੋਂ ਆਰੰਭ ਹੋਵੇਗਾ। ਇਸ ਲਈ 1200 ਦੇ ਲਗਭਗ ਸੰਗਤਾਂ ਨੇ ਵੀਜ਼ਾ ਅਪਲਾਈ ਕੀਤਾ ਹੈ। 70 ਬੱਸਾਂ ਦਿੱਲੀ ਤੋਂ ਅੰਮ੍ਰਿਤਸਰ ਸਰਹੱਦ ਤੱਕ ਜਾਣਗੀਆਂ ਅਤੇ ਇਸ ਵਿਚ ਬਹੁਤ ਸਾਰੀ ਸੰਗਤ ਅੰਮ੍ਰਿਤਸਰ ਤੱਕ ਜਾਵੇਗੀ, ਜੋ ਨਨਕਾਣਾ ਸਾਹਿਬ ਨੂੰ ਜਾ ਰਹੀ ਸੰਗਤ ਨੂੰ ਵਿਦਾ ਕਰਨ ਦਿੱਲੀ ਤੋਂ ਨਾਲ ਜਾ ਰਹੀ ਹੈ। 29 ਤਰੀਕ ਨੂੰ ਸੁਲਤਾਨਪੁਰ ਲੋਧੀ ਵਿਖੇ ਠਹਿਰਾਅ ਕੀਤਾ ਜਾਵੇਗਾ। 31 ਤਰੀਕ ਨੂੰ ਨਨਕਾਣਾ ਸਾਹਿਬ ਨਗਰ ਕੀਰਤਨ ਦੇ ਪਹੁੰਚਣ ਉਪਰੰਤ 2 ਨਵੰਬਰ ਨੂੰ ਗੁ. ਸ੍ਰੀ ਪੰਜਾ ਸਾਹਿਬ ਦੇ ਦਰਸ਼ਨ ਕੀਤੇ ਜਾਣਗੇ। 4 ਨਵੰਬਰ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਸੰਗਤ ਰਵਾਨਾ ਹੋਵੇਗੀ।

ਇਸ ਦੌਰਾਨ ਸਾਡੇ ਨਾਲ 6 ਰਾਗੀ ਜਥੇ ਅਤੇ 3 ਪੰਥ ਪ੍ਰਚਾਰਕ ਵੀ ਸ਼ਾਮਿਲ ਹੋ ਰਹੇ ਹਨ। 31 ਅਕਤੂਬਰ ਨੂੰ ਰਾਤ ਨਨਕਾਣਾ ਸਾਹਿਬ ਵਿਖੇ ਕੀਰਤਨ ਸਰਵਣ ਕੀਤੇ ਜਾਣਗੇ। 1 ਨਵੰਬਰ ਨੂੰ ਨਨਕਾਣਾ ਸਾਹਿਬ ਵਿਖੇ ਸਾਰਾ ਦਿਨ ਧਾਰਮਿਕ ਦੀਵਾਨ ਸਜਾਏ ਜਾਣਗੇ। 2 ਨਵੰਬਰ ਦੀ ਸਵੇਰ ਆਸਾ ਦੀ ਵਾਰ ਸਰਵਣ ਕਰ ਕੇ ਗੁਰਦੁਆਰਾ ਪੰਜਾ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਵਾਂਗੇ।

2 ਨਗਰ ਕੀਰਤਨਾਂ ਬਾਰੇ ਸਪੱਸ਼ਟੀਕਰਨ
ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮਾਂ ਦੇ ਦਰਸ਼ਨਾਂ ਲਈ ਅਸੀਂ 4 ਸਾਲ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਚਿੱਠੀਆਂ ਦੇ ਅਦਾਨ-ਪ੍ਰਦਾਨ ਵਿਚ ਪਾਕਿਸਤਾਨ ਇਵੈਕਿਊ ਬੋਰਡ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਬੰਧਤ ਹੁਕਮਰਾਨਾਂ ਨੇ 2017 'ਚ ਆਗਿਆ ਦੇ ਦਿੱਤੀ ਸੀ ਅਤੇ ਉਨ੍ਹਾਂ ਮੁਤਾਬਕ 2018 ਵਿਚ ਅਸੀਂ ਨਗਰ ਕੀਰਤਨ ਲੈ ਕੇ ਪਹੁੰਚਣਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਬੇਨਤੀ ਕੀਤੀ ਗਈ ਕਿ ਅਸੀਂ 550 ਸਾਲਾ ਪ੍ਰਕਾਸ਼ ਪੁਰਬ 2019 ਵਿਚ ਮਨਾ ਰਹੇ ਹਾਂ। ਇਸ ਬਾਰੇ ਦੁਬਾਰਾ ਬੇਨਤੀ ਪ੍ਰਵਾਨ ਕਰਦਿਆਂ ਸਾਨੂੰ ਮੁੜ ਆਗਿਆ ਮਿਲੀ। ਬੇਸ਼ੱਕ ਜਥੇਦਾਰ ਅਕਾਲ ਤਖਤ ਸਾਹਿਬ ਨੇ ਸਾਨੂੰ ਹੁਕਮ ਕੀਤਾ ਹੈ ਕਿ ਕਿਸੇ ਵੀ ਤਰ੍ਹਾਂ ਦੇ ਵਾਦ-ਵਿਵਾਦ ਦੀ ਗੱਲ ਨਹੀਂ ਕਰਨੀ ਅਤੇ ਨਾ ਹੀ ਅਸੀਂ ਇਸ ਵਿਚ ਪੈਣਾ ਚਾਹੁੰਦੇ ਹਾਂ ਪਰ ਇਹ ਸਮਝਣਾ ਚਾਹੀਦਾ ਹੈ ਕਿ 2 ਨਗਰ ਕੀਰਤਨਾਂ ਦੇ ਵਿਵਾਦ ਲਈ ਮਨਜਿੰਦਰ ਸਿੰਘ ਸਿਰਸਾ ਅਤੇ ਗੁਰਦੁਆਰਾ ਬੰਗਲਾ ਸਾਹਿਬ ਦੇ ਗ੍ਰੰਥੀ ਗਿਆਨੀ ਰਣਜੀਤ ਸਿੰਘ ਜ਼ਿੰਮੇਵਾਰ ਹਨ। ਨਗਰ ਕੀਰਤਨ ਦੀ ਆਗਿਆ ਦੇਣਾ ਸੁਰੱਖਿਆ ਕਾਰਣ ਅਤੇ ਹੋਰ ਪ੍ਰਬੰਧਾਂ ਦਾ ਹਿੱਸਾ ਵੀ ਹੁੰਦਾ ਹੈ ਅਤੇ ਸਾਰੀਆਂ ਗੱਲਾਂ ਨੂੰ ਵਿਚਾਰਦਿਆਂ ਸਾਨੂੰ ਪਾਕਿਸਤਾਨ ਸਰਕਾਰ ਤੋਂ ਅਗਾਊਂ ਆਗਿਆ ਮਿਲ ਗਈ ਸੀ।

ਨਗਰ ਕੀਰਤਨ ਦਾ ਮਕਸਦ
ਭਾਰਤ ਤੋਂ ਹਰ ਸਾਲ 10 ਹਜ਼ਾਰ ਦੇ ਲੱਗਭਗ ਸਿੱਖ ਪਾਕਿਸਤਾਨ 'ਚ ਗੁਰਧਾਮਾਂ ਦੇ ਦਰਸ਼ਨਾਂ ਲਈ ਆਉਂਦੇ ਹਨ। ਸਾਡੀਆਂ ਅਰਦਾਸਾਂ 'ਚ ਲਗਾਤਾਰ ਨਨਕਾਣਾ ਸਾਹਿਬ ਅਤੇ ਹੋਰ ਵਿਛੜੇ ਗੁਰਧਾਮਾਂ ਦੇ ਦਰਸ਼ਨਾਂ ਦੀ ਅਰਦਾਸ ਹੈ। ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਸਿੱਖ ਆਪਣੇ ਵਿਛੜੇ ਗੁਰਧਾਮਾਂ ਦੇ ਦਰਸ਼ਨ ਕਰਨ। ਇਸ ਤੋਂ ਇਲਾਵਾ ਸਿੱਖ ਨੌਜਵਾਨਾਂ ਵਿਚ ਗੁਰੂ ਲਈ ਸ਼ਰਧਾ-ਸਤਿਕਾਰ ਵਧੇ ਅਤੇ ਉਹ ਵੀ ਵਿਛੜੇ ਗੁਰਧਾਮਾਂ ਪ੍ਰਤੀ ਮੋਹ ਜਗਾਉਂਦੇ ਹੋਏ ਦਰਸ਼ਨ ਕਰਨ।

ਨਗਰ ਕੀਰਤਨ 'ਚ ਸ਼ਾਮਿਲ ਹੋ ਰਹੀਆਂ ਸ਼ਖ਼ਸੀਅਤਾਂ
ਇਸ ਲਈ ਅਸੀਂ ਸੰਤ ਸਮਾਜ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਜਥੇਦਾਰ ਅਕਾਲ ਤਖਤ ਸਾਹਿਬ ਅਤੇ ਹੋਰ ਸਿੰਘ ਸਾਹਿਬਾਨ, ਨਿਹੰਗ ਦਲ, ਕਾਰ ਸੇਵਾ ਵਾਲੇ ਬਾਬੇ, ਨਾਨਕਸਰ ਕਲੇਰਾਂ ਅਤੇ ਰਾੜਾ ਸਾਹਿਬ ਸਮੇਤ ਸਭ ਨੂੰ ਜੀ ਆਇਆਂ ਆਖਿਆ ਹੈ।

ਨਗਰ ਕੀਰਤਨ ਦੇ ਪ੍ਰਬੰਧ ਅਤੇ ਕਿਰਾਇਆ
ਸ਼ਾਮਿਲ ਹੋ ਰਹੀਆਂ ਸੰਗਤਾਂ ਲਈ ਲੁਧਿਆਣਾ, ਸੁਲਤਾਨਪੁਰ ਲੋਧੀ ਅਤੇ ਅੰਮ੍ਰਿਤਸਰ 'ਚ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਬਾਅਦ ਨਨਕਾਣਾ ਸਾਹਿਬ ਅਤੇ ਬਾਕੀ ਗੁਰਧਾਮਾਂ ਦੇ ਦਰਸ਼ਨਾਂ ਦੌਰਾਨ ਰਿਹਾਇਸ਼ ਅਤੇ ਟਰਾਂਸਪੋਰਟੇਸ਼ਨ ਦਾ ਪ੍ਰਬੰਧ ਵੀ ਪੁਖਤਾ ਕੀਤਾ ਗਿਆ ਹੈ। ਇਸ ਨਗਰ ਕੀਰਤਨ 'ਚ ਧਾਰਮਿਕ ਸ਼ਖ਼ਸੀਅਤਾਂ, ਰਾਗੀ ਜਥੇ ਅਤੇ ਪੰਥ ਪ੍ਰਚਾਰਕ ਵੀ ਸ਼ਮੂਲੀਅਤ ਕਰ ਰਹੇ ਹਨ। ਦਿੱਲੀ ਤੋਂ ਅੰਮ੍ਰਿਤਸਰ ਆਵਾਜਾਈ, ਵੀਜ਼ਾ ਫੀਸ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਧਿਆਨ 'ਚ ਰੱਖਦਿਆਂ 5000 ਰੁਪਏ ਫੀਸ ਰੱਖੀ ਗਈ ਹੈ।

ਪਾਕਿਸਤਾਨ ਦੇ ਵੀਜ਼ੇ ਬਾਰੇ ਵਾਧੂ ਦੇ ਡਰ ਫੈਲਾਏ ਗਏ ਹਨ
ਅਜਿਹੀਆਂ ਗੱਲਾਂ ਬਹੁਤ ਲੰਮੇ ਸਮੇਂ ਤੋਂ ਫੈਲਾਈਆਂ ਜਾਂਦੀਆਂ ਹਨ ਪਰ ਅਜਿਹਾ ਕੁਝ ਨਹੀਂ ਹੈ। ਸਾਨੂੰ ਸਭ ਤੋਂ ਪਹਿਲਾਂ ਇਹ ਸਮਝਣਾ ਚਾਹੀਦਾ ਹੈ ਕਿ ਸਾਡੇ ਸਿੱਖਾਂ ਦੇ ਉਹ ਵਿਛੜੇ ਗੁਰਧਾਮ ਹਨ ਅਤੇ ਉਨ੍ਹਾਂ ਦੀਆਂ ਅਰਦਾਸਾਂ ਅਸੀਂ ਰੋਜ਼ਾਨਾ ਕਰਦੇ ਹਾਂ। ਇਹ ਸਿੱਖਾਂ ਦਾ ਫਰਜ਼ ਵੀ ਹੈ ਅਤੇ ਧਰਮ ਵੀ ਪਰ ਇਹ ਡਰ ਵੀ ਬੇਬੁਨਿਆਦ ਹੈ ਕਿ ਪਾਕਿਸਤਾਨ ਦਾ ਵੀਜ਼ਾ ਮਿਲਣ ਤੋਂ ਬਾਅਦ ਤੁਸੀਂ ਹਰ ਦੇਸ਼ ਵਿਚ ਯਾਤਰਾ ਨਹੀਂ ਕਰ ਸਕਦੇ। ਮੈਂ ਖ਼ੁਦ ਪਾਕਿਸਤਾਨ ਜਾਣ ਦੇ ਬਾਵਜੂਦ ਅਮਰੀਕਾ ਤੇ ਇੰਗਲੈਂਡ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿਚ ਘੁੰਮ ਚੁੱਕਾ ਹਾਂ।

ਕੈਪਟਨ ਅਮਰਿੰਦਰ ਸਿੰਘ ਮੇਰੇ ਵੱਡੇ ਭਰਾ ਪਰ 20 ਡਾਲਰ ਜਜ਼ੀਆ ਨਹੀਂ
ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਸਰਕਾਰ ਨੇ ਫੀਸ ਕਿੰਨੀ ਰੱਖੀ ਹੈ, ਮੈਂ ਇਸ ਚਰਚਾ 'ਚ ਨਹੀਂ ਪੈਣਾ ਚਾਹੁੰਦਾ। ਮੈਂ ਇਹ ਜ਼ਰੂਰ ਚਾਹੁੰਦਾ ਹਾਂ ਕਿ ਆਉਣ ਵਾਲੇ ਸਮੇਂ 'ਚ ਇਸ 'ਤੇ ਵਿਚਾਰ ਕੀਤਾ ਜਾਵੇ ਕਿ ਦਰਸ਼ਨਾਂ ਲਈ ਪਾਸਪੋਰਟ ਦੀ ਥਾਂ ਭਾਰਤ ਦਾ ਕੋਈ ਵੀ ਪਛਾਣ-ਪੱਤਰ ਦਿਖਾ ਕੇ ਉਹ ਸੰਗਤਾਂ ਵੀ ਦਰਸ਼ਨ ਕਰ ਸਕਣ, ਜਿਨ੍ਹਾਂ ਕੋਲ ਪਾਸਪੋਰਟ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਮੇਰੇ ਵੱਡੇ ਭਰਾ ਵੀ ਹਨ ਅਤੇ ਮਿੱਤਰ ਵੀ ਪਰ ਮੈਂ ਉਨ੍ਹਾਂ ਦੀ ਇਸ ਗੱਲ ਨਾਲ ਸਹਿਮਤ ਨਹੀਂ ਕਿ ਵੀਜ਼ਾ ਫੀਸ ਜਜ਼ੀਆ ਹੈ। ਇਹ ਇਕ ਪ੍ਰੋਸੈਸਿੰਗ ਫੀਸ ਹੈ। 20 ਡਾਲਰ ਲੱਗਭਗ 1400 ਰੁਪਏ ਵਿਚ ਜੇ ਸਾਨੂੰ ਸਾਡੇ ਗੁਰਧਾਮਾਂ ਦੇ ਦਰਸ਼ਨ ਹੋ ਜਾਂਦੇ ਹਨ ਤਾਂ ਸਾਨੂੰ ਹੋਰ ਕੀ ਚਾਹੀਦਾ ਹੈ? ਇਹ ਜਜ਼ੀਆ ਤਾਂ ਹੁੰਦਾ ਜੇ ਇਹ ਸਿਰਫ ਸਿੱਖਾਂ ਲਈ ਫੀਸ ਹੁੰਦੀ, ਜਦੋਂ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਇਹ ਫੀਸ ਹਿੰਦੂਆਂ, ਮੁਸਲਮਾਨਾਂ, ਸਿੱਖਾਂ, ਕਬੀਰ ਪੰਥੀਆਂ, ਰਵਿਦਾਸੀਆਂ ਹਰ ਕਿਸੇ ਲਈ ਇਕ ਬਰਾਬਰ ਹੈ। ਇਹ ਪ੍ਰੋਸੈਸਿੰਗ ਫੀਸ ਸਾਨੂੰ ਖੁਸ਼ੀ ਨਾਲ ਦੇਣੀ ਚਾਹੀਦੀ ਹੈ, ਕੀ ਅਸੀਂ ਕੋਈ ਮੰਗਤੇ ਹਾਂ?

ਕਰਤਾਰਪੁਰ ਸਾਹਿਬ ਵਿਖੇ ਸੁਸ਼ੋਭਿਤ ਹੋਵੇਗੀ ਪਾਲਕੀ ਸਾਹਿਬ
ਇਹ ਦੂਜਾ ਅਜਿਹਾ ਮੌਕਾ ਹੈ ਜਦੋਂ ਵੰਡ ਤੋਂ ਬਾਅਦ 2 ਦੇਸ਼ਾਂ ਦਰਮਿਆਨ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਨੂੰ ਧਾਰਮਿਕ ਸਮਾਗਮਾਂ 'ਚ ਪਾਲਕੀ ਸਾਹਿਬ ਭੇਟ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਸਮੂਹ ਸੰਗਤਾਂ ਵੱਲੋਂ ਲਿਜਾਈ ਜਾ ਰਹੀ ਪਾਲਕੀ ਸਾਹਿਬ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਸੁਸ਼ੋਭਿਤ ਕੀਤੀ ਜਾਵੇਗੀ। ਇਸ ਤੋਂ ਪਹਿਲਾਂ 2005 'ਚ ਉਸ ਸਮੇਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਸਮੂਹ ਸੰਗਤਾਂ ਨੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਉਸ ਸਮੇਂ ਦੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਨਨਕਾਣਾ ਸਾਹਿਬ ਸ਼ਿਰਕਤ ਕੀਤੀ ਸੀ।

1500 ਸੰਗਤਾਂ ਦੇ ਇਸ ਜਥੇ ਵਲੋਂ 15 ਕਿਲੋ ਸੋਨੇ ਦੀ ਪਾਲਕੀ ਨੂੰ ਖਾਸ ਤੌਰ 'ਤੇ ਗੁਰਦੁਆਰਾ ਨਨਕਾਣਾ ਸਾਹਿਬ ਲਈ ਲਿਜਾਇਆ ਗਿਆ ਸੀ। ਉਸ ਵੇਲੇ ਗੁਰਦੁਆਰਾ ਨਨਕਾਣਾ ਸਾਹਿਬ ਦੇ ਬੂਹੇ ਨਿੱਕੇ ਹੋਣ ਕਰ ਕੇ ਇਸ ਪਾਲਕੀ ਸਾਹਿਬ ਨੂੰ ਨਨਕਾਣਾ ਸਾਹਿਬ ਦੇ ਵੱਡੇ ਲੰਗਰ ਹਾਲ ਵਿਚ ਸਥਾਪਿਤ ਕਰ ਦਿੱਤਾ ਗਿਆ ਸੀ। ਇਸ ਵੇਲੇ ਦੂਜਾ ਵੱਡਾ ਕਾਰਣ ਸੀ ਨਿਸ਼ਕਾਮ ਸੇਵਾ ਲੰਡਨ ਵਾਲਿਆਂ ਵਲੋਂ ਪਾਲਕੀ ਸਾਹਿਬ ਬਾਰੇ ਅਸਹਿਮਤੀ ਦਰਜ ਕੀਤੀ ਗਈ ਸੀ। ਅਖੀਰ ਨਨਕਾਣਾ ਸਾਹਿਬ ਵਿਖੇ ਸ਼ੀਸ਼ੇ ਦਾ ਕਮਰਾ ਬਣਾ ਕੇ ਉਸ ਵਿਚ ਪਾਲਕੀ ਸਾਹਿਬ ਸਥਾਪਿਤ ਕੀਤੀ ਗਈ ਪਰ ਇਹ ਵੀ ਵਿਵਾਦ ਦਾ ਮਸਲਾ ਬਣ ਗਿਆ ਸੀ ਕਿ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2 ਪ੍ਰਕਾਸ਼ ਕਿਵੇਂ ਹੋ ਸਕਦੇ ਹਨ।

ਸੋਸਾਇਟੀ ਫਾਰ ਪ੍ਰਮੋਸ਼ਨ ਆਫ ਪੀਸ ਦੇ ਚੇਅਰਮੈਨ ਚੰਚਲ ਮਨੋਹਰ ਸਿੰਘ ਦੱਸਦੇ ਹਨ ਕਿ ਵੰਡ ਤੋਂ ਬਾਅਦ 2 ਦੇਸ਼ਾਂ ਦਰਮਿਆਨ ਅਜਿਹੀ ਧਾਰਮਿਕ ਸਾਂਝ ਦਾ ਇਹ ਪਹਿਲਾ ਅਜਿਹਾ ਇਤਿਹਾਸਕ ਪਲ ਸੀ, ਜਦੋਂ ਦੋਵਾਂ ਪੰਜਾਬਾਂ ਨੇ ਮਿਲ ਕੇ ਸ਼ਾਂਤੀ ਦਾ ਅਜਿਹਾ ਨਜ਼ਾਰਾ ਪੇਸ਼ ਕੀਤਾ। 2005 ਦੇ ਉਨ੍ਹਾਂ ਸਾਲਾਂ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਇਸ ਜਥੇ ਦੇ ਨਾਲ ਸ਼ਮੂਲੀਅਤ ਦੀ ਸਿਆਸੀ ਗਲਿਆਰਿਆਂ ਵਿਚ ਇਹ ਵੀ ਚਰਚਾ ਛਿੜੀ ਸੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਧਾਰਮਿਕ ਮੁਹਾਂਦਰੇ ਨੂੰ ਕਾਬੂ ਕਰ ਰਹੇ ਹਨ ਪਰ ਤਮਾਮ ਆਲੋਚਨਾਵਾਂ ਦੇ ਬਾਵਜੂਦ 2005 ਦਾ ਉਹ ਸਾਲ ਬਹੁਤ ਖਾਸ ਸੀ, ਜਦੋਂ ਕੈਪਟਨ ਅਮਰਿੰਦਰ ਸਿੰਘ ਅਤੇ ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਪ੍ਰਵੇਜ਼ ਇਲਾਹੀ ਨੇ ਮਿਲ ਕੇ 6 ਲੇਨ ਵਾਹਗਾ-ਨਨਕਾਣਾ ਸਾਹਿਬ ਸੜਕ ਮਾਰਗ ਦਾ ਨੀਂਹ ਪੱਥਰ ਰੱਖਿਆ ਸੀ।


author

Anuradha

Content Editor

Related News