ਹੁਣ ਪਰਾਲੀ ਦਾ ਜ਼ਹਿਰੀਲਾ ਧੂੰਆਂ ਨਹੀਂ ਉਖਾੜ ਸਕੇਗਾ ਸਾਹ

11/15/2017 7:54:01 AM

ਚੰਡੀਗੜ੍ਹ (ਅਰਚਨਾ) - ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਸਮੇਤ ਦਿੱਲੀ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਚੁੱਕੀ ਪਰਾਲੀ ਤੋਂ ਨਿਜਾਤ ਮਿਲ ਸਕਦੀ ਹੈ। ਨੈਸ਼ਨਲ ਇੰਸਟੀਚਿਊਟ ਆਫ ਸੈਂਟਰ ਫਾਰ ਇਨੋਵੇਟਿਵ ਐਂਡ ਅਪਲਾਈਡ ਬਾਇਓਪ੍ਰੋਸੈਸਿੰਗ (ਸੀ. ਆਈ. ਏ. ਬੀ.) ਨੇ ਹੁਣ ਅਜਿਹਾ ਫਾਰਮੂਲਾ ਲੱਭਿਆ ਹੈ, ਜਿਸ ਦੇ ਦਮ 'ਤੇ ਪਰਾਲੀ ਤੋਂ ਚਸ਼ਮੇ ਦੇ ਫਰੇਮ ਦੇ ਨਾਲ-ਨਾਲ ਹੋਰ ਕਈ ਚੀਜਾਂ ਤਿਆਰ ਹੋ ਸਕਣਗੀਆਂ। ਸੰਸਥਾ ਦੇ ਵਿਗਿਆਨੀਆਂ ਨੇ ਪ੍ਰਯੋਗਸ਼ਾਲਾ 'ਚ ਝੋਨੇ ਦੀ ਰਹਿੰਦ-ਖੂੰਹਦ 'ਤੇ ਜੋ ਪ੍ਰਯੋਗ ਕੀਤਾ, ਉਸਦੇ ਨਤੀਜੇ ਖਾਸ ਉਤਸ਼ਾਹ ਵਾਲੇ ਹਨ।
ਮੌਜੂਦਾ ਸਮੇਂ 'ਚ ਵਿਗਿਆਨੀਆਂ ਨੇ 10 ਗ੍ਰਾਮ ਪਰਾਲੀ 'ਤੇ ਅਧਿਐਨ ਕੀਤਾ ਹੈ। ਛੇਤੀ ਹੀ 100 ਗ੍ਰਾਮ ਪਰਾਲੀ ਤੇ ਉਸ ਤੋਂ ਬਾਅਦ 10 ਕਿਲੋ ਪਰਾਲੀ ਦੀ ਪਾਇਲਟ ਪਲਾਂਟ ਸਕੇਲ ਖੋਜ ਨੂੰ ਪੂਰਾ ਕੀਤਾ ਜਾਵੇਗਾ। ਪ੍ਰਯੋਗਸ਼ਾਲਾ 'ਚ ਨਿਕਲੇ ਨਤੀਜਿਆਂ ਤੋਂ ਉਤਸ਼ਾਹਿਤ ਹੋ ਕੇ ਵਿਗਿਆਨੀ ਹੁਣ 'ਨਾਈਪਰ' ਦੇ ਇਸ ਫਾਰਮੂਲੇ ਨੂੰ ਵੱਡੀਆਂ ਇਕਾਈਆਂ ਨਾਲ ਸਾਂਝਾ ਕਰਨਗੇ, ਜਿਸ ਨਾਲ ਪਰਾਲੀ ਦੀ ਵਰਤੋਂ ਨਾ ਸਿਰਫ ਕਈ ਚੀਜਾਂ ਤਿਆਰ ਕਰਨ 'ਚ ਕੀਤੀ ਜਾ ਸਕੇਗੀ, ਬਲਕਿ ਕਿਸਾਨਾਂ ਦੀ ਆਰਥਿਕ ਮਦਦ ਵੀ ਇਹ ਬਣ ਸਕਦੇ ਹਨ।
ਝੋਨੇ ਦੀ ਰਹਿੰਦ-ਖੂੰਹਦ ਤੋਂ ਨਿਕਲਣ ਵਾਲੇ ਜ਼ਹਿਰੀਲੇ ਧੂੰਏਂ 'ਤੇ ਛੇਤੀ ਹੀ ਰੋਕ ਲੱਗ ਸਕੇਗੀ। 'ਨਾਈਪਰ' ਦੀ ਪ੍ਰਯੋਗਸ਼ਾਲਾ 'ਚ ਪਰਾਲੀ ਤੋਂ ਸੈਲੂਲੋਜ ਐਸੀਟੇਟ, ਸਿਲਿਕਾ ਤੇ ਨੈਨੋ ਸੈਲੂਲੋਜ ਨੂੰ ਬਣਾਉਣ 'ਚ ਸਫਲਤਾ ਮਿਲੀ ਹੈ। ਇਹ ਤਿੰਨੇ ਪਦਾਰਥ ਪੇਪਰ, ਪਲਾਸਟਿਕ, ਫੈਬ੍ਰਿਕ, ਫਾਈਬਰ, ਗਿਲਾਸ, ਸੀਮੈਂਟ, ਫਾਰਮਾਸਿਊਟੀਕਲ, ਏਅਰਬਾਟਨੀਕਲ, ਡਿਫੈਂਸ, ਐਪਲੀਕੇਸ਼ਨ, ਇਲੈਕਟ੍ਰਾਨਿਕ, ਪੀ. ਵੀ. ਸੀ. ਫਲੋਰ, ਪੇਂਟ, ਇੰਡਸਟਰੀ 'ਚ ਬਿਹਤਰ ਭੂਮਿਕਾ ਨਿਭਾ ਸਕਦੇ ਹਨ। ਵਿਗਿਆਨੀਆਂ ਅਨੁਸਾਰ ਇਥੇ ਇਕ ਏਕੜ ਦੀ ਪਰਾਲੀ ਲਈ ਕਿਸਾਨਾਂ ਨੂੰ 500 ਤੋਂ 1000 ਰੁਪਏ ਦਾ ਮੁਆਵਜ਼ਾ ਮਿਲ ਸਕੇਗਾ। ਉਥੇ ਹੀ ਜੇ ਕਿਸਾਨ ਖੁਦ ਖੇਤਾਂ 'ਚ ਸੈਲੂਲੋਜ ਤਿਆਰ ਕਰਨ ਵਾਲੇ ਪਲਾਂਟ ਲਾਉਂਦਾ ਹੈ ਤਾਂ ਪ੍ਰਤੀ ਕਿਲੋ ਸੈਲੂਲੋਜ ਤਿਆਰ ਕਰਨ 'ਤੇ ਕਿਸਾਨ ਨੂੰ 5 ਤੋਂ ਲੈ ਕੇ 6 ਹਜ਼ਾਰ ਰੁਪਏ ਤਕ ਮੁਨਾਫਾ ਹੋ ਸਕਦਾ ਹੈ।
ਪਰਾਲੀ ਨੂੰ ਟਿਕਾਣੇ ਲਾਉਣਾ ਕਿਸਾਨਾਂ ਲਈ ਸੌਖਾ ਨਹੀਂ
ਡਾ. ਕਾਰਥਾ ਨੇ ਕਿਹਾ ਕਿ ਖੇਤੀਬਾੜੀ ਦੌਰਾਨ ਪਰਾਲੀ ਨਿਕਲਣਾ ਤਾਂ ਤੈਅ ਹੈ ਪਰ ਪਰਾਲੀ ਨੂੰ ਟਿਕਾਣੇ ਲਾਉਣਾ ਕਿਸਾਨਾਂ ਲਈ ਵੀ ਸੌਖਾ ਨਹੀਂ ਹੈ ਕਿਉਂਕਿ ਪਰਾਲੀ ਦੀ ਕਟਾਈ ਵੀ ਆਸਾਨ ਨਹੀਂ, ਇਸ ਨੂੰ ਆਮ ਮਸ਼ੀਨਾਂ ਨਾਲ ਕੱਟ ਵੀ ਨਹੀਂ ਸਕਦੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਵੀ ਪਰਾਲੀ ਨੂੰ ਟਿਕਾਣੇ ਲਾਉਣ ਲਈ ਇਕ ਤਕਨੀਕ ਦੀ ਖੋਜ ਕੀਤੀ ਹੈ। ਤਕਨੀਕ ਤਹਿਤ ਹੈਪੀ ਸੀਡਰ ਮਸ਼ੀਨ ਦੀ ਮਦਦ ਨਾਲ ਪਰਾਲੀ ਨੂੰ ਕੱਟ ਕੇ ਵਾਪਸ ਮਿੱਟੀ 'ਚ ਪਾ ਦਿੱਤਾ ਜਾਂਦਾ ਹੈ। ਇਹ ਪਰਾਲੀ ਮਿੱਟੀ 'ਚ ਪਹੁੰਚ ਕੇ ਖਾਦ ਦਾ ਰੂਪ ਲੈ ਲੈਂਦੀ ਹੈ। ਪਰਾਲੀ ਦੇ ਖਾਦ ਬਣਦਿਆਂ ਹੀ ਕਿਸਾਨ ਮਿੱਟੀ 'ਚ ਨਵੀਂ ਫਸਲ ਲਈ ਬੀਜ ਬੀਜ ਸਕਦੇ ਹਨ ਤੇ ਅਜਿਹੀ ਮਿੱਟੀ ਬਹੁਤ ਵਧੀਆ ਫਸਲ ਪੈਦਾ ਕਰ ਸਕਦੀ ਹੈ।


Related News