ਚੀਨੀਆਂ ਨੂੰ ਪਛਾੜ ਕੇ ਕੈਨੇਡਾ ਦੇ ਡਰੱਗ ਮਾਫੀਆ ''ਤੇ ਪੰਜਾਬੀਆਂ ਦਾ ਕਬਜ਼ਾ

08/20/2017 12:59:08 AM

ਜਲੰਧਰ - ਕੈਨੇਡਾ ਦੇ ਡਰੱਗ ਮਾਫੀਆ 'ਤੇ ਕਦੇ ਚੀਨੀਆਂ ਦਾ ਕਬਜ਼ਾ ਰਿਹਾ ਹੈ ਪਰ ਹੁਣ ਇਹ ਬਾਦਸ਼ਾਹਤ ਪੰਜਾਬੀਆਂ ਕੋਲ ਹੈ। ਇਸ ਤੋਂ ਪਹਿਲਾਂ ਤਕ ਚੀਨੀ ਹੀ ਹੈਰੋਇਨ ਅਤੇ ਹੋਰਨਾਂ ਨਸ਼ੀਲੀਆਂ ਵਸਤਾਂ ਦੀ ਸਮੱਗਲਿੰਗ ਕਰਦੇ ਸਨ। ਪੰਜਾਬੀ ਸਮੱਗਲਰ ਤਾਂ ਸਿਰਫ ਪੰਜਾਬ ਤੋਂ ਹੈਰੋਇਨ ਦੀਆਂ ਖੇਪਾਂ ਮੰਗਵਾਉਣ ਦਾ ਕੰਮ ਕਰਦੇ ਸਨ। ਜਿਵੇਂ-ਜਿਵੇਂ ਕੈਨੇਡਾ 'ਚ ਪੰਜਾਬੀਆਂ ਦੀ ਆਬਾਦੀ ਵਧਣ ਲੱਗੀ ਅਤੇ ਪੰਜਾਬ ਤੋਂ ਜਾਣ ਵਾਲੇ ਨੌਜਵਾਨ ਸਰਗਰਮੀ ਨਾਲ ਡਰੱਗ ਮਾਫੀਆ ਨਾਲ ਜੁੜਨ ਲੱਗੇ ਤਾਂ ਪੰਜਾਬੀ ਚੀਨੀਆਂ 'ਤੇ ਭਾਰੂ ਹੋ ਗਏ। ਇਸ ਸਮੇਂ ਟੋਰਾਂਟੋ 'ਚ ਤਿੰਨ ਅਤੇ ਵੈਨਕੂਵਰ 'ਚ 2 ਵੱਡੇ ਗਿਰੋਹ ਕੰਮ ਕਰ ਰਹੇ ਹਨ ਜੋ ਪੰਜਾਬੀਆਂ ਨਾਲ ਸੰਬੰਧਤ ਹਨ। ਇਨ੍ਹਾਂ 'ਚੋਂ ਵਧੇਰੇ ਗੈਂਗ ਕਬੱਡੀ ਨਾਲ ਜੁੜੇ ਮਸਲਮੈਨ ਸਮਝੇ ਜਾਣ ਵਾਲੇ ਪੰਜਾਬੀਆਂ ਦੇ ਹਨ। ਭੋਲਾ ਡਰੱਗ ਰੈਕੇਟ 'ਚ ਵੀ ਕੈਨੇਡਾ ਦੇ ਰਹਿਣ ਵਾਲੇ ਦੋ ਐੱਨ.ਆਰ. ਆਈਜ਼ ਦਾ ਨਾਂ ਸਾਹਮਣੇ ਆਇਆ ਸੀ। ਇਹੀ ਨਹੀਂ, ਪੰਜਾਬ 'ਚ ਡਰੱਗ ਸਮੱਗਲਿੰਗ ਨਾਲ ਜੁੜੇ ਭੋਲਾ ਡਰੱਗ ਰੈਕੇਟ ਦੇ ਮਾਮਲੇ 'ਚ ਸੀ. ਬੀ. ਆਈ. ਕੈਨੇਡਾ ਦੀ ਸਰਕਾਰ ਕੋਲੋਂ 16 ਐੱਨ. ਆਰ. ਆਈਜ਼ ਦੀ ਹਵਾਲਗੀ ਤਕ ਦੀ ਮੰਗ ਕਰ ਚੁੱਕੀ ਹੈ।
ਪੰਜਾਬੀਆਂ ਦੇ ਰਿਮੋਟ ਕੰਟਰੋਲ ਨਾਲ ਚੱਲ ਰਿਹਾ ਹੈ ਯੂ. ਕੇ. - ਕੈਨੇਡਾ ਦਾ ਮਾਫੀਆ
ਯੂ. ਕੇ. ਅਤੇ ਕੈਨੇਡਾ ਦਾ ਮਾਫੀਆ ਪੰਜਾਬੀਆਂ ਦੇ ਰਿਮੋਟ ਕੰਟਰੋਲ ਨਾਲ ਚੱਲ ਰਿਹਾ ਹੈ। ਯੂ. ਕੇ. 'ਚ ਕੁਝ ਪੰਜਾਬੀ ਫਰਾਂਸ ਅਤੇ ਨਾਲ ਲੱਗਦੇ ਹੋਰਨਾਂ ਦੇਸ਼ਾਂ ਤੋਂ ਸ਼ਰਾਬ ਦੀ ਸਮੱਗਲਿੰਗ ਕਰਦੇ ਹਨ ਅਤੇ ਇਸ ਦੇ ਨਾਲ-ਨਾਲ ਪੰਜਾਬ ਤੋਂ ਹੈਰੋਇਨ ਉਥੇ ਲੈ ਜਾਂਦੇ ਹਨ। ਇਹ ਕੰਮ ਇਹ ਵਿਅਕਤੀ ਉਥੇ ਸਰਗਰਮ ਮਾਫੀਆ ਨਾਲ ਮਿਲ ਕੇ ਕਰਦੇ ਹਨ। ਇਸੇ ਤਰ੍ਹਾਂ ਕੈਨੇਡਾ 'ਚ ਕੁਝ ਪੰਜਾਬੀ ਹੈਰੋਇਨ ਦੀ ਸਮੱਗਲਿੰਗ ਕਰ ਰਹੇ ਹਨ। ਇਥੇ ਅਜਿਹੇ ਕਈ ਗਿਰੋਹ ਸਰਗਰਮ ਹਨ ਜੋ ਇਸ ਮਾਫੀਆ ਲਈ ਕੰਮ ਕਰਦੇ ਹਨ। ਕੈਨੇਡਾ 'ਚ ਹੈਰੋਇਨ ਦੀ ਸਮੱਗਲਿੰਗ ਨਾਲ ਜੁੜੇ ਕੁਝ ਵਿਅਕਤੀ ਪੰਜਾਬ 'ਚ ਇਸ ਰੈਕੇਟ ਨਾਲ ਜੁੜੇ ਆਪਣੇ ਰਿਸ਼ਤੇਦਾਰਾਂ ਰਾਹੀਂ ਹੈਰੋਇਨ ਦੀ ਖੇਪ ਮੰਗਵਾਉਂਦੇ ਹਨ।
ਡਰੱਗ ਮਾਫੀਆ ਨਾਲ ਜੁੜੇ ਪੰਜਾਬੀਆਂ 'ਚ ਗੈਂਗਵਾਰ
ਬੀਤੇ 5 ਸਾਲਾਂ ਦੌਰਾਨ ਵੈਨਕੂਵਰ ਅਤੇ ਟੋਰਾਂਟੋ ਵਿਖੇ ਸਰਗਰਮ ਪੰਜਾਬੀ ਗੈਂਗਾਂ 'ਚ ਹੋਈ ਖੂਨੀ ਜੰਗ ਕਾਰਨ 125 ਪੰਜਾਬੀ ਨੌਜਵਾਨਾਂ ਦੀ ਜਾਨ ਜਾ ਚੁੱਕੀ ਹੈ। ਇਸ ਗੈਂਗਵਾਰ ਤੋਂ ਕੈਨੇਡਾ ਦੀ ਸਰਕਾਰ ਵੀ ਪ੍ਰੇਸ਼ਾਨ ਹੈ। ਕੁਝ ਸਾਲ ਪਹਿਲਾਂ ਕੈਨੇਡਾ ਦੀ ਪੁਲਸ ਨੇ ਪੰਜਾਬ ਪੁਲਸ ਕੋਲੋਂ ਇਸ ਸੰਬੰਧੀ ਸਹਿਯੋਗ ਮੰਗਿਆ ਸੀ। ਇਨ੍ਹਾਂ 'ਚੋਂ ਵਧੇਰੇ ਨੌਜਵਾਨ ਦੋਆਬਾ ਅਤੇ ਮਾਲਵਾ ਨਾਲ ਸੰਬੰਧ ਰੱਖਦੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਗੈਂਗਵਾਰ 'ਚ ਆਪਣੇ ਰਿਸ਼ਤੇਦਾਰਾਂ ਦੀ ਜਾਨ ਗੁਆਉਣ ਦੇ ਬਾਵਜੂਦ ਉਨ੍ਹਾਂ ਦੇ ਨੇੜਲੇ ਰਿਸ਼ਤੇਦਾਰ ਮੋਟੀ ਕਮਾਈ ਵਾਲੇ ਇਸ ਕਾਰੋਬਾਰ 'ਚ ਲੱਗੇ ਹੋਏ ਹਨ। ਕੈਨੇਡਾ ਅਤੇ ਅਮਰੀਕਾ 'ਚ ਬੀਤੇ ਕੁੱਝ ਸਮੇਂ ਤੋਂ ਹੈਰੋਇਨ ਦੀ ਖਪਤ ਬਹੁਤ ਵਧੀ ਹੈ। ਕੈਨੇਡਾ ਅਮਰੀਕਾ ਦੀ ਸਰਹੱਦ 'ਤੇ ਸਥਿਤ ਹੈ। ਇਸ ਦਾ ਲਾਭ ਉਠਾਉਂਦੇ ਹੋਏ ਹੈਰੋਇਨ ਦੀ ਸਮੱਗਲਿੰਗ ਕੀਤੀ ਜਾਂਦੀ ਹੈ।
ਸੁਪਾਰੀ ਦੇ ਕੇ ਕਰਵਾਏ ਜਾਂਦੇ ਹਨ ਕਤਲ
ਕੈਨੇਡਾ 'ਚ ਸਰਗਰਮ ਪੰਜਾਬੀ ਡਰੱਗ ਮਾਫੀਆ ਗੈਂਗ ਆਪਣੇ ਵਿਰੋਧੀ ਗੈਂਗਾਂ ਦੇ ਮੈਂਬਰਾਂ ਦੀ ਹੱਤਿਆ ਉਥੇ ਸਰਗਰਮ ਗੋਰਿਆਂ ਅਤੇ ਨੀਗਰੋ ਗੈਂਗਾਂ ਕੋਲੋਂ ਸੁਪਾਰੀ ਦੇ ਕੇ ਕਰਵਾਉਂਦੇ ਹਨ। ਇੰਟੈਲੀਜੈਂਸ ਏਜੰਸੀਆਂ ਦੇ ਰਿਕਾਰਡ ਮੁਤਾਬਕ ਦੋਆਬੇ ਦੇ ਪੰਜ ਦਰਜਨ ਨੌਜਵਾਨ ਬੀਤੇ 5 ਸਾਲਾਂ 'ਚ ਇਸ ਗੈਂਗਵਾਰ ਦੌਰਾਨ ਮਾਰੇ ਗਏ ਹਨ। ਇਨ੍ਹਾਂ 'ਚੋਂ ਸ਼ੇਰਾ ਨਾਂ ਦਾ ਇਕ ਨੌਜਵਾਨ ਕੈਨੇਡਾ ਦੀ ਸਰਹੱਦ ਤੋਂ ਟਰੱਕ ਰਾਹੀਂ ਅਮਰੀਕਾ ਤਕ ਹੈਰੋਇਨ ਦੀ ਸਮੱਗਲਿੰਗ ਕਰਦਾ ਸੀ। ਉਸ ਦੀ ਹੱਤਿਆ ਇਸ ਸਰਹੱਦ 'ਤੇ ਨੀਗਰੋ ਕਾਤਲਾਂ ਨੇ ਕੀਤੀ ਸੀ। ਕੈਨੇਡਾ ਡਰੱਗ ਮਾਫੀਆ ਨਾਲ ਇਨ੍ਹਾਂ ਮਾਮਲਿਆਂ ਦੇ ਜੁੜੇ ਹੋਣ ਕਾਰਨ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਇਨ੍ਹਾਂ ਮਾਮਲਿਆਂ ਨੂੰ ਭੇਤ ਖੁੱਲ੍ਹਣ ਦੇ ਡਰ ਕਾਰਨ ਖੁਦ ਹੀ ਦਬਾਅ ਦਿੰਦੇ ਹਨ। 2016 'ਚ ਟੋਰਾਂਟੋ ਵਿਖੇ ਇਕ ਪੰਜਾਬੀ ਨੌਜਵਾਨ ਦੀ ਗੈਂਗਵਾਰ 'ਚ ਹੱਤਿਆ ਕਰ ਦਿੱਤੀ ਗਈ ਸੀ। ਇਸ ਨੌਜਵਾਨ ਦਾ ਨਾਂ ਇਕ ਵੱਡੇ ਡਰੱਗ ਰੈਕੇਟ 'ਚ ਸਾਹਮਣੇ ਆਇਆ ਸੀ। ਅਜਿਹੇ ਕਈ ਮਾਮਲੇ ਕੈਨੇਡਾ 'ਚ ਹੋ ਰਹੇ ਹਨ।
ਭੋਲਾ ਡਰੱਗ ਰੈਕੇਟ ਨਾਲ ਜੁੜੇ ਐੱਨ. ਆਰ. ਆਈਜ਼ ਦਾ ਰੈੱਡ ਕਾਰਨਰ ਨੋਟਿਸ ਜਾਰੀ
6000 ਕਰੋੜ ਰੁਪਏ ਦੇ ਭੋਲਾ ਡਰੱਗ ਰੈਕੇਟ ਵਿਚ ਹੁਣ ਤਕ ਈ. ਡੀ. ਇਕ ਦਰਜਨ ਕੈਨੇਡਾ ਦੇ ਐੱਨ. ਆਰ. ਆਈਜ਼ ਵਿਰੁੱਧ ਚਾਰਜਸ਼ੀਟ ਦਾਇਰ ਕਰ ਚੁੱਕਾ ਹੈ। ਇਸ ਤੋਂ ਇਲਾਵਾ 16 ਐੱਨ. ਆਰ. ਆਈਜ਼ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਇਨ੍ਹਾਂ 'ਚ 12 ਨੂੰ ਰੈੱਡ ਕਾਰਨਰ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ। ਈ. ਡੀ. ਨੇ ਇਨ੍ਹਾਂ 16 ਐੱਨ. ਆਰ. ਆਈਜ਼ ਬਾਰੇ ਕੋਰਟ ਦੇ ਰਾਹੀਂ ਜਾਣਕਾਰੀ ਮੰਗੀ ਹੈ। ਈ. ਡੀ. ਦੇ ਇਕ ਸੀਨੀਅਰ ਅਫਸਰ ਦਾ ਕਹਿਣਾ ਹੈ ਕਿ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇਨ੍ਹਾਂ ਐੱਨ. ਆਰ. ਆਈਜ਼ ਨੂੰ ਇਥੇ ਲਿਆ ਕੇ ਪੁੱਛਗਿੱਛ ਕਰੀਏ ਕਿਉਂਕਿ ਹੁਣ ਤਕ ਦੀ ਜਾਂਚ ਵਿਚ ਇਨ੍ਹਾਂ ਦੇ ਭੋਲਾ ਡਰੱਗ ਰੈਕੇਟ ਵਿਚ ਸ਼ਾਮਿਲ ਹੋਣ ਦੇ ਪੁਖਤਾ ਸਬੂਤ ਸਾਨੂੰ ਮਿਲੇ ਹਨ। ਜੇਕਰ ਅਸੀਂ ਇਨ੍ਹਾਂ ਲੋਕਾਂ ਨੂੰ ਇਥੇ ਲਿਆਉਣ ਵਿਚ ਸਫਲ ਹੁੰਦੇ ਹਾਂ ਤਾਂ ਇਸ ਮਾਮਲੇ ਵਿਚ ਹੋਰ ਖੁਲਾਸੇ ਹੋਣ ਦੀ ਆਸ ਹੈ। ਜਿਨ੍ਹਾਂ ਇਕ ਦਰਜਨ ਐੱਨ. ਆਰ. ਆਈਜ਼ ਨੂੰ ਚਾਰਜਸ਼ੀਟ ਵਿਚ ਸ਼ਾਮਿਲ ਕੀਤਾ ਗਿਆ ਹੈ, ਉਨ੍ਹਾਂ ਵਿਚ ਇਕ ਯੂ. ਕੇ. ਦਾ ਐੱਨ. ਆਰ. ਆਈ. ਵੀ ਸ਼ਾਮਿਲ ਹੈ। ਇਨ੍ਹਾਂ 'ਚੋਂ ਕੁਝ ਐੱਨ. ਆਰ. ਆਈਜ਼ ਇਸ ਸਮੇਂ ਜੇਲ ਵਿਚ ਹਨ, ਕੁਝ ਨੇ ਜ਼ਮਾਨਤ ਕਰਵਾ ਲਈ ਹੈ। ਈ. ਡੀ. ਦੇ ਰਾਡਾਰ 'ਤੇ ਕੁਝ ਹੋਰ ਐੱਨ. ਆਰ. ਆਈਜ਼ ਵੀ ਹਨ, ਜੋ ਦੂਜੇ ਦੇਸ਼ਾਂ ਵਿਚ ਡਰੱਗ ਦੀ ਸਮੱਗਲਿੰਗ ਕਰਦੇ ਹਨ। ਅਜੇ ਈ. ਡੀ. ਵਿਦੇਸ਼ ਵਿਚ ਰਹਿ ਰਹੇ ਸਮੱਗਲਰਾਂ ਦੀ ਇਥੋਂ ਦੀਆਂ ਜਾਇਦਾਦਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਹੈਰੋਇਨ ਸਮੱਗਲਿੰਗ ਦਾ ਰੂਟ
ਹੈਰੋਇਨ ਅਫਗਾਨਿਸਤਾਨ ਵਿਚ ਤਿਆਰ ਹੁੰਦੀ ਹੈ। ਉਥੇ 470 ਮੀਟ੍ਰਿਕ ਟਨ ਅਫੀਮ ਦੀ ਖੇਤੀ ਹੁੰਦੀ ਹੈ। 10 ਕਿਲੋ ਅਫੀਮ ਤੋਂ ਇਕ ਕਿਲੋ ਹੈਰੋਇਨ ਤਿਆਰ ਹੁੰਦੀ ਹੈ। ਇਹ ਹੈਰੋਇਨ ਅਫਗਾਨਿਸਤਾਨ ਦੀ ਪਾਕਿ ਸਰਹੱਦ 'ਤੇ ਸਥਿਤ ਖਾਸ ਤੌਰ 'ਤੇ ਬਣਾਈਆਂ ਗਈਆਂ ਲੈਬਾਰਟਰੀਆਂ ਵਿਚ ਇਕ ਰਸਾਇਣਕ ਐਸੀਟਿਕ ਐਨ ਹਾਈਡ੍ਰਾਈਡ ਤੋਂ ਤਿਆਰ ਕੀਤੀ ਜਾਂਦੀ ਹੈ। ਅਫਰੀਕੀ ਭਾਈਚਾਰੇ ਦੇ ਲੋਕ ਅਫੀਮ ਤੋਂ ਹੈਰੋਇਨ ਤਿਆਰ ਕਰਨ ਦਾ ਕੰਮ ਕਰਦੇ ਹਨ। ਹਰ ਸਾਲ ਤਿਆਰ ਹੋਣ ਵਾਲੀ ਹੈਰੋਇਨ 'ਚੋਂ 20 ਫੀਸਦੀ ਹੈਰੋਇਨ ਪੰਜਾਬ ਦੇ ਨਾਲ ਲੱਗਦੀ ਸਰਹੱਦ ਤੋਂ ਇਥੇ ਭੇਜੀ ਜਾਂਦੀ ਹੈ।  ਪਾਕਿਸਤਾਨ ਦੇ ਬਲੋਚਿਸਤਾਨ ਵਿਚ ਤਿਆਰ ਹੋ ਕੇ ਪੇਸ਼ਾਵਰ ਦੇ ਰਸਤਿਓਂ ਵੱਡੇ-ਛੋਟੇ ਵ੍ਹੀਕਲਾਂ 'ਚ ਇਹ ਹੈਰੋਇਨ ਲਾਹੌਰ ਪਹੁੰਚਦੀ ਹੈ। ਉਥੇ ਇਸ ਦੀ ਕੀਮਤ ਡੇਢ ਲੱਖ ਰੁਪਏ ਕਿਲੋ ਹੁੰਦੀ ਹੈ। ਲਾਹੌਰ ਤੋਂ ਇਹ ਸਰਹੱਦ ਪਾਰ ਸਮੱਗਲਿੰਗ ਕਰ ਕੇ ਅੰਮ੍ਰਿਤਸਰ, ਗੁਰਦਾਸਪੁਰ, ਖੇਮਕਰਨ ਤੋਂ ਹੁੰਦੇ ਹੋਏ ਬੀ. ਐੱਸ. ਐੱਫ. ਅਤੇ ਪੁਲਸ ਦੀ ਨੱਕ ਹੇਠੋਂ ਪੰਜਾਬ, ਹਰਿਆਣਾ ਅਤੇ ਦਿੱਲੀ ਦੀ ਪੁਲਸ ਦੇ ਸੁਰੱਖਿਆ ਤੰਤਰਾਂ ਨੂੰ ਤੋੜਦੇ ਹੋਏ ਦਿੱਲੀ ਪਹੁੰਚਾ ਦਿੱਤੀ ਜਾਂਦੀ ਹੈ। ਇਸ ਵਿਚ ਰੋਚਕ ਗੱਲ ਇਹ ਵੀ ਹੈ ਕਿ ਅੰਮ੍ਰਿਤਸਰ, ਖੇਮਕਰਨ ਅਤੇ ਗੁਰਦਾਸਪੁਰ ਸੈਕਟਰ ਤੋਂ ਸਮੱਗਲਰ ਕਾਰਾਂ ਅਤੇ ਟਰੱਕਾਂ ਵਿਚ ਲੁਕਾ ਕੇ ਇਸ ਨੂੰ ਬਹੁਤ ਚਲਾਕੀ ਨਾਲ ਦਿੱਲੀ ਭੇਜਦੇ ਹਨ।
ਕੈਨੇਡਾ ਤੋਂ ਅਮਰੀਕਾ ਭੇਜੀ ਜਾਂਦੀ ਹੈ ਡਰੱਗ
ਕੈਨੇਡਾ 'ਚ ਸਰਗਰਮ ਮਾਫੀਆ ਹੈਰੋਇਨ ਅਤੇ ਹੋਰ ਨਸ਼ੀਲੀਆਂ ਵਸਤਾਂ ਵੱਡੀਆਂ ਮੋਟਰ ਗੱਡੀਆਂ ਰਾਹੀਂ ਅਮਰੀਕਾ ਲੈ ਕੇ ਜਾਂਦੇ ਹਨ। ਪੰਜਾਬ 'ਚ ਸਰਗਰਮ ਕੇਂਦਰੀ ਏਜੰਸੀਆਂ ਦੇ ਇਕ ਚੋਟੀ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਦਿੱਤੀ ਗਈ ਸੂਚਨਾ ਦੇ ਆਧਾਰ 'ਤੇ ਕੈਨੇਡਾ 'ਚ ਬੀਤੇ 5 ਸਾਲ 'ਚ ਡਰੱਗ ਦੀਆਂ ਕਈ ਵੱਡੀਆਂ ਖੇਪਾਂ ਫੜੀਆਂ ਗਈਆਂ ਹਨ। ਕੇਨੇਡਾ ਅਤੇ ਯੂ. ਕੇ. 'ਚ ਸਰਗਰਮ ਮਾਫੀਆ ਸਤੰਬਰ ਤੋਂ ਮਾਰਚ ਤਕ ਇਥੋਂ ਨਸ਼ੀਲੀਆਂ ਵਸਤਾਂ ਦੀ ਸਮੱਗਲਿੰਗ ਕਰਦਾ ਹੈ। ਇਸ ਗੱਲ ਦੀ ਜਾਣਕਾਰੀ ਕੇਂਦਰੀ ਏਜੰਸੀਆਂ ਕੋਲ ਵੀ ਹੈ। ਇਸ ਲਈ ਅਜਿਹੇ ਐੱਨ. ਆਰ. ਆਈਜ਼ 'ਤੇ ਨਜ਼ਰ ਰੱਖਣ ਦੇ ਹੁਕਮ ਦਿੱਤੇ ਗਏ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਚੋਟੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੈਨੇਡਾ ਦੇ ਡਰੱਗ ਮਾਫੀਆ 'ਤੇ ਪੰਜਾਬੀਆਂ ਦਾ ਕਬਜ਼ਾ ਹੈ। ਇਹ ਮਾਫੀਆ ਪੰਜਾਬ ਦੇ ਸਮੱਗਲਰਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਈ. ਡੀ. ਜਿਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਿਹਾ ਹੈ, ਉਨ੍ਹਾਂ ਦੀਆਂ ਤਾਰਾਂ ਵੀ ਕੈਨੇਡਾ ਨਾਲ ਜੁੜੀਆਂ ਹੋਈਆਂ ਹਨ।
ਰੁਜ਼ਗਾਰ ਦੀ ਭਾਲ 'ਚ ਕੈਨੇਡਾ ਜਾਣ ਵਾਲੇ ਨੌਜਵਾਨਾਂ 'ਤੇ ਰਹਿੰਦੀ ਹੈ ਨਜ਼ਰ
ਕੈਨੇਡਾ 'ਚ ਰੁਜ਼ਗਾਰ ਦੀ ਭਾਲ 'ਚ ਲੱਖਾਂ ਰੁਪਏ ਖਰਚ ਕਰ ਕੇ ਜਾਣ ਵਾਲੇ ਨੌਜਵਾਨ ਅਕਸਰ ਇਨ੍ਹਾਂ ਸਮੱਗਲਰਾਂ ਦੇ ਚੱਕਰ 'ਚ ਫਸ ਜਾਂਦੇ ਹਨ। ਡਰੱਗ ਸਮੱਗਲਿੰਗ ਰਾਹੀਂ ਲੰਬੇ ਸਮੇਂ ਤੋਂ ਜੁੜੇ ਲੋਕਾਂ ਦੀਆਂ ਵਧੇਰੇ ਨਜ਼ਰਾਂ ਪੰਜਾਬ ਤੋਂ ਆਉਣ ਵਾਲੇ ਨਵੇਂ ਨੌਜਵਾਨਾਂ 'ਤੇ ਰਹਿੰਦੀਆਂ ਹਨ। ਉਨ੍ਹਾਂ ਨੂੰ ਰੁਜ਼ਗਾਰ ਦਾ ਝਾਂਸਾ ਦੇ ਕੇ ਉਹ ਇਨ੍ਹਾਂ ਨੂੰ ਇਕ ਕੋਰੀਅਰ ਵਜੋਂ ਵਰਤਦੇ ਹਨ। ਕੇਂਦਰੀ ਏਜੰਸੀਆਂ ਕੋਲ ਅਜਿਹੀਆਂ ਸੂਚਨਾਵਾਂ ਹੁੰਦੀਆਂ ਹਨ ਕਿ ਕੈਨੇਡਾ ਅਤੇ ਯੂ. ਕੇ. 'ਚ ਰਹਿ ਰਹੇ ਖਾਲਿਸਤਾਨ ਹਮਾਇਤੀ ਡਰੱਗ ਸਮੱਗਲਿੰਗ 'ਚ ਸ਼ਾਮਿਲ ਹਨ। ਜਲਦੀ ਵੱਧ ਪੈਸਾ ਕਮਾਉਣ ਦੇ ਚੱਕਰ 'ਚ ਇਹ ਨੌਜਵਾਨ ਇਨ੍ਹਾਂ ਸਮੱਗਲਰਾਂ ਦੇ ਝਾਂਸੇ 'ਚ ਆ ਜਾਂਦੇ ਹਨ।
ਕੈਨੇਡਾ ਦੇ ਡਰੱਗ ਰੈਕੇਟ 'ਚ ਜਲੰਧਰ ਦਾ ਕੁਨੈਕਸ਼ਨ
ਕੈਨੇਡਾ ਦੇ ਡਰੱਗ ਰੈਕੇਟ ਦਾ ਜਲੰਧਰ ਨਾਲ ਵੀ ਕੁਨੈਕਸ਼ਨ ਦੱਸਿਆ ਜਾਂਦਾ ਹੈ। ਜਲੰਧਰ 'ਚ ਲਗਭਗ 10 ਸਾਲ ਪਹਿਲਾਂ ਇਕ ਵੱਡੇ ਐੱਨ. ਆਰ. ਆਈ. ਨੇ ਇਕ ਪਾਰਟੀ ਦਾ ਆਯੋਜਨ ਕੀਤਾ ਸੀ। ਇਸ 'ਚ ਯੂ. ਕੇ. ਅਤੇ ਕੈਨੇਡਾ ਦੇ ਡਰੱਗ ਮਾਫੀਆ ਨਾਲ ਜੁੜੇ ਵੱਡੇ ਲੋਕਾਂ ਨੇ ਹਿੱਸਾ ਲਿਆ ਸੀ। ਯੂ. ਕੇ. ਦੀ ਪੁਲਸ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ। ਸਕਾਟਲੈਂਡ ਯਾਰਡ ਪੁਲਸ ਵਿਖੇ ਕੰਮ ਕਰਦੇ ਪੰਜਾਬੀ ਮੂਲ ਦੇ ਇਕ ਅਧਿਕਾਰੀ ਨੂੰ ਉਦੋਂ ਜਲੰਧਰ ਭੇਜਿਆ ਗਿਆ ਸੀ। ਪੰਜਾਬ ਪੁਲਸ ਦੇ ਇੰਟੈਲੀਜੈਂਸ ਦੇ ਇਕ ਚੋਟੀ ਦੇ ਅਧਿਕਾਰੀ ਨੇ ਇਸ ਬਾਰੇ ਰਿਪੋਰਟ ਵੀ ਤਿਆਰ ਕੀਤੀ ਸੀ। ਉਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ  ਸੀ ਕਿ ਹੁਣ ਪੰਜਾਬੀ ਯੂ. ਕੇ., ਕੈਨੇਡਾ ਅਤੇ ਅਮਰੀਕਾ 'ਚ ਡਰੱਗ ਸਮੱਗਲਿੰਗ 'ਚ ਸ਼ਾਮਿਲ ਹੋ ਰਹੇ ਹਨ।
ਕੈਨੇਡਾ 'ਚ ਪੰਜਾਬੀਆਂ 'ਚ ਗੈਂਗਵਾਰ ਦੇ ਪਿੱਛੇ ਕਾਰਨ
ਸ਼ੁਰੂਆਤ 'ਚ ਜੋ ਪੰਜਾਬੀ ਕੈਨੇਡਾ ਜਾਂਦੇ ਸਨ, ਗੋਰਿਆਂ ਵੱਲੋਂ ਤੰਗ-ਪ੍ਰੇਸ਼ਾਨ ਅਤੇ ਝਗੜੇ ਕੀਤੇ ਜਾਣ 'ਤੇ ਕੁਝ ਪੰਜਾਬੀਆਂ ਨੇ ਆਪਣੇ ਪੰਜਾਬੀ ਭਰਾਵਾਂ ਨੂੰ ਬਚਾਉਣ ਲਈ ਇਕ ਸੰਗਠਨ ਬਣਾ ਲਿਆ, ਇਹੀ ਸੰਗਠਨ ਬਾਅਦ 'ਚ ਡਰੱਗ ਮਾਫੀਆ ਨਾਲ ਜੁੜ ਗਿਆ ਤੇ ਹੌਲੀ-ਹੌਲੀ ਗੈਂਗਵਾਰ ਸ਼ੁਰੂ ਹੋ ਗਿਆ, ਇਸੇ ਦਾ ਨਤੀਜਾ ਕੈਨੇਡਾ 'ਚ ਮੁੱਖ ਕ੍ਰਿਮੀਨਲ ਬੌਸ ਬਿੰਦੀ ਜੌਹਲ ਦੀ ਹੱਤਿਆ ਵੀ ਹੈ।


Related News