ਜਲਾਲਾਬਾਦ ਦੀਆਂ 154 ਪੰਚਾਇਤਾਂ ਲਈ 206 ਪੋਲਿੰਗ ਬੂਥ ਨਿਰਧਾਰਤ
Wednesday, Dec 19, 2018 - 06:06 PM (IST)

ਜਲਾਲਾਬਾਦ (ਸੇਤੀਆ) : ਜਲਾਲਾਬਾਦ ਸਬਡਿਵੀਜ਼ਨ ਅੰਦਰ 154 ਪੰਚਾਇਤਾਂ ਲਈ ਆਖਿਰੀ ਦਿਨ ਨਾਮਜ਼ਦਗੀਆਂ ਭਰਣ ਦੀ ਹੋੜ ਲੱਗੀ ਰਹੀ, ਉਥੇ ਹੀ ਪ੍ਰਸ਼ਾਸਨ ਵਲੋਂ ਪੰਚਾਇਤੀ ਚੋਣਾਂ ਨੂੰ ਸਫਲ ਬਨਾਉਣ ਲਈ ਵੀ ਪੂਰੀ ਯੋਜਨਾ ਬਣਾਈ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਡੀ. ਐੱਮ. ਕੇਸ਼ਵ ਗੋਇਲ ਨੇ ਦੱਸਿਆ ਕਿ ਜਲਾਲਾਬਾਦ ਸਬਡਿਵੀਜ਼ਨ ਅੰਦਰ 154 ਪੰਚਾਇਤਾਂ ਲਈ ਕੁੱਲ 13 ਕਲੱਸਟਰ ਬਣਾਏ ਗਏ ਹਨ ਅਤੇ 1 ਕਲੱਸਟਰ ਪਿਛੇ 12 ਪਿੰਡ ਲਗਾਏ ਗਏ ਹਨ। ਇਨ੍ਹਾਂ ਕਲੱਸਟਰ ਟੀਮਾਂ ਵਿਚ ਇਕ ਆਰ.ਓ. ਅਤੇ ਇਕ ਏ. ਆਰ. ਓ. ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਜਾਂਚ ਪੜਤਾਲ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੋਤਾਹੀ ਨਹੀਂ ਵਰਤਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਕਤ ਪੰਚਾਇਤਾਂ ਲਈ ਕੁੱਲ 206 ਬੂਥ ਨਿਰਧਾਰਿਤ ਕੀਤੇ ਗਏ ਹਨ ਅਤੇ ਇਨ੍ਹਾਂ ਵਿਚ 60 ਸੰਵੇਦਨਸ਼ੀਲ ਅਤੇ 20 ਅਤਿਸੰਵੇਦਨਸ਼ੀਲ ਹਨ।
ਉਨ੍ਹਾਂ ਦੱਸਿਆ ਕਿ 154 ਪੰਚਾਇਤਾਂ ਵਿਚ ਕੁੱਲ ਵੋਟਰਾਂ ਦੀ ਸੰਖਿਆ 1 ਲੱਖ 18 ਹਜ਼ਾਰ 974 ਹੈ ਜਦਕਿ ਇਸ ਵਿਚ 61840 ਪੁਰਸ਼ ਅਤੇ 57075 ਔਰਤਾਂ ਸ਼ਾਮਿਲ ਹਨ। ਉਧਰ ਇਸ ਸੰਬੰਧੀ ਡੀ. ਐੱਸ. ਪੀ. ਜਸਪਾਲ ਸਿੰਘ ਧਾਮੀ ਨੇ ਦੱਸਿਆ ਕਿ ਵੋਟਾਂ ਦੌਰਾਨ ਕਿਸੇ ਵੀ ਗੈਰ-ਸਮਾਜਿਕ ਅਨਸਰਾਂ ਨੂੰ ਸਿਰ ਚੁੱਕਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੰਵੇਦਨਸ਼ੀਲ ਬੂਥਾਂ 'ਤੇ ਪੁਲਸ ਕਰਮਚਾਰੀਆਂ ਦੀ ਵਾਧੂ ਤਾਇਨਾਤੀ ਹੋਵੇਗੀ ਅਤੇ ਨਾਲ ਹੀ ਅਤਿ ਸੰਵੇਦਨਸ਼ੀਲ ਬੂਥਾਂ 'ਤੇ ਨਿਗਰਾਨੀ ਅਤੇ ਸਖਤੀ ਹੋਰ ਵੀ ਪੁਖਤਾ ਕੀਤੀ ਜਾਵੇਗੀ।