ਪਿਛਲੇ ਪੰਜ ਸਾਲਾਂ ਦਾ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਨੂੰ ਭੇਜੇ ਫੰਡਾਂ ਦਾ ਆਡਿਟ ਕੀਤਾ ਜਾਵੇ : ਸਕੱਤਰ ਯੂਨੀਅਨ
Thursday, Apr 05, 2018 - 04:07 PM (IST)

ਮਾਨਸਾ/ਬੁਢਲਾਡਾ (ਮਿੱਤਲ/ਮਨਜੀਤ) — ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ ਹਫਤੇ ਤੋਂ ਪੰਚਾਇਤ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਕਰਮਚਾਰੀਆਂ ਵੱਲੋਂ ਕਲਮ ਛੋੜ ਹੜਤਾਲ ਕਰਕੇ ਧਰਨੇ ਤੇ ਬੈਠੇ ਮੁਲਾਜਮਾਂ ਵੱਲੋਂ ਅੱਜ ਵੀਰਵਾਰ ਨੂੰ ਜ਼ਿਲਾ ਮਾਨਸਾ ਦੇ ਡਿਪਟੀ ਕਮਿਸ਼ਨਰ ਸ : ਬਲਵਿੰਦਰ ਸਿੰਘ ਧਾਲੀਵਾਲ ਨੂੰ ਆਪਣੀਆਂ ਜਾਇਜ ਮੰਗਾਂ ਦਾ ਮੰਗ ਪੱਤਰ ਦਿੱਤਾ ਗਿਆ । ਮੰਗ ਪੱਤਰ ਦੇਣ ਤੋਂ ਬਾਅਦ ਪ੍ਰੈਸ ਨੋਟ ਜਾਰੀ ਕਰਦਿਆਂ ਪੰਚਾਇਤ ਸਕੱਤਰ ਜ਼ਿਲਾ ਮਾਨਸਾ ਦੇ ਪ੍ਰਧਾਨ ਰਾਜਵਿੰਦਰ ਸਿੰਘ ਮੱਤੀ, ਬਲਾਕ ਬੁਢਲਾਡਾ ਦੇ ਪ੍ਰਧਾਨ ਬਲਜਿੰਦਰ ਸਿੰਘ, ਬਲਾਕ ਬੁਢਲਾਡਾ ਦੇ ਸਰਪ੍ਰਸਤ ਅਜੈਬ ਸਿੰਘ ਡੋਗਰਾ, ਬੁਢਲਾਡਾ ਦੀ ਸੁਪਰਡੈਂਟ ਸ਼੍ਰੀਮਤੀ ਨਿਰਮਲਾ ਦੇਵੀ, ਪ੍ਰੈਸ ਸਕੱਤਰ ਅਸ਼ੋਕ ਕੱਕੜ, ਜ਼ਿਲਾ ਮਾਨਸਾ ਦੇ ਸੁਪਰਡੈਂਟ ਪਵਨ ਕੁਮਾਰ ਨੇ ਕਿਹਾ ਕਿ ਪੰਚਾਇਤ ਮੁਲਾਜਮਾਂ ਨੂੰ ਕਦੇ ਵੀ ਸਮੇਂ ਸਿਰ ਤਨਖਾਹ ਨਹੀ ਮਿਲੀ । ਹੁਣ ਵੀ ਪੰਜਾਬ ਦੇ ਵੱਖ-ਵੱਖ ਬਲਾਕਾਂ ਦੇ ਮੁਲਾਜ਼ਮਾਂ ਨੂੰ ਕਈ ਜਗ੍ਹਾ ਤੋਂ 10-10 ਮਹੀਨਿਆਂ ਤੋਂ ਉੱਪਰ ਸਮਾਂ ਹੋ ਗਿਆ ਹੈ ਪਰ ਤਨਖਾਹ ਨਹੀਂ ਦਿੱਤੀ ਗਈ । ਜਦਕਿ ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਮੁਲਾਜਮਾਂ ਨੂੰ ਤਨਖਾਹ ਖਜ਼ਾਨੇ ਰਾਹੀਂ ਦਿੱਤੀ ਜਾਵੇ । ਆਗੂਆਂ ਨੇ ਕਿਹਾ ਕਿ ਪੰਚਾਇਤੀ ਵਿਭਾਗ 'ਚ ਜੋ ਕਰਮਚਾਰੀ 1-1-2004 ਤੋਂ 2012 ਤੱਕ ਭਰਤੀ ਹੋਏ ਹਨ, ਨੂੰ ਵੀ ਪੈਨਸ਼ਨ ਦੇ ਲਾਭ ਅਧੀਨ ਲਿਆਂਦਾ ਜਾਵੇ । ਆਗੂਆਂ ਨੇ ਇਹ ਵੀ ਦੱਸਿਆ ਕਿ ਪੰਚਾਇਤ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਦੇ ਸਾਰੇ ਖਾਤੇ ਬੀ. ਡੀ. ਪੀ. ਓ. ਦੇ ਨਾਲ-ਨਾਲ ਪੰਚਾਇਤ ਅਫਸਰ ਜਾਂ ਸੁਪਰਡੈਂਟ ਨਾਲ ਸਾਂਝੇ ਰੂਪ 'ਚ ਦਸਤਖਤ ਓਪਰੇਟ ਕੀਤੇ ਜਾਣ ਅਤੇ ਈ.ਓ.ਪੀ.ਐੱਸ ਦੀ ਅਸਾਮੀ ਬਹਾਲ ਕੀਤੀ ਜਾਵੇ ਜਾਂ ਬੀ.ਡੀ.ਪੀ.ਓ ਦੀ ਅਸਾਮੀ 'ਚ ਸੁਪਰਡੈਂਟ ਅਤੇ ਪੰਚਾਇਤ ਅਫਸਰ ਲਈ ਕੋਟਾ ਨਿਸ਼ਚਿਤ ਕੀਤਾ ਜਾਵੇ ਅਤੇ ਮੁੱਖ ਦਫਤਰ ਚੰਡੀਗੜ੍ਹ ਵੱਲੋਂ ਪੰਚਾਇਤ ਸੰਮਤੀ ਬੁਢਲਾਡਾ ਅਤੇ ਜ਼ਿਲਾ ਪ੍ਰੀਸ਼ਦ ਮਾਨਸਾ ਨੂੰ ਭੇਜੇ ਗਏ ਪਿਛਲੇ ਪੰਜ ਸਾਲਾਂ ਦੇ ਫੰਡਾਂ ਦਾ ਆਡਿਟ ਕੀਤਾ ਜਾਵੇ । ਇਸ ਧਰਨੇ 'ਚ ਬਹਾਦਰ ਸਿੰਘ, ਜਗਤਾਰ ਸਿੰਘ, ਧਰਮਪਾਲ ਸਿੰਘ, ਰਾਜਵਿੰਦਰ ਸਿੰਘ ਨਿੱਕਾ, ਹਰਭਜਨ ਸਿੰਘ, ਬਲਵਿੰਦਰ ਕੁਮਾਰ, ਬਘੇਰ ਸਿੰਘ, ਭੁਪਿੰਦਰ ਸਿੰਘ ਪੰਚਾਇਤ ਅਫਸਰ ਤੋਂ ਜ਼ਿਲੇ ਦੇ ਵੱਖ-ਵੱਖ ਬਲਾਕਾਂ ਤੋਂ ਸਕੱਤਰ ਮੋਜੂਦ ਸਨ।