ਪਿੰਡ ਫੱਤਾ ਕੁੱਲਾ ਦੀ ਪੰਚਾਇਤ ਨੇ ਕੀਤਾ ਖ਼ੇਤੀ ਕਾਨੂੰਨਾਂ ਖ਼ਿਲਾਫ਼ ਮਤਾ ਪਾਸ, ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
Friday, Feb 26, 2021 - 02:22 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖ਼ੇਤੀ ਕਾਨੂੰਨਾਂ ਦੇ ਖ਼ਿਲਾਫ਼ ਚੱਲ ਰਹੇ ਦੇਸ਼ ਵਿਆਪੀ ਕਿਸਾਨ ਅੰਦੋਲਨ ’ਚ ਪਿੰਡਾਂ ਦੀਆਂ ਪੰਚਾਇਤਾਂ ਨਿੱਤਰ ਕੇ ਸਾਹਮਣੇ ਆ ਰਹੀਆਂ ਹਨ। ਟਾਂਡਾ ਦੇ ਪਿੰਡ ਫੱਤਾ ਕੁੱਲਾ ਦੀ ਗ੍ਰਾਮ ਪੰਚਾਇਤ ਨੇ ਵੀ ਖ਼ੇਤੀ ਕਾਨੂੰਨਾਂ ਖ਼ਿਲਾਫ਼ ਮਤਾ ਪਾਸ ਕਰਕੇ ਮੋਦੀ ਸਰਕਾਰ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਇਸ ਦੌਰਾਨ ਇਹ ਮਤਾ ਪਾਸ ਕਰਦੇ ਸਮੇਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਕਸ਼ਮੀਰ ਸਿੰਘ ਫੱਤਾ ਕੁੱਲਾ, ਹਰਬੰਸ ਸਿੰਘ, ਗੁਰਜੀਤ ਸਿੰਘ ਵਲਟੋਹਾ ਆਦਿ ਦੀ ਹਾਜ਼ਰੀ ’ਚ ਸਰਪੰਚ ਗੁਰਮੀਤ ਸਿੰਘ, ਪੰਚਾਇਤ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਲੈ ਕੇ ਆਉਣ ਵਾਲੀ ਮੋਦੀ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਆਖਿਆ ਕਿ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਲਗਾਤਾਰ ਜੱਥਿਆਂ ਦੇ ਰੂਪ ਵਿੱਚ ਦਿੱਲੀ ਜਾਣਗੇ ਅਤੇ ਉਨ੍ਹਾਂ ਦੀ ਲੜਾਈ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਜਾਰੀ ਰਹੇਗੀ।
ਇਹ ਵੀ ਪੜ੍ਹੋ : ਟਾਂਡਾ ’ਚ ਸ੍ਰੀ ਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸਜਾਏ ਗਏ ਅਲੌਕਿਕ ਨਗਰ ਕੀਰਤਨ
ਮਤੇ ’ਚ ਇਹ ਸਾਫ਼ ਤੌਰ ’ਤੇ ਕਿਹਾ ਗਿਆ ਹੈ ਕਿ ਸਰਕਾਰ ਜੋ ਕਾਨੂੰਨ ਲੈ ਕੇ ਆਈ ਹੈ, ਉਸ ਦੇ ਵਿਰੋਧ ’ਚ ਪਿੰਡ ਫੱਤਾ ਕੁੱਲ ਸਮੂਹ ਗਰੁੱਪ ਪੰਚਾਇਤ ਵਲੋਂ ਮਤਾ ਪਾਸ ਕੀਤਾ ਗਿਆ ਹੈ ਅਤੇ ਨਾਲ ਹੀ ਸਰਕਾਰ ਦਾ ਬਾਈਕਾਟ ਵੀ ਕੀਤਾ ਜਾਂਦਾ ਹੈ। ਇਸ ਮੌਕੇ ਗਿਆਨ ਸਿੰਘ, ਤਰਸੇਮ ਸਿੰਘ, ਗੁਰ ਪ੍ਰਤਾਪ ਸਿੰਘ, ਜਸਪਾਲ ਸਿੰਘ, ਮਨਜੀਤ ਸਿੰਘ, ਗੁਰਦੇਵ ਸਿੰਘ, ਕਰਨੈਲ ਸਿੰਘ, ਮਹਿੰਦਰ ਸਿੰਘ, ਅਮਰ ਸਿੰਘ, ਭੁਪਿੰਦਰ ਸਿੰਘ, ਸਤਨਾਮ ਸਿੰਘ, ਸੁਖਜਿੰਦਰ ਸਿੰਘ,ਲਖਵੀਰ ਸਿੰਘ ਆਦਿ ਮੌਜੂਦ ਸਨ | ਦੱਸਣਯੋਗ ਹੈ ਕਿ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਦੀਆਂ ਹੱਦਾਂ ਨੂੰ ਸੀਲ ਕਰ ਕੇ ਬੈਠੇ ਕਿਸਾਨਾਂ ਦੀ ਅਗਵਾਈ ਕਰ ਰਹੇ ਸੰਗਠਨਾਂ ਦੇ ਨੇਤਾਵਾਂ ਦੇ ਬਿਆਨ ਖਿੱਚੋ-ਤਾਣ ਦਾ ਵੱਡਾ ਕਾਰਣ ਬਣ ਰਹੇ ਹਨ। ਇਕ ਵਾਰ ਮੁੜ ਸਾਂਝੇ ਕਿਸਾਨ ਮੋਰਚੇ ਦੇ ਨੇਤਾਵਾਂ ਨੇ ਕਿਸਾਨ ਨੇਤਾ ਰਾਕੇਸ਼ ਟਿਕੈਤ ਦੇ ਬਿਆਨਾਂ ਤੋਂ ਕਿਨਾਰਾ ਕੀਤਾ ਹੈ। 40 ਲੱਖ ਟਰੈਕਟਰਾਂ ਨਾਲ ਦਿੱਲੀ ਕੂਚ ਕਰਨ ਦੇ ਬਿਆਨ ਨੂੰ ਮੋਰਚੇ ਦੇ ਕਈ ਜਥੇਦਾਰਾਂ ਨੇ ਟਿਕੈਤ ਦਾ ਨਿੱਜੀ ਬਿਆਨ ਦੱਸਦਿਆਂ ਸਪੱਸ਼ਟ ਕੀਤਾ ਹੈ ਕਿ ਮੋਰਚੇ ਦੀ ਅਜਿਹੀ ਕੋਈ ਰਣਨੀਤੀ ਫ਼ਿਲਹਾਲ ਨਹੀਂ ਹੈ।
ਇਹ ਵੀ ਪੜ੍ਹੋ : ਮਹਿਰਾਜ ਰੈਲੀ : ਜਿਸ ਮੋਟਰਸਾਈਕਲ ’ਤੇ ਲੱਖਾ ਸਿਧਾਣਾ ਆਇਆ, ਉਸਦੇ ਮਾਲਕ ਤੋਂ ਪੁਲਸ ਨੇ ਕੀਤੀ ਪੁੱਛਗਿੱਛ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ