ਸਰਕਾਰੀ ਜ਼ਮੀਨਾਂ ਤੋਂ ਕਬਜ਼ੇ ਛੁਡਾਉਣ ਨੂੰ ਲੈ ਕੇ ਪੰਚਾਇਤ ਮੰਤਰੀ ਧਾਲੀਵਾਲ ਦਾ ਅਹਿਮ ਬਿਆਨ, ਕਹੀਆਂ ਇਹ ਗੱਲਾਂ
Monday, Jul 25, 2022 - 08:57 PM (IST)
ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਪੰਜਾਬ ਅੰਦਰ ਸਰਕਾਰੀ ਜ਼ਮੀਨਾਂ ਤੋਂ ਕਬਜ਼ੇ ਛੁਡਾਉਣ ਦੀ ਮੁਹਿੰਮ ’ਚ ਢਿੱਲ ਨਹੀਂ ਆਉਣ ਦਿੱਤੀ ਜਾਵੇਗੀ। ਇਹ ਮੁਹਿੰਮ ਸਿਰਫ ਮੌਜੂਦਾ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਕਾਰਨ ਕੁਝ ਸਮੇਂ ਲਈ ਰੋਕੀ ਗਈ ਹੈ ਅਤੇ ਕਿਸਾਨਾਂ ਵੱਲੋਂ ਝੋਨੇ ਦੀ ਸਾਂਭ-ਸੰਭਾਲ ਉਪਰੰਤ ਜ਼ਮੀਨਾਂ ਵਿਹਲੀਆਂ ਹੋਣ ਤੋਂ ਬਾਅਦ ਇਹ ਮੁਹਿੰਮ ਉਸੇ ਤਰ੍ਹਾਂ ਜਾਰੀ ਰਹੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੇਂਡੂ ਵਿਕਾਸ ਤੇ ਪੰਚਾਇਤ ਅਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਪਹਿਲੇ ਗੇਡ਼ ’ਚ 5 ਏਕੜ ਜ਼ਮੀਨ ਛੁਡਾਉਣ ਦਾ ਟੀਚਾ ਮਿੱਥਿਆ ਸੀ, ਜੋ ਕਿ ਅਸੀਂ 6200 ਏਕੜ ਦੇ ਕਰੀਬ ਜ਼ਮੀਨ ਖਾਲੀ ਕਰਾ ਚੁੱਕੇ ਹਾਂ।
ਇਹ ਵੀ ਪੜ੍ਹੋ : ‘ਆਪ’ ਸਰਕਾਰ ਦੇ ਮੁਹੱਲਾ ਕਲੀਨਿਕਾਂ ਨੂੰ ਲੈ ਕੇ ਸੁਖਬੀਰ ਬਾਦਲ ਦੇ ਟਵੀਟ, CM ਮਾਨ ’ਤੇ ਲਾਏ ਤਿੱਖੇ ਨਿਸ਼ਾਨੇ
ਹੁਣ ਮੁਹਾਲੀ, ਲੁਧਿਆਣਾ, ਅੰਮ੍ਰਿਤਸਰ ਅਤੇ ਹੋਰ ਸ਼ਹਿਰਾਂ ਨਾਲ ਲੱਗਦੀਆਂ ਸਰਕਾਰੀ ਜ਼ਮੀਨਾਂ ਨੂੰ ਛੇਤੀ ਹੀ ਖਾਲੀ ਕਰਾਉਣ ਵੱਲ ਫੋਕਸ ਕੀਤਾ ਜਾ ਰਿਹਾ ਹੈ, ਜਿਸ ਦੀ ਫਿਰ ਤੋਂ ਆਰੰਭਤਾ ਜਲਦ ਹੀ ਹੋਵੇਗੀ ਅਤੇ ਇਸ ਦੇ ਸਾਰਥਕ ਨਤੀਜੇ ਵੀ ਜਲਦ ਹੀ ਸਾਹਮਣੇ ਆਉਣਗੇ। ਉਨ੍ਹਾਂ ਹੋਰ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ’ਚ ਚੱਲ ਰਹੀ ਇਸ ਮੁਹਿੰਮ ਦੌਰਾਨ ਅਸੀਂ ਇਸ ਕੰਮ ਲਈ ਕੋਈ ਧੱਕਾ ਨਹੀਂ ਕਰ ਰਹੇ ਸਗੋਂ ਬਕਾਇਦਾ ਕਾਨੂੰਨੀ ਪ੍ਰਕਿਰਿਆ ਕਰਕੇ ਹੀ ਜ਼ਮੀਨਾਂ ਖਾਲੀ ਕਰਵਾ ਰਹੇ ਹਾਂ। ਉਨ੍ਹਾਂ ਟਿਊਬਵੈੱਲ ਕੁਨੈਕਸ਼ਨਾਂ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ’ਚ ਕਿਹਾ ਕਿ ਇਸ ਸੰਬੰਧੀ ਸੁਪਰੀਮ ਕੋਰਟ ਨੇ ਰੋਕ ਲਾਈ ਹੋਈ ਹੈ, ਜਦੋਂ ਵੀ ਉਸ ’ਤੇ ਫ਼ੈਸਲਾ ਹੋ ਜਾਵੇਗਾ, ਕਿਸਾਨਾਂ ਨੂੰ ਕੁਨੈਕਸ਼ਨ ਦੇ ਦਿੱਤੇ ਜਾਣਗੇ।
ਇਹ ਖ਼ਬਰ ਵੀ ਪੜ੍ਹੋ : ਲੁਧਿਆਣਾ ਰੋਡ ’ਤੇ ਵਾਪਰੇ ਭਿਆਨਕ ਸੜਕ ਹਾਦਸੇ ’ਚ ਕਾਰ ਦੇ ਉੱਡੇ ਪਰਖੱਚੇ, ਨੌਜਵਾਨ ਦੀ ਦਰਦਨਾਕ ਮੌਤ
ਇਸ ਦੌਰਾਨ ਕੰਢੀ ਕਨਾਲ ਨੂੰ ਪੱਕਾ ਕਰਨ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਨਹਿਰ ਨੂੰ ਥੱਲਿਓਂ ਪੱਕਾ ਨਹੀਂ ਕੀਤਾ ਜਾਵੇਗਾ ਅਤੇ ਇਸ ਸਬੰਧੀ ਜਲਦ ਹੀ ਸਰਕਾਰ ਵੱਲੋਂ ਲਿਖਤੀ ਹਦਾਇਤਾਂ ਜਾਰੀ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਹਲਕਾ ਵਿਧਾਇਕ ਦਸੂਹਾ ਕਰਮਵੀਰ ਸਿੰਘ ਘੁੰਮਣ, ‘ਆਪ’ ਆਗੂ ਗੁਰਧਿਆਨ ਸਿੰਘ ਮੁਲਤਾਨੀ, ਹਰਮਿੰਦਰ ਸਿੰਘ ਸੰਧੂ, ਡਿਪਟੀ ਕਮਿਸ਼ਨਰ ਸੰਦੀਪ ਹੰਸ, ਐੱਸ. ਐੱਸ. ਪੀ. ਸਰਤਾਜ ਸਿੰਘ ਚਾਹਲ, ਏ. ਡੀ. ਸੀ. ਦਰਬਾਰਾ ਸਿੰਘ ਰੰਧਾਵਾ, ਵੱਡੀ ਗਿਣਤੀ ’ਚ ‘ਆਪ’ ਆਗੂ ਅਤੇ ਵਰਕਰ ਹਾਜ਼ਰ ਸਨ।