ਪਿੰਡਾਂ ਦੀ ਪੰਚਾਇਤੀ ਜ਼ਮੀਨਾਂ ਨੂੰ ਲੈ ਕੇ ਲਿਆ ਗਿਆ ਵੱਡਾ ਫ਼ੈਸਲਾ, ਜਾਰੀ ਹੋਏ ਨਿਰਦੇਸ਼
Thursday, Jul 16, 2026 - 12:00 PM (IST)
ਮਾਛੀਵਾੜਾ ਸਾਹਿਬ (ਟੱਕਰ) : ਪੰਚਾਇਤ ਵਿਭਾਗ ਵੱਲੋਂ ਪਿੰਡਾਂ ’ਚ ਜੋ ਪੰਚਾਇਤੀ ਜ਼ਮੀਨਾਂ ਹਨ, ਉਨ੍ਹਾਂ ਨੂੰ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 20 ਪ੍ਰਤੀਸ਼ਤ ਵਾਧੇ ਨਾਲ ਚਕੌਤੇ ’ਤੇ ਦੇਣ ਦੇ ਨਿਰਦੇਸ਼ ਜਾਰੀ ਕੀਤੇ ਹੋਏ ਹਨ। ਪਿਛਲੇ ਸਾਲ ਕਣਕ ਦਾ ਘੱਟ ਝਾੜ, ਝੋਨੇ ਨੂੰ ਹੜ੍ਹਾਂ ਦੀ ਮਾਰ ਕਾਰਨ ਕਿਸਾਨਾਂ ਨੂੰ ਫ਼ਸਲਾਂ ਦੀ ਕਾਸ਼ਤ ’ਚ ਆਰਥਿਕ ਘਾਟਾ ਪਿਆ ਪਰ ਇਸਦੇ ਬਾਵਜੂਦ ਸਰਕਾਰ ਨੇ 20 ਪ੍ਰਤੀਸ਼ਤ ਵਾਧੇ ਨਾਲ ਸਾਲ 2026-27 ਲਈ ਜ਼ਮੀਨ ਚਕੌਤੇ ’ਤੇ ਦੇਣ ਦੇ ਹੁਕਮ ਤਾਂ ਜਾਰੀ ਕਰ ਦਿੱਤੇ ਪਰ ਇਸ ਸਬੰਧੀ ਕਈ ਪਿੰਡਾਂ ਵਿਚ ਤਾਂ ਬੋਲੀ ਸਿਰੇ ਚੜ੍ਹ ਗਈ ਅਤੇ ਕਈ ਪਿੰਡਾਂ ਨੇ ਮਹਿੰਗੇ ਭਾਅ ਜ਼ਮੀਨਾਂ ਲੈਣ ਤੋਂ ਇਨਕਾਰ ਕਰ ਦਿੱਤਾ। ਮਾਛੀਵਾੜਾ ਬਲਾਕ ਦੀ ਗੱਲ ਕਰੀਏ ਤਾਂ ਇਸ ਅਧੀਨ 93 ਪਿੰਡਾਂ ਕੋਲ 2616 ਏਕੜ ਪੰਚਾਇਤੀ ਜ਼ਮੀਨ ਹੈ। ਇਸ 2616 ਏਕੜ ਜ਼ਮੀਨ ’ਚੋਂ 408 ਏਕੜ ਅਜਿਹੀ ਹੈ, ਜਿਸ ’ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਜਿਨ੍ਹਾਂ ਦਾ ਅਦਾਲਤ ’ਚ ਕੇਸ ਚੱਲਦਾ ਹੈ, ਜਿਸ ਕਾਰਨ ਇਹ ਜ਼ਮੀਨਾਂ ਚਕੌਤੇ ’ਤੇ ਨਹੀਂ ਦਿੱਤੀਆਂ ਜਾਂਦੀਆਂ। ਮਾਛੀਵਾੜਾ ਬਲਾਕ ਦੀ 2010 ਏਕੜ ਪੰਚਾਇਤੀ ਜ਼ਮੀਨ ’ਤੇ ਪਿਛਲੇ ਸਾਲ ਚਕੌਤੇ ’ਤੇ ਪੰਚਾਇਤ ਵਿਭਾਗ ਨੂੰ 6 ਕਰੋੜ 68 ਲੱਖ 63 ਹਜ਼ਾਰ ਰੁਪਏ ਸਾਲਾਨਾ ਆਮਦਨ ਹੋਈ। ਇਸ ਕਰੋੜਾਂ ਰੁਪਏ ਦੀ ਰਾਸ਼ੀ ’ਚੋਂ 30 ਫ਼ੀਸਦੀ ਪੰਚਾਇਤ ਵਿਭਾਗ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਤੇ ਦਫ਼ਤਰੀ ਖ਼ਰਚੇ ਕਰਦਾ ਹੈ, ਜਦਕਿ 70 ਫੀਸਦੀ ਪਿੰਡਾਂ ਦੇ ਵਿਕਾਸ ਕਾਰਜਾਂ ’ਤੇ ਖ਼ਰਚੇ ਜਾਂਦੇ ਹਨ।
ਇਹ ਵੀ ਪੜ੍ਹੋ : ਪੰਜਾਬ : ਮੁਲਾਜ਼ਮਾਂ ਦੇ ਵੱਡੇ ਪੱਧਰ 'ਤੇ ਤਬਾਦਲੇ, ਤੁਰੰਤ ਤਾਇਨਾਤੀ ਦੇ ਹੁਕਮ
ਇਸ ਵਾਰ ਪੰਚਾਇਤ ਵਿਭਾਗ ਨੇ ਨਿਰਦੇਸ਼ ਦਿੱਤੇ ਕਿ ਹੁਣ ਜ਼ਮੀਨਾਂ 20 ਪ੍ਰਤੀਸ਼ਤ ਵਾਧੇ ਨਾਲ ਚਕੌਤੇ ’ਤੇ ਬੋਲੀ ਕੀਤੀ ਜਾਵੇ ਜਿਸ ਸਬੰਧੀ 1787 ਏਕੜ ਜ਼ਮੀਨ ਹੁਣ ਤੱਕ 20 ਫੀਸਦੀ ਵਾਧੇ ਨਾਲ ਚਕੌਤੇ ’ਤੇ ਕਿਸਾਨਾਂ ਨੂੰ ਖੁੱਲ੍ਹੀ ਬੋਲੀ ਰਾਹੀਂ ਦਿੱਤੀ ਜਾ ਚੁੱਕੀ ਹੈ, ਜਿੱਥੋਂ ਵਿਭਾਗ ਨੂੰ 5 ਕਰੋੜ 71 ਲੱਖ ਰੁਪਏ ਦੀ ਆਮਦਨ ਹੋਈ। ਮਾਛੀਵਾੜਾ ਬਲਾਕ ਦੀ 223 ਏਕੜ ਜ਼ਮੀਨ ਅਜਿਹੀ ਹੈ, ਜਿਸ ਨੂੰ ਕਿਸਾਨਾਂ ਨੇ 20 ਫੀਸਦੀ ਵਾਧੇ ਨਾਲ ਚਕੌਤੇ ’ਤੇ ਲੈਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਹੁਣ ਸਰਕਾਰ ਤੋਂ ਪ੍ਰਵਾਨਗੀ ਲਈ ਗਈ ਹੈ, ਜਿਸ ਨੂੰ ਬੇਸ਼ੱਕ ਘੱਟ ਰੇਟ ’ਤੇ ਹੀ ਖੁੱਲ੍ਹੀ ਬੋਲੀ ਰਾਹੀਂ ਚਕੌਤੇ ’ਤੇ ਕਿਸਾਨਾਂ ਨੂੰ ਦੇ ਦਿੱਤਾ ਜਾਵੇ। ਹੁਣ ਪਿੰਡਾਂ ’ਚ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਜੋ ਜ਼ਮੀਨ ਚਕੌਤੇ ’ਤੇ ਨਹੀਂ ਚੜ੍ਹੀ ਤੇ ਖਾਲੀ ਪਈ ਹੈ, ਉਸ ਨੂੰ 20 ਪ੍ਰਤੀਸ਼ਤ ਵਾਧੇ ਵਾਲਾ ਨਿਰਦੇਸ਼ ਵਾਪਸ ਲੈ ਘੱਟ ਭਾਅ ’ਤੇ ਖੁੱਲ੍ਹੀ ਬੋਲੀ ਰਾਹੀਂ ਚਕੌਤੇ ’ਤੇ ਦਿੱਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਸਕੂਲਾਂ ਲਈ ਜਾਰੀ ਹੋਏ ਨਵੇਂ ਹੁਕਮ, ਜੇ ਨਾ ਮੰਨੇ ਤਾਂ ਹੋਵੇਗੀ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
