ਪੰਚਾਇਤੀ ਚੋਣਾਂ ਦੀ ਰੰਜਿਸ਼ ਕਾਰਨ ਹੋਏ ਝਗੜੇ ''ਚ 4 ਜ਼ਖਮੀ
Friday, Jun 15, 2018 - 07:03 AM (IST)

ਝਬਾਲ, (ਨਰਿੰਦਰ)- ਥਾਣਾ ਝਬਾਲ ਅਧੀਨ ਆਉਂਦੇ ਪਿੰਡ ਐਮਾਂ ਕਲਾਂ ਵਿਖੇ ਪੰਚਾਇਤੀ ਚੋਣਾਂ ਦੀ ਰੰਜਿਸ਼ ਕਾਰਨ ਹੋਏ ਝਗੜੇ 'ਚ ਇਕ ਧਿਰ ਨੇ ਜਿਥੇ ਦੂਸਰੀ ਧਿਰ ਦੇ 2 ਮੋਟਰਸਾਈਕਲ ਬੁਰੀ ਤਰ੍ਹਾਂ ਤੋੜ ਦਿੱਤੇ, ਉਥੇ ਹੀ ਘਰ 'ਤੇ ਇੱਟਾਂ ਰੋੜਿਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਘਰ ਦੀ ਵਰਤੋਂ ਵਾਲਾ ਜ਼ਰੂਰੀ ਸਾਮਾਨ ਤੋੜਣ ਤੋਂ ਇਲਾਵਾ ਚੱਲੇ ਇੱਟਾਂ-ਰੋੜਿਆਂ ਨਾਲ ਦੋਵਾਂ ਧਿਰਾਂ ਦੇ 4 ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੱਪਾ ਸਿੰਘ ਪੁੱਤਰ ਜਗੀਰ ਸਿੰਘ ਨੇ ਦੱਸਿਆ ਕਿ ਪਿੰਡ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਇਕੱਠ ਹੋਇਆ ਸੀ, ਜਿਥੇ ਅਸੀਂ ਦੂਸਰੀ ਧਿਰ ਨਾਲ ਸਬੰਧਤ ਹੋਣ ਕਰ ਕੇ ਨਹੀਂ ਗਏ, ਜਿਸ ਕਰ ਕੇ ਅਮਰੀਕ ਸਿੰਘ ਪੁੱਤਰ ਪਿਆਰਾ ਸਿੰਘ ਨੇ ਸਾਡੀ ਪਾਰਟੀ ਦੇ ਬਿਕਰਮਜੀਤ ਸਿੰਘ ਪੁੱਤਰ ਬੋਹੜ ਸਿੰਘ ਦਾ ਮੋਟਰਸਾਈਕਲ ਡਾਗਾਂ ਨਾਲ ਤੋੜ ਦਿੱਤਾ, ਜਿਸ ਕਾਰਨ ਅਮਰੀਕ ਸਿੰਘ ਅਤੇ ਬਿਕਰਮਜੀਤ ਸਿੰਘ ਆਪਸ 'ਚ ਉਲਝ ਪਏ। ਇਸ 'ਤੇ ਅਮਰੀਕ ਸਿੰਘ, ਉਸਦੇ ਲੜਕੇ ਹਰਭਿੰਦਰ ਸਿੰਘ ਨੇ 20-25 ਨੌਜਵਾਨ ਬਾਹਰੋਂ ਮੰਗਵਾ ਕੇ ਬਿਕਰਮਜੀਤ ਸਿੰਘ ਅਤੇ ਪੱਪਾ ਸਿੰਘ ਦੇ ਘਰ 'ਤੇ ਹਮਲਾ ਕਰ ਦਿੱਤਾ ਅਤੇ ਫਰਿੱਜ, ਵਾਸ਼ਿੰਗ ਮਸ਼ੀਨ, ਦੋ ਮੋਟਰਸਾਈਕਲ ਤੇ ਹੋਰ ਸਾਮਾਨ ਬੁਰੀ ਤਰ੍ਹਾਂ ਭੰਨ ਦਿੱਤਾ। ਇਥੋਂ ਤੱਕ ਕਿ ਘਰ 'ਚ ਜੰਮੇ 3 ਦਿਨਾਂ ਦੇ ਬੱਚੇ ਨੂੰ ਕੋਠੇ 'ਤੇ ਲਿਜਾ ਕੇ ਬਚਾਇਆ ਗਿਆ ਅਤੇ ਅਮਰੀਕ ਸਿੰਘ ਨਾਲ ਆਏ ਵਿਅਕਤੀਆਂ ਨੇ ਉਨ੍ਹਾਂ ਦੀ ਅਲਮਾਰੀ ਤੋੜ ਕੇ ਜ਼ਰੂਰੀ ਸਾਮਾਨ ਵੀ ਕੱਢ ਲਿਆ ਤੇ ਬਿਕਰਮਜੀਤ ਸਿੰਘ ਨੂੰ ਵੀ ਗੰਭੀਰ ਜ਼ਖਮੀ ਕਰ ਦਿੱਤਾ, ਜਿਸ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਹੈ। ਪਿੰਡ ਵਾਸੀਆਂ ਨੇ ਮੌਕੇ 'ਤੇ ਪੁਲਸ ਨੂੰ ਸੂਚਿਤ ਕੀਤਾ, ਜਿਨ੍ਹਾਂ ਦੇ ਪਹੁੰਚਣ 'ਤੇ ਬਾਹਰੋਂ ਆਏ ਵਿਅਕਤੀ ਦੌੜ ਗਏ।
ਕੀ ਕਹਿਣੈ ਦੂਜੀ ਧਿਰ ਦਾ : ਦੂਸਰੇ ਪਾਸੇ ਕਸੇਲ ਹਸਪਤਾਲ ਵਿਖੇ ਦਾਖਲ ਦੂਸਰੀ ਧਿਰ ਅਮਰੀਕ ਸਿੰਘ ਪੁੱਤਰ ਪਿਆਰਾ ਸਿੰਘ ਦੇ ਲੜਕੇ ਹਰਭਿੰਦਰ ਸਿੰਘ ਨੇ ਪੱਪਾ ਸਿੰਘ ਦੀ ਧਿਰ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਵਿੱਕੀ ਪੁੱਤਰ ਬੋਹੜ ਸਿੰਘ ਸਾਨੂੰ ਸਾਡੇ ਅੱਗੇ ਗਾਲ੍ਹਾਂ ਕੱਢ ਰਿਹਾ ਸੀ, ਜਿਸ ਨੂੰ ਰੋਕਣ 'ਤੇ ਉਹ ਮੇਰੇ ਪਿਉ ਅਮਰੀਕ ਸਿੰਘ ਦੇ ਗਲ ਪੈ ਗਿਆ ਅਤੇ ਬਾਹਰੋਂ ਬੰਦੇ ਲਿਆ ਕੇ ਸਾਡੇ ਘਰ ਹਮਲਾ ਕਰ ਕੇ ਮੇਰੀ ਮਾਤਾ ਚਰਨ ਕੌਰ, ਮੇਰੇ ਪਿਤਾ ਅਮਰੀਕ ਸਿੰਘ, ਭਰਾ ਜਸਬੀਰ ਸਿੰਘ ਤੇ ਮੈਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਾਨੂੰ ਬਚਾਇਆ ਅਤੇ ਇਲਾਜ ਲਈ ਹਸਪਤਾਲ ਪਹੁੰਚਾਇਆ।
ਕੀ ਕਹਿੰਦੇ ਹਨ ਥਾਣਾ ਮੁਖੀ : ਥਾਣਾ ਮੁਖੀ ਮਨੋਜ ਕੁਮਾਰ ਨੇ ਕਿਹਾ ਕਿ ਦੋਵਾਂ ਪਾਰਟੀਆਂ ਦੇ ਜ਼ਖਮੀਆਂ ਨੂੰ ਡਾਕਟ ਦੇ ਕੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਦੋਵਾਂ ਦੀਆਂ ਦਰਖਾਸਤਾਂ ਆਈਆਂ ਹਨ। ਉਨ੍ਹਾਂ ਕਿਹਾ ਕਿ ਮੌਕੇ 'ਤੇ ਥਾਣੇਦਾਰ ਰਾਜਬੀਰ ਸਿੰਘ ਨੂੰ ਭੇਜਿਆ ਸੀ ਜੋ ਕਿ ਸਾਰੇ ਕੇਸ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਡਾਕਟਰੀ ਰਿਪੋਰਟਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।