ਪੰਚਾਇਤੀ ਚੋਣਾਂ : 8 ਜ਼ਿਲਿਆਂ ਦੇ 14 ਬੂਥਾਂ ''ਤੇ 2 ਜਨਵਰੀ ਨੂੰ ਮੁੜ ਹੋਣਗੀਆਂ ਚੋਣਾਂ

Tuesday, Jan 01, 2019 - 12:24 PM (IST)

ਪੰਚਾਇਤੀ ਚੋਣਾਂ : 8 ਜ਼ਿਲਿਆਂ ਦੇ 14 ਬੂਥਾਂ ''ਤੇ 2 ਜਨਵਰੀ ਨੂੰ ਮੁੜ ਹੋਣਗੀਆਂ ਚੋਣਾਂ

ਚੰਡੀਗੜ੍ਹ : ਸੂਬਾ ਚੋਣ ਕਮਿਸ਼ਨ ਨੇ 8 ਜ਼ਿਲਿਆਂ ਦੇ 14 ਬੂਥਾਂ 'ਤੇ ਸਰਪੰਚ ਤੇ ਪੰਚ ਲਈ ਮੁੜ ਵੋਟਾਂ ਪਵਾਉਣ ਦੇ ਹੁਕਮ ਦਿੱਤੇ ਹਨ। ਜਿਨ੍ਹਾਂ ਬੂਥਾਂ 'ਤੇ ਮੁੜ ਵੋਟਾਂ ਪਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ, ਉੱਥੇ ਵੋਟਾਂ ਦੌਰਾਨ ਗੜਬੜੀਆਂ ਦੀ ਰਿਪੋਰਟਾਂ ਪ੍ਰਾਪਤ ਹੋਈਆਂ ਸਨ। ਇਨ੍ਹਾਂ 14 ਥਾਂਵਾਂ 'ਤੇ ਭਲਕੇ 2 ਜਨਵਰੀ ਨੂੰ ਮੁੜ ਵੋਟਿੰਗ ਕਰਵਾਉਣ ਦਾ ਫੈਸਲਾ ਕੀਤਾ ਹੈ। 
ਚੋਣ ਕਮਿਸ਼ਨ ਮੁਤਾਬਕ ਅੰਮ੍ਰਿਤਸਰ ਦੇ ਜ਼ਿਲੇ ਦੇ ਵੇਰਕਾ ਬਲਾਕ ਦੇ ਪਿੰਡ ਵਡਾਲਾ ਭਿੱਟੇਵਿੰਡ ਤੇ ਬਲਾਕ ਹਰਸ਼ਾ ਛੀਨਾ ਦੀ ਪੰਚਾਇਤ ਦਾਲੇਹ ਦੀ ਸਮੁੱਚੀ ਪੰਚਾਇਤ, ਗੁਰਦਾਸਪੁਰ ਦੇ ਧਾਰੀਵਾਲ ਬਲਾਕ ਦੀ ਪੰਚਾਇਤ ਬਜੁਰਗਵਾਲਾ ਦੀ ਸਮੁੱਚੀ ਪੰਚਾਇਤ ਤੇ ਇਸੇ ਬਲਾਕ ਦੇ ਪਿੰਡ ਚੌੜਾ ਦੀ ਵਾਰਡ ਨੰਬਰ 5 ਤੇ 6 ਵਿਚ ਮੁੜ ਵੋਟਾਂ ਪੈਣਗੀਆਂ। ਫਿਰੋਜ਼ਪੁਰ ਜ਼ਿਲੇ ਦੇ ਮਮਦੋਟ ਬਲਾਕ ਦੇ ਪਿੰਡ ਲਖਮੀਰ ਕੇ ਹਿਠਾੜ ਦੀ ਸਮੁੱਚੀ ਪੰਚਾਇਤ ਤੇ ਇਸੇ ਬਲਾਕ ਅਧੀਨ ਆਉਂਦੇ ਨਾਨਕਪੁਰਾ ਪਿੰਡ ਦੇ ਮਹੱਲਾ ਨਾਨਕਪੁਰਾ ਵਿਚ ਮੁੜ ਵੋਟਾਂ ਪੈਣਗੀਆਂ।
ਲੁਧਿਆਣਾ ਜ਼ਿਲੇ ਦੇ ਬਲਾਕ ਸੁਧਾਰ ਪੈਂਦੇ ਪਿੰਡ ਦੇਵਤਵਾਲ ਦੀ ਸਮੁੱਚੀ ਪੰਚਾਇਤ ਲਈ ਵੋਟਾਂ ਪੈਣਗੀਆਂ। ਪਟਿਆਲਾ ਜ਼ਿਲੇ ਦੇ ਘਨੌਰ ਬਲਾਕ ਦੇ ਪਿੰਡ ਲਾਛੜੂ ਤੇ ਹਰੀ ਮਾਜਰਾ ਤੇ ਬਲਾਕ ਪਟਿਆਲਾ ਦੇ ਪਿੰਡ ਮਹਿਮਦਪੁਰ ਦੀ ਸਮੁੱਚੀ ਪੰਚਾਇਤ ਲਈ ਮੁੜ ਵੋਟਾਂ ਪੈਣਗੀਆਂ। ਜਲੰਧਰ ਦੇ ਗ੍ਰਾਮ ਪੰਚਾਇਤ ਸੈਦਪੁਰ ਝਿੜੀ (ਵੈਸਟ ਸਾਈਡ) ਦੇ ਵਾਰਡ ਨੰਬਰ 7 ਵਿਚ ਮੁੜ ਵੋਟਾਂ ਪੈਣਗੀਆਂ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪਿੰਡ ਟਰੜਕ ਤੇ ਘਟੋਰ ਵਿਚ ਸਰਪੰਚ ਲਈ ਮੁੜ ਵੋਟਾਂ ਪੈਣਗੀਆਂ ਜਦਕਿ ਪਠਾਨਕੋਟ ਦੇ ਬਲਾਕ ਨਰੋਟ ਜੈਮਲ ਸਿੰਘ ਵਾਲਾ ਦੇ ਪਿੰਡ ਰਤਨਗੜ੍ਹ ਵਿਚ ਸਰਪੰਚ ਲਈ ਮੁੜ ਵੋਟਾਂ ਪੈਣਗੀਆਂ। ਇਸੇ ਤਰ੍ਹਾਂ ਨਕੋਦਰ ਦੇ ਇਕ ਬੂਥ 'ਤੇ ਮੁੜ ਵੋਟਿੰਗ ਹੋਵੇਗੀ।


author

Gurminder Singh

Content Editor

Related News