ਪੰਚਾਇਤੀ ਚੋਣਾਂ : ਨਾਮਜ਼ਦਗੀ ਭਰਨ ਦੀ ਪ੍ਰਕਿਰਿਆ ਸ਼ੁਰੂ

Saturday, Dec 15, 2018 - 10:52 AM (IST)

ਚੰਡੀਗੜ੍ਹ (ਭੁੱਲਰ) - ਪੰਜਾਬ 'ਚ 30 ਦਸੰਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਲਈ ਸੂਬਾ ਚੋਣ ਕਮਿਸ਼ਨ ਵਲੋਂ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਹ ਨੋਟੀਫਿਕੇਸ਼ਨ ਜਾਰੀ ਹੋਣ ਨਾਲ ਪੂਰੇ ਸੂਬੇ  'ਚ ਉਮੀਦਵਾਰਾਂ ਵੱਲੋਂ ਕਾਗਜ਼ ਦਾਖਲ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਜ਼ਿਕਰਯੋਗ ਹੈ ਕਿ ਚੋਣਾਂ ਦਾ ਐਲਾਨ ਪਿਛਲੇ ਦਿਨੀਂ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਵੱਲੋਂ ਕੀਤਾ ਗਿਆ ਸੀ। ਭਾਵੇਂ ਪੰਚਾਇਤੀ ਚੋਣਾਂ ਲੜਨ ਦੇ ਚਾਹਵਾਨ ਵੱਖ-ਵੱਖ ਪਾਰਟੀਆਂ ਨਾਲ ਸਬੰਧਿਤ ਵਿਅਕਤੀਆਂ ਵੱਲੋਂ ਸਰਗਰਮੀਆਂ ਚੋਣ ਐਲਾਨ ਹੋਣ ਸਮੇਂ ਹੀ ਸ਼ੁਰੂ ਕਰ ਦਿੱਤੀਆਂ ਗਈਆਂ ਸਨ ਪਰ ਇਨ੍ਹਾਂ ਚੋਣਾਂ ਦੀ ਰਸਮੀ ਪ੍ਰਕਿਰਿਆ ਅੱਜ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਸ਼ੁਰੂ ਹੋਈ ਹੈ। ਚੋਣ ਜ਼ਾਬਤਾ ਵੋਟਾਂ ਦੇ ਐਲਾਨ ਨਾਲ ਹੀ ਲਾਗੂ ਹੋ ਚੁੱਕਾ ਹੈ।   

ਨੋਟੀਫਿਕੇਸ਼ਨ ਅਨੁਸਾਰ ਅੱਜ ਤੋਂ ਕਾਗਜ਼ ਦਾਖ਼ਲ ਕਰਨ ਦਾ ਕੰਮ 19  ਦਸੰਬਰ ਤੱਕ ਚੱਲੇਗਾ। 20 ਦਸੰਬਰ ਨੂੰ  ਕਾਗਜ਼ਾਂ ਦੀ ਜਾਂਚ ਹੋਵੇਗੀ। 21  ਨੂੰ ਕਾਗਜ਼ ਵਾਪਸ ਲੈਣ ਦੀ ਆਖਰੀ ਤਰੀਕ ਹੈ। 30 ਦਸੰਬਰ ਨੂੰ ਵੋਟਾਂ ਪੈਣ ਦਾ ਕੰਮ ਖਤਮ ਹੁੰਦੇ ਸਾਰ ਹੀ ਗਿਣਤੀ ਦਾ ਕੰਮ ਵੀ ਉਸੇ ਦਿਨ ਹੀ ਹੋਵੇਗਾ। 31 ਤੱਕ ਚੋਣ ਪ੍ਰਕਿਰਿਆ ਮੁਕੰਮਲ ਕੀਤੀ ਜਾਣੀ ਹੈ। ਵੋਟਾਂ ਪੈਣ ਦਾ ਸਮਾਂ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਦਾ ਤੈਅ ਕੀਤਾ ਗਿਆ ਹੈ।  

ਐੱਨ. ਓ. ਸੀ. ਦੀ ਥਾਂ ਹੁਣ ਚੱਲੇਗਾ ਹਲਫੀਆ ਬਿਆਨ 
ਪੰਚਾਇਤੀ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਨੂੰ  ਰਾਹਤ ਮਿਲੀ ਹੈ। ਹੁਣ ਐੱਨ. ਓ. ਸੀ. ਦੀ ਥਾਂ ਹਲਫੀਆ ਬਿਆਨ ਹੀ ਚੱਲੇਗਾ। ਜ਼ਿਕਰਯੋਗ ਹੈ ਕਿ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਉਮੀਦਵਾਰਾਂ ਲਈ ਬਲਾਕ ਪੰਚਾਇਤ ਅਫ਼ਸਰ ਪਾਸੋਂ ਐੱਨ. ਓ. ਸੀ. ਪ੍ਰਾਪਤ ਕਰਨਾ ਜ਼ਰੂਰੀ ਹੁੰਦਾ ਹੈ, ਜਿਸ ਵਿਚ ਦਰਜ ਹੁੰਦਾ ਹੈ ਕਿ ਉਮੀਦਵਾਰ ਖਿਲਾਫ ਕੋਈ ਸਰਕਾਰੀ ਬਕਾਇਆ ਨਹੀਂ ਹੈ। ਐੱਨ. ਓ. ਸੀ. ਨੂੰ ਲੈ ਕੇ ਵਿਸ਼ੇਸ਼ ਤੌਰ 'ਤੇ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਕਿਉਂਕਿ ਕਥਿਤ ਤੌਰ 'ਤੇ ਸੱਤਾ ਧਿਰ ਦੇ ਆਗੂਆਂ ਵੱਲੋਂ ਪੰਚਾਇਤ ਅਫ਼ਸਰਾਂ 'ਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਐੱਨ. ਓ. ਸੀ. ਜਾਰੀ ਕਰਨ 'ਚ ਅੜਿੱਕੇ ਖੜ੍ਹੇ ਕਰਨ ਦੇ ਦੋਸ਼ ਲਾਏ ਜਾ ਰਹੇ ਸਨ। ਇਹ ਮਾਮਲਾ ਸੂਬਾ ਚੋਣ ਕਮਿਸ਼ਨ ਤੱਕ ਪਹੁੰਚਿਆ ਸੀ।  ਇਸ 'ਤੇ ਵਿਚਾਰ ਕਰਦਿਆਂ ਕਮਿਸ਼ਨ ਨੇ ਮਸਲੇ ਦਾ ਹੱਲ ਲੱਭਿਆ ਹੈ। ਕਮਿਸ਼ਨ ਦਫ਼ਤਰ ਦੇ ਸੂਤਰਾਂ ਅਨੁਸਾਰ ਹੁਣ ਐੱਨ. ਓ. ਸੀ. ਥਾਂ  ਉਮੀਦਵਾਰ ਦਾ ਹਲਫੀਆ ਬਿਆਨ ਹੀ ਕਾਫੀ ਹੋਵੇਗਾ। ਇਸ ਸਬੰਧੀ   ਚੋਣ ਕਮਿਸ਼ਨ ਵੱਲੋਂ ਸਾਰੇ ਜ਼ਿਲਾ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰਾਂ ਤੇ ਹੋਰ ਸਬੰਧਿਤ ਚੋਣ ਅਫ਼ਸਰਾਂ ਨੂੰ ਲਿਖਤੀ ਪੱਤਰ ਜਾਰੀ ਕਰਕੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। 


Baljeet Kaur

Content Editor

Related News