ਜ਼ਿਲੇ ਦੀਆਂ 611 ਪੰਚਾਇਤਾਂ ਦੀ ਚੋਣ ਲਈ 3,87,115 ਵੋਟਰ ਪਾਉਣਗੇ ਵੋਟਾਂ
Saturday, Dec 29, 2018 - 04:56 PM (IST)

ਰੂਪਨਗਰ (ਵਿਜੇ)- ਗ੍ਰਾਮ ਪੰਚਾਇਤ ਚੋਣਾਂ-2018 ਨੂੰ ਪਾਰਦਰਸ਼ੀ ਅਤੇ ਸ਼ਾਂਤੀਪੂਰਵਕ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਪ੍ਰਗਟਾਵਾ ਕਰਦਿਆਂ ਡਾ. ਸੁਮੀਤ ਜਾਰੰਗਲ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫਸਰ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਚੋਣ ਪ੍ਰਕਿਰਿਆ ਨਿਰਵਿਘਨ ਨੇਪਰੇ ਚਾੜ੍ਹਨ ਲਈ ਚੋਣ ਅਮਲਾ ਨਿਯੁਕਤ ਕੀਤਾ ਗਿਆ ਹੈ ਅਤੇ ਇਸ ਚੋਣ ਅਮਲੇ ਦੀਆਂ 2 ਰਿਹਰਸਲਾਂ ਸਫਲਤਾਪੂਰਵਕ ਮੁਕੰਮਲ ਹੋ ਚੁੱਕੀਆਂ ਹਨ, ਜਦਕਿ ਤੀਜੀ ਰਿਹਰਸਲ 29 ਦਸੰਬਰ ਨੂੰ ਕਰਵਾਈ ਜਾ ਰਹੀ ਹੈ। ਵੋਟਾਂ 30 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਅਤੇ ਇਸੇ ਦਿਨ ਵੋਟ ਪ੍ਰਕਿਰਿਆ ਸਮਾਪਤ ਹੋਣ ਉਪਰੰਤ ਵੋਟਾਂ ਦੀ ਗਿਣਤੀ ਅਤੇ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਪਿੰਡਾਂ ਦੇ ਵਾਸੀਆਂ ਨੂੰ ਅਪੀਲ ਕਰਦਿਆਂ ਡਾ. ਜਾਰੰਗਲ ਨੇ ਕਿਹਾ ਕਿ ਉਹ ਵੱਧ ਤੋਂ ਵੱਧ ਵੋਟ ਦੇ ਅਧਿਕਾਰ ਦੀ ਵਰਤੋਂ ਬਿਨਾਂ ਕਿਸੇ ਡਰ, ਭੈਅ ਅਤੇ ਲਾਲਚ ਦੇ ਕਰਨ। ਉਨ੍ਹਾਂ ਚੋਣਾਂ ਦੌਰਾਨ ਸਿਆਸੀ ਦਲਾਂ ਦੇ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਨ੍ਹਾਂ ਚੋਣਾਂ ਦੌਰਾਨ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ ਤਾਂ ਜੋ ਨਿਰਪੱਖ ਚੋਣਾਂ ਕਰਵਾਈਆਂ ਜਾ ਸਕਣ।
3126 ਡਿਊੁਟੀ ਕਰਮਚਾਰੀ ਅਤੇ 1525 ਸੁਰੱਖਿਆ ਕਰਮੀ ਤਾਇਨਾਤ
ਜ਼ਿਲੇ ਵਿਚ ਗ੍ਰਾਮ ਪੰਚਾਇਤ ਚੋਣਾਂ ਲਈ 3126 ਕਰਮਚਾਰੀ ਡਿਊਟੀ 'ਤੇ ਤਾਇਨਾਤ ਕੀਤੇ ਗਏ ਹਨ ਅਤੇ ਪੋਲਿੰਗ ਬੂਥਾਂ, ਪੋਲਿੰਗ ਸਟਾਫ ਅਤੇ ਵੋਟਰਾਂ ਦੀ ਸੁਰੱਖਿਆ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਨਜਿੱਠਣ ਲਈ 1525 ਸੁਰੱਖਿਆ ਕਰਮੀ ਤਾਇਨਾਤ ਕੀਤੇ ਹਨ। ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸ਼ੁੱਕਰਵਾਰ ਸ਼ਾਮ ਤੋਂ ਕੋਈ ਵੀ ਵਿਅਕਤੀ /ਉਮੀਦਵਾਰ ਕਿਸੇ ਵੀ ਤਰ੍ਹਾਂ ਦੀ ਪਬਲਿਕ ਮੀਟਿੰਗ ਨਹੀਂ ਕਰ ਸਕਦਾ ਅਤੇ ਚੋਣਾਂ ਨੂੰ ਪਾਰਦਰਸ਼ੀ ਅਤੇ ਨਿਰਪੱਖ ਕਰਵਾਉਣ ਲਈ ਵੋਟਾਂ ਵਾਲੇ ਦਿਨ ਬਾਹਰੀ ਲੋਕਾਂ ਦੇ ਦਾਖਲੇ 'ਤੇ ਵੀ ਪਾਬੰਦੀ ਰਹੇਗੀ। ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਅਮਲੇ ਨੂੰ ਉਨ੍ਹਾਂ ਦੇ ਹੋਮ ਬਲਾਕ ਵਿਚ ਹੀ ਲਾਇਆ ਗਿਆ ਹੈ ਤਾਂ ਜੋ ਉਹ ਪੋਸਟਲ ਬੈਲਟ ਰਾਹੀਂ ਵੋਟ ਦਾ ਇਸਤੇਮਾਲ ਕਰ ਸਕਣ।
ਉਨ੍ਹਾਂ ਨੇ ਦੱਸਿਆ ਕਿ ਜ਼ਿਲੇ 'ਚ 30 ਦਸੰਬਰ ਨੂੰ ਪੈਣ ਵਾਲੀਆਂ 611 ਪੰਚਾਇਤਾਂ ਦੀਆਂ ਚੋਣਾਂ 'ਚ ਕੁੱਲ 3 ਲੱਖ 87 ਹਜ਼ਾਰ 115 ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ, ਜਿਨ੍ਹਾਂ 'ਚ 1 ਲੱਖ 83 ਹਜ਼ਾਰ 818 ਮਹਿਲਾ ਵੋਟਰ, 2 ਲੱਖ 3 ਹਜ਼ਾਰ 818 ਪੁਰਸ਼ ਵੋਟਰ ਅਤੇ ਤੀਜੇ ਲਿੰਗ ਸਬੰਧੀ 2 ਵੋਟਰ ਸ਼ਾਮਲ ਹਨ। ਇਨ੍ਹਾਂ ਵੋਟਰਾਂ ਦੀ ਸਹੂਲਤ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ 671 ਪੋਲਿੰਗ ਬੂਥ ਬਣਾਏ ਗਏ ਹਨ।
611 'ਚੋਂ 163 ਪੰਚਾਇਤਾਂ ਦੀ ਹੋਈ ਸਰਬਸੰਮਤੀ ਨਾਲ ਚੋਣ
30 ਦਸੰਬਰ ਨੂੰ ਜ਼ਿਲੇ ਦੇ 5 ਬਲਾਕਾਂ ਦੇ 611 ਪਿੰਡਾਂ 'ਚ ਪੰਚਾਇਤੀ ਚੋਣਾਂ ਹੋ ਰਹੀਆਂ ਹਨ, ਜਿਸ 'ਚ 163 ਪੰਚਾਇਤਾਂ ਦੀ ਸਰਬਸੰਮਤੀ ਨਾਲ ਚੋਣ ਹੋ ਗਈ ਹੈ ਅਤੇ ਹੁਣ 448 ਪੰਚਾਇਤਾਂ ਲਈ 995 ਸਰਪੰਚ ਅਤੇ 2110 ਪੰਚ ਉਮੀਦਵਾਰ ਚੋਣ ਲੜ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ 2538 ਉਮੀਦਵਾਰ ਸਰਬਸੰਮਤੀ ਨਾਲ ਚੋਣ ਜਿੱਤ ਚੁੱਕੇ ਹਨ, ਜਿਨ੍ਹਾਂ 'ਚ 187 ਸਰਪੰਚ ਅਤੇ 2351 ਪੰਚ ਸ਼ਾਮਲ ਹਨ। ਸਰਪੰਚ ਲਈ 2047 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ, ਜਿਸ 'ਚ 15 ਨਾਮਜ਼ਦਗੀ ਪੇਪਰ ਰੱਦ ਹੋਏ ਅਤੇ 850 ਨਾਮਜ਼ਦਗੀ ਪੇਪਰ ਵਾਪਸ ਲਏ ਗਏ ਹਨ। ਇਸ ਤੋਂ ਇਲਾਵਾ 187 ਸਰਪੰਚ ਸਰਬਸੰਮਤੀ ਨਾਲ ਚੁਣੇ ਗਏ। ਹੁਣ 424 ਸਰਪੰਚ ਦੇ ਉਮੀਦਵਾਰਾਂ ਲਈ 995 ਉਮੀਦਵਾਰ ਚੋਣ ਮੈਦਾਨ ਵਿਚ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਦੇ 448 ਪਿੰਡਾਂ ਵਿਚ ਪੰਚਾਇਤੀ ਚੋਣਾਂ ਕਰਵਾਈਆਂ ਜਾ ਰਹੀਆਂ ਹਨ, ਜਿਸ ਤਹਿਤ 424 ਸਰਪੰਚ ਅਤੇ 1080 ਪੰਚ ਚੁਣੇ ਜਾਣਗੇ।
94 ਨਾਜ਼ੁਕ ਅਤੇ 13 ਅਤਿ-ਨਾਜ਼ੁਕ ਪੋਲਿੰਗ ਸਟੇਸ਼ਨ ਐਲਾਨੇ
ਵੋਟਰਾਂ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 671 ਪੋਲਿੰਗ ਬੂਥਾਂ 'ਚੋਂ ਰੂਪਨਗਰ ਬਲਾਕ 'ਚ 188, ਸ੍ਰੀ ਚਮਕੌਰ ਸਾਹਿਬ ਬਲਾਕ 'ਚ 80, ਮੋਰਿੰਡਾ ਵਿਚ 75, ਸ੍ਰੀ ਅਨੰਦਪੁਰ ਸਾਹਿਬ ਵਿਚ 178 ਜਦਕਿ ਨੂਰਪੁਰਬੇਦੀ ਬਲਾਕ ਵਿਚ 150 ਬੂਥ ਬਣਾਏ ਗਏ ਹਨ। ਇਨ੍ਹਾਂ ਪੋਲਿੰਗ ਬੂਥਾਂ 'ਚ 94 ਨਾਜ਼ੁਕ ਅਤੇ 13 ਅਤਿ-ਨਾਜ਼ੁਕ ਪੋਲਿੰਗ ਸਟੇਸ਼ਨ ਐਲਾਨੇ ਹਨ। ਇਨ੍ਹਾਂ 107 ਬੂਥਾਂ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਰੂਪਨਗਰ ਬਲਾਕ ਵਿਚ 8 ਅਤਿ-ਨਾਜ਼ੁਕ ਤੇ 27 ਨਾਜ਼ੁਕ, ਸ੍ਰੀ ਚਮਕੌਰ ਸਾਹਿਬ ਬਲਾਕ ਵਿਚ 11 ਨਾਜ਼ੁਕ, ਮੋਰਿੰਡਾ 'ਚ 1 ਅਤਿ-ਨਾਜ਼ੁਕ ਤੇ 16 ਨਾਜ਼ੁਕ, ਸ੍ਰੀ ਅਨੰਦਪੁਰ ਸਾਹਿਬ ਵਿਚ 3 ਅਤਿ-ਨਾਜ਼ੁਕ ਤੇ 24 ਨਾਜ਼ੁਕ ਜਦਕਿ ਨੂਰਪੁਰਬੇਦੀ ਬਲਾਕ ਵਿਚ 1 ਅਤਿ-ਨਾਜ਼ੁਕ ਤੇ 16 ਨਾਜ਼ੁਕ ਹਨ। ਜ਼ਿਲੇ 'ਚ 163 ਗ੍ਰਾਮ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਹਨ। ਜਿਨ੍ਹਾਂ 'ਚੋਂ ਰੂਪਨਗਰ ਬਲਾਕ ਦੀਆਂ 44, ਸ੍ਰੀ ਅਨੰਦਪੁਰ ਸਾਹਿਬ ਬਲਾਕ ਦੀਆਂ 29 , ਨੂਰਪੁਰ ਬੇਦੀ ਬਲਾਕ ਦੀਆਂ 45 , ਸ੍ਰੀ ਚਮਕੌਰ ਸਾਹਿਬ ਬਲਾਕ ਦੀਆਂ 25 ਜਦਕਿ ਮੋਰਿੰਡਾ ਬਲਾਕ ਦੀਆਂ 20 ਪੰਚਾਇਤਾਂ ਸ਼ਾਮਲ ਹਨ।
ਸਰਪੰਚ ਲਈ ਗੁਲਾਬੀ, ਪੰਚਾਂ ਦੀ ਚੋਣ ਲਈ ਚਿੱਟੇ ਬੈਲੇਟ ਪੇਪਰ
ਇਨ੍ਹਾਂ ਗ੍ਰਾਮ ਪੰਚਾਇਤ ਚੋਣਾਂ-2018 ਲਈ ਬੈਲੇਟ ਪੇਪਰਾਂ ਦੀ ਛਪਾਈ ਕੀਤੀ ਜਾ ਚੁੱਕੀ ਹੈ । ਸਰਪੰਚ ਦੀ ਚੋਣ ਲਈ ਗੁਲਾਬੀ, ਪੰਚਾਂ ਦੀ ਚੋਣ ਲਈ ਚਿੱਟੇ ਬੈਲੇਟ ਪੇਪਰ ਹੋਣਗੇ। ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਸਬੰਧੀ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਵੀ ਜ਼ਿਲਾ ਕੰਟਰੋਲਰ ਖੁਰਾਕ ਸਪਲਾਈ ਅਤੇ ਖਪਤਕਾਰ ਮਾਮਲੇ ਪੰਜਾਬ ਸਤਵੀਰ ਸਿੰਘ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ।
ਹਸਪਤਾਲ ਅਤੇ ਕਮਿਊਨਿਟੀ ਹੈਲਥ ਸੈਂਟਰ ਰਹਿਣਗੇ ਖੁੱਲ੍ਹੇ
ਉਨ੍ਹਾਂ ਦੱਸਿਆ ਕਿ ਵੋਟਾਂ ਵਾਲੇ ਦਿਨ 30 ਦਸੰਬਰ ਨੂੰ ਜ਼ਿਲੇ 'ਚ ਪੈਂਦੇ ਹਸਪਤਾਲ/ਸਬ ਡਵੀਜ਼ਨ ਹਸਪਤਾਲ ਅਤੇ ਕਮਿਊਨਟੀ ਹੈਲਥ ਸੈਂਟਰ ਖੁੱਲ੍ਹੇ ਰੱਖਣ ਦੀਆਂ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ।