ਲੱਖਾਂ ਰੁਪਏ ਖਰਚਣ ''ਤੇ ਵੀ ਪੰਚਾਇਤਾਂ ਵਿਕਾਸ ਕਾਰਜ ਕਰਵਾਉਣ ''ਚ ਨਾਕਾਮ

Wednesday, Dec 26, 2018 - 11:04 AM (IST)

ਲੱਖਾਂ ਰੁਪਏ ਖਰਚਣ ''ਤੇ ਵੀ ਪੰਚਾਇਤਾਂ ਵਿਕਾਸ ਕਾਰਜ ਕਰਵਾਉਣ ''ਚ ਨਾਕਾਮ

ਜਲੰਧਰ (ਵਰਿਆਣਾ)— ਇਕ ਪਾਸੇ ਜਿੱਥੇ ਸੂਬਾ ਸਰਕਾਰ ਅਤੇ ਪਹਿਲਾਂ ਰਹਿ ਚੁੱਕੀ ਅਕਾਲੀ-ਭਾਜਪਾ ਗਠਜੋੜ ਸਰਕਾਰ ਹਰ ਚੋਣਾਂ ਅਤੇ ਸਮੇਂ-ਸਮੇਂ 'ਤੇ ਇਹ ਦਾਅਵੇ ਕਰ ਰਹੀ ਹੈ ਕਿ ਉਨ੍ਹਾਂ ਵੱਲੋਂ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਕਈ ਕੰਮ ਕੀਤੇ ਗਏ ਅਤੇ ਕੀਤੇ ਜਾ ਰਹੇ ਹਨ, ਜਿਸ ਲਈ ਪੰਚਾਇਤਾਂ ਨੂੰ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਗਈਆਂ। ਇਸ ਦੇ ਬਾਵਜੂਦ ਕਈ ਪਿੰਡ ਕਈ ਸਮੱਸਿਆਵਾਂ ਨਾਲ ਜੂਝ ਰਹੇ ਹਨ, ਜੋ ਮੁੱਦੇ ਪੰਚਾਇਤੀ ਚੋਣਾਂ 'ਚ ਲੋਕਾਂ 'ਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

ਇਸ ਸਬੰਧੀ ਜਦੋਂ 'ਜਗ ਬਾਣੀ' ਟੀਮ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਪੰਚਾਇਤੀ ਚੋਣਾਂ ਸਬੰਧੀ ਲੋਕਾਂ ਤੋਂ ਰਾਏ ਲਈ ਤਾਂ ਜ਼ਿਆਦਾਤਰ ਲੋਕਾਂ ਦਾ ਕਹਿਣਾ ਸੀ ਕਿ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਹਰ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਲਈ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਗਈਆਂ ਪਰ ਇਸ ਦੇ ਬਾਵਜੂਦ ਉਹ ਪਤਾ ਨਹੀਂ ਕਿਉਂ ਆਪਣੇ-ਆਪਣੇ ਪਿੰਡ 'ਚ ਗਲੀਆਂ-ਨਾਲੀਆਂ ਅਤੇ ਗੰਦੇ ਪਾਣੀ ਦੇ ਨਿਕਾਸ ਲਈ ਸੁਚੱਜੇ ਪ੍ਰਬੰਧ ਕਰਵਾਉਣ 'ਚ ਨਾਕਾਮ ਰਹੀਆਂ? 

ਉਨ੍ਹਾਂ ਨੇ ਦਾ ਕਹਿਣਾ ਸੀ ਕਿ ਇਸ ਵਾਰ ਵੀ ਜਿਹੜੇ ਸਰਪੰਚ-ਪੰਚ ਬਣਨ ਲਈ ਉਮੀਦਵਾਰ ਖੜ੍ਹੇ ਹਨ, ਉਹ ਵੀ ਜਿੱਤਣ ਤੋਂ ਬਾਅਦ ਪਿੰਡ 'ਚ ਗਲੀਆਂ-ਨਾਲੀਆਂ ਅਤੇ ਗੰਦੇ ਪਾਣੀ ਦੇ ਸੁਚੱਜੇ ਪ੍ਰਬੰਧ ਕਰਨ ਦੇ ਵਾਅਦੇ ਕਰ ਰਹੇ ਹਨ, ਜਦਕਿ ਪਿਛਲੀਆਂ ਰਹਿ ਚੁੱਕੀਆਂ ਪੰਚਾਇਤਾਂ ਇਹ ਕਹਿ ਕੇ ਦੁਬਾਰਾ ਲੋਕਾਂ ਵਿਚ ਜਾ ਕੇ ਵੋਟਾਂ ਮੰਗ ਰਹੀਆਂ ਹਨ ਕਿ ਤੁਸੀਂ ਸਾਨੂੰ ਵੋਟਾਂ ਪਾ ਕੇ ਦੁਬਾਰਾ ਜਿਤਾਓ, ਅਸੀਂ ਜਿੱਤਣ ਤੋਂ ਬਾਅਦ ਜਿਹੜੇ ਕੰਮ ਅਧੂਰੇ ਰਹਿ ਗਏ, ਉਨ੍ਹਾਂ ਨੂੰ ਪੂਰੇ ਕਰਾਂਗੇ।

ਉਨ੍ਹਾਂ ਨੇ ਕਿਹਾ ਕਿ ਹਰ 5 ਸਾਲ ਬਾਅਦ ਪੰਚਾਇਤੀ ਚੋਣਾਂ ਆਉਂਦੀਆਂ ਹਨ ਅਤੇ ਜਿੱਤਣ ਤੋਂ ਬਾਅਦ ਜ਼ਿਆਦਾਤਰ ਪੰਚਾਇਤਾਂ ਜਾਂ ਤਾਂ ਪਹਿਲੀਆਂ ਗਲੀਆਂ-ਨਾਲੀਆਂ ਨੂੰ ਪੁੱਟ ਕੇ ਦੋਬਾਰਾ ਬਣਾਉਂਦੀਆਂ ਜਾਂ ਫਿਰ ਗੰਦੇ ਪਾਣੀ ਦੇ ਨਿਕਾਸ ਲਈ ਦੋਬਾਰਾ ਫਿਰ ਕੰਮ ਸ਼ੁਰੂ ਕਰ ਦਿੱਤਾ ਜਾਂਦਾ, ਜਦਕਿ ਉਕਤ ਕੰਮਾਂ 'ਤੇ ਪਹਿਲਾਂ ਰਹੀਆਂ ਪੰਚਾਇਤਾਂ ਵੱਲੋਂ ਕੰਮ ਮੁਕੰਮਲ ਕੀਤੇ ਜਾਣ ਦੇ ਦਾਅਵੇ ਕੀਤੇ ਜਾਂਦੇ।

ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਸਰਕਾਰਾਂ ਅਤੇ ਸਬੰਧਤ ਵਿਭਾਗ ਸੱਚ-ਮੁੱਚ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਅਤੇ ਗੰਭੀਰ ਹਨ ਤਾਂ ਉਨ੍ਹਾਂ ਨੂੰ ਕਾਰਜਾਂ 'ਤੇ ਤਿੱਖੀ ਨਜ਼ਰ ਰੱਖਣੀ ਪਵੇਗੀ ਅਤੇ ਕਿਸੇ ਤਰ੍ਹਾਂ ਦੀ ਵੀ ਗ੍ਰਾਂਟਾਂ 'ਚ ਕੀਤੀ ਬੇਈਮਾਨੀ ਪਤਾ ਲੱਗਣ 'ਤੇ ਪੰਚਾਇਤਾਂ 'ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਹਰ ਪੰਜ ਸਾਲਾਂ ਬਾਅਦ ਲੱਖਾਂ ਰੁਪਏ ਜਿਨ੍ਹਾਂ ਵਿਕਾਸ ਕੰਮਾਂ 'ਚ ਗ੍ਰਾਂਟਾਂ ਖਰਚ ਕੀਤੀਆਂ ਗਈਆਂ, ਉਨ੍ਹਾਂ ਉੱਪਰ ਦੋਬਾਰਾ ਖਰਚ ਨਾ ਕੀਤੀਆਂ ਜਾਣ ਸਗੋਂ ਹੋਰ ਵਿਕਾਸ ਕੰਮਾਂ 'ਚ ਖਰਚ ਕੀਤੀਆਂ ਜਾਣ, ਜਿਸ ਨਾਲ ਹਰ ਪਿੰਡ ਹਰ ਪੱਖੋਂ ਖੁਸ਼ਹਾਲ ਹੋਵੇਗਾ ਅਤੇ ਸਰਕਾਰ ਵੱਲੋਂ ਪੰਚਾਇਤਾਂ ਬਣਾਉਣ ਦਾ ਮਕਸਦ ਪੂਰਾ ਹੋ ਸਕੇਗਾ।

ਵੋਟਰ ਪੁੱਛਦੇ, ਯਾਰ ਇਸ ਵਾਰ ਸਰਪੰਚੀ ਕੌਣ ਜਿੱਤੇਗਾ
ਉਧਰ ਕਈ ਪਿੰਡਾਂ 'ਚ ਸਰਪੰਚੀ ਦੇ ਖਾਸ ਕਰਕੇ ਫਸਵੇਂ ਮੁਕਾਬਲਿਆਂ ਦੌਰਾਨ ਜਿੱਥੇ ਜਿੱਤ-ਹਾਰ ਵੋਟਰਾਂ ਨੇ ਤੈਅ ਕਰਨੀ ਹੈ, ਉਥੇ ਦੂਜੇ ਪਾਸੇ ਜ਼ਿਆਦਾਤਰ ਪਿੰਡਾਂ ਦੇ ਵੋਟਰ ਹੀ ਆਪੋ-ਆਪਣੇ ਪਿੰਡਾਂ ਦੇ ਫਸਵੇਂ ਮੁਕਾਬਲਿਆਂ ਬਾਰੇ ਖੁਦ ਹੀ ਇਕ-ਦੂਸਰੇ ਨੂੰ ਇਹ ਸਵਾਲ ਪੁੱਛਦੇ ਦੇਖੇ ਗਏ ਕਿ ਯਾਰ ਤੂੰ ਹੀ ਦੱਸ ਇਸ ਵਾਰ ਸਰਪੰਚੀ ਕੌਣ ਜਿੱਤੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਹਰ ਵੋਟਰ ਇਕ-ਦੂਜੇ ਨੂੰ ਇਹ ਨਹੀਂ ਦੱਸ ਰਿਹਾ ਕਿ ਉਹ ਆਪਣੀ ਵੋਟ ਦਾ ਫਤਵਾ ਕਿਸ ਦੇ ਹੱਕ 'ਚ ਦੇਵੇਗਾ, ਜਿਸ ਕਰਕੇ ਇਹ ਅੰਦਾਜ਼ਾ ਲਾਉਣਾ ਮੁਸ਼ਕਲ ਹੋਇਆ ਪਿਆ ਹੈ ਕਿ ਜ਼ਿਆਦਾ ਵੋਟਾਂ ਲੈਣ ਵਾਲਾ ਕੌਣ ਹੋਵੇਗਾ ਕਿਉਂਕਿ ਵੋਟਰਾਂ ਦੀ ਚੁੱਪ ਸਭ ਅੰਦਾਜ਼ੇ ਫੇਲ ਕਰਦੀ ਜਾਪ ਰਹੀ ਹੈ।

ਕਿਸੇ ਬਾਰਡਰ 'ਤੇ ਡਿਊਟੀ ਦੇਣ ਤੋਂ ਘੱਟ ਨਹੀਂ ਵੋਟਰਾਂ 'ਤੇ ਨਜ਼ਰ ਰੱਖਣਾ
ਉਧਰ ਕਈ ਪੰਚਾਇਤੀ ਉਮੀਦਵਾਰ ਇਸ ਕਦਰ ਆਪਣੀ ਚੋਣ ਪ੍ਰਕਿਰਿਆ ਤੇਜ਼ ਕਰ ਰਹੇ ਹਨ ਕਿ ਉਹ ਰਾਤ ਨੂੰ ਸੌਣਾ ਵੀ ਭੁੱਲ ਗਏ ਹਨ, ਜਿਸ ਕਰਕੇ ਉਹ ਵੋਟਰਾਂ 'ਤੇ ਤਿੱਖੀ ਨਜ਼ਰ ਰੱਖ ਕੇ ਬੈਠੇ ਹਨ ਕਿ ਕਿਧਰੇ ਵਿਰੋਧੀ ਉਨ੍ਹਾਂ ਦੇ ਘਰਾਂ 'ਚ ਜਾ ਕੇ ਉਨ੍ਹਾਂ ਨੂੰ ਭਰਮਾ ਕੇ ਵੋਟਾਂ ਲੈਣ 'ਚ ਕਾਮਯਾਬ ਨਾ ਹੋ ਜਾਣ। ਜ਼ਿਆਦਾਤਰ ਲੋਕਾਂ ਦਾ ਕਹਿਣਾ ਸੀ ਕਿ ਪੰਚਾਇਤੀ ਉਮੀਦਵਾਰ ਤਾਂ ਇਸ ਕਦਰ ਗਲੀਆਂ-ਮੁਹੱਲਿਆਂ 'ਚ ਸ਼ਰੇਆਮ ਅਤੇ ਗੁਪਤ ਢੰਗ ਨਾਲ ਵੋਟਰਾਂ 'ਤੇ ਨਜ਼ਰ ਰੱਖ ਰਹੇ ਹਨ ਜਿਵੇਂ ਦੇਸ਼ ਦੇ ਬਾਰਡਰ 'ਤੇ ਫੌਜ ਪਹਿਰਾ ਦਿੰਦੀ ਹੋਵੇ। ਉਨ੍ਹਾਂ ਦਾ ਕਹਿਣਾ ਸੀ ਕਿ ਬਾਰਡਰ 'ਤੇ ਡਿਊਟੀ ਦੇਣ ਤੋਂ ਘੱਟ ਨਹੀਂ ਪੰਚਾਇਤੀ ਉਮੀਦਵਾਰਾਂ ਵੱਲੋਂ ਵੋਟਰਾਂ 'ਤੇ ਤਿੱਖੀ ਨਜ਼ਰ ਰੱਖਣਾ।

ਵੋਟ ਲਈ ਬੇਈਮਾਨੀ ਰੱਖਣ ਦਾ ਮਤਲਬ ਪਿੰਡ ਅਤੇ ਸਮਾਜ ਨਾਲ ਧ੍ਰੋਹ ਕਰਨਾ 
ਉਧਰ ਕਈ ਪਿੰਡਾਂ ਦੇ ਲੋਕਾਂ ਦਾ ਕਹਿਣਾ ਸੀ ਕਿ ਸਾਡੇ ਘਰਾਂ 'ਚ ਰਾਤ ਦੇ ਹਨੇਰੇ ਜਾਂ ਦਿਨ ਸਮੇਂ ਸਾਡੇ ਨਾਲ ਪਰਿਵਾਰਕ ਮੀਟਿੰਗਾਂ ਕਰਕੇ ਸਾਨੂੰ ਪੈਸੇ, ਨਸ਼ੇ ਅਤੇ ਹੋਰ ਕਈ ਲਾਲਚ ਦੇ ਕੇ ਆਪਣੇ ਹੱਕ 'ਚ ਵੋਟਾਂ ਪਾਉਣ ਦਾ ਕਹਿ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਹੁਣ ਅਸੀਂ ਨਾਦਾਨ ਨਹੀਂ, ਸਾਨੂੰ ਵੋਟ ਦੀ ਕੀਮਤ ਦਾ ਪਤਾ ਚੱਲ ਗਿਆ ਹੈ, ਇਹ ਸਾਡਾ ਅਤੇ ਬੱਚਿਆਂ ਦਾ ਉਜਵਲ ਭਵਿੱਖ ਤੈਅ ਕਰਦੀ ਹੈ। 

ਇਸ ਲਈ ਅਸੀਂ ਵੋਟਾਂ ਵਾਲੇ ਦਿਨ ਅਜਿਹੇ ਉਮੀਦਵਾਰਾਂ ਨੂੰ ਉਨ੍ਹਾਂ ਦੇ ਵਿਰੋਧ 'ਚ ਵੋਟਾਂ ਪਾ ਕੇ ਕਰਾਰੀ ਹਾਰ ਦੇਵਾਂਗੇ ਤਾਂ ਜੋ ਭਵਿੱਖ 'ਚ ਕੋਈ ਵੀ ਲਾਲਚ ਦੇ ਕੇ ਨਾ ਸਗੋਂ ਆਪਣੇ ਵੱਲੋਂ ਕੀਤੇ ਜਾ ਰਹੇ ਕੰਮਾਂ ਸਦਕਾਂ ਵੋਟਾਂ ਲੈਣ ਆਵੇ। ਉਨ੍ਹਾਂ ਦਾ ਕਹਿਣਾ ਸੀ ਕਿ ਵੋਟ ਸਾਡਾ ਅਧਿਕਾਰ ਹੈ, ਜਿਸ ਨੂੰ ਅਸੀਂ ਬਿਲਕੁਲ ਗੁਪਤ ਢੰਗ ਨਾਲ ਇਸਤੇਮਾਲ ਕਰਾਂਗੇ। ਇਸ ਲਈ ਬੇਈਮਾਨੀ ਰੱਖਣ ਦਾ ਮਤਲਬ ਆਪਣੇ ਪਿੰਡ ਅਤੇ ਸਮਾਜ ਨਾਲ ਧ੍ਰੋਹ ਕਰਨ ਦੇ ਬਰਾਬਰ ਹੈ।


author

shivani attri

Content Editor

Related News