ਮਾਛੀਵਾੜਾ ਬਲਾਕ ’ਚ ਪੰਚਾਇਤੀ ਚੋਣਾਂ ਦੀਆਂ ਰਿਕਾਰਤੋੜ ਸਰਬ ਸੰਮਤੀਆਂ ਹੋਈਆਂ
Tuesday, Oct 08, 2024 - 01:41 PM (IST)
ਮਾਛੀਵਾੜਾ ਸਾਹਿਬ (ਟੱਕਰ) : ਪੰਚਾਇਤੀ ਚੋਣਾਂ ਸਬੰਧੀ ਮਾਛੀਵਾੜਾ ਬਲਾਕ ਦੇ ਲੋਕਾਂ ਨੇ ਭਾਈਚਾਰਕ ਸਾਂਝ ਦਾ ਸਬੂਤ ਦਿੰਦਿਆਂ ਰਿਕਾਰੜ ਤੋੜ ਸਰਬ ਸੰਮਤੀਆਂ ਕੀਤੀਆਂ ਹਨ ਜਿਸ ਤਹਿਤ 116 ਪਿੰਡਾਂ ’ਚੋਂ 49 ਪਿੰਡਾਂ ਵਿਚ ਸਰਬ ਸੰਮਤੀ ਨਾਲ ਪੰਚ, ਸਰਪੰਚ ਚੁਣੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ 49 ਸਰਪੰਚ ਅਤੇ 428 ਪੰਚਾਇਤ ਮੈਂਬਰ ਸਰਬ ਸੰਮਤੀ ਨਾਲ ਚੁਣੇ ਗਏ। 67 ਪਿੰਡਾਂ ਵਿਚ ਚੋਣਾਂ ਲਈ ਮਾਹੌਲ ਭਖ ਗਿਆ ਹੈ ਅਤੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਹਨ। ਇਨ੍ਹਾਂ ਪਿੰਡਾਂ ਵਿਚ 205 ਉਮੀਦਵਾਰ ਸਰਪੰਚ ਦੀ ਚੋਣ ਲੜ ਰਹੇ ਹਨ ਜਦਕਿ 868 ਪੰਚਾਇਤ ਮੈਂਬਰ ਵਜੋਂ ਮੈਦਾਨ ਵਿਚ ਹਨ ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਵੋਟਰ 15 ਅਕਤੂਬਰ ਨੂੰ ਕਰਨਗੇ। ਮਾਛੀਵਾੜਾ ਬਲਾਕ ਦੇ ਪਿਛਲੇ ਇਤਿਹਾਸ ਵਿਚ ਨਜ਼ਰ ਮਾਰੀ ਜਾਵੇ ਤਾਂ ਅੱਜ ਤੱਕ ਕਦੇ ਵੀ ਇੰਨੀਆਂ ਸਰਬ ਸੰਮਤੀਆਂ ਨਹੀਂ ਹੋਈਆਂ। ਇਸ ਵਾਰ ਸਰਬ ਸੰਮਤੀਆਂ ਲਈ ਲੋਕਾਂ ਵਿਚ ਉਤਸ਼ਾਹ ਦੇਖਣ ਨੂੰ ਮਿਲਿਆ ਕਿਉਂਕਿ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸਰਬ ਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ 5 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਤੋਂ ਇਲਾਵਾ ਹੋਰ ਸਹੂਲਤਾਂ ਦੇਣ ਦੇ ਵਾਅਦੇ ਕੀਤੇ ਗਏ ਉੱਥੇ ਲੋਕਾਂ ਨੇ ਪਿੰਡਾਂ ਵਿਚ ਸਿਆਸੀ ਪੱਧਰ ਤੋਂ ਉੱਪਰ ਉੱਠ ਕੇ ਇਹ ਫੈਸਲਾ ਕੀਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਜਿਨ੍ਹਾਂ ਪਿੰਡਾਂ ਵਿਚ ਸਰਬ ਸੰਮਤੀਆਂ ਹੋਈਆਂ ਰਹੀਮਾਬਾਦ ਕਲਾਂ, ਝੜੌਦੀ, ਉਧੋਵਾਲ ਖੁਰਦ, ਕਕਰਾਲਾ ਕਲਾਂ, ਕਕਰਾਲਾ ਖੁਰਦ, ਚੂਹੜਪੁਰ, ਮਾਛੀਵਾੜਾ ਖਾਮ, ਟੰਡੀ, ਕਮਾਲਪੁਰ, ਨੂਰਪੁਰ ਮੰਡ, ਭੌਰਲਾ ਬੇਟ, ਮੰਡ ਖਾਨਪੁਰ, ਮੰਡ ਸ਼ੇਰੀਆਂ, ਮਿੱਠੇਵਾਲ, ਮੁਗਲੇਵਾਲ, ਚਕਲੀ ਮੰਗਾ, ਚਕਲੀ ਆਦਲ, ਸਹਿਬਾਜਪੁਰ, ਬੋਹਾਪੁਰ, ਜਲਾਹ ਮਾਜਰਾ, ਹਰਿਓਂ ਕਲਾਂ, ਟੱਪਰੀਆਂ, ਊਰਨਾ, ਰਾਜੇਵਾਲ ਰਾਜਪੂਤਾਂ, ਮੁਬਾਰਕਪੁਰ, ਰੋਡ ਮਾਜਰੀ, ਪੂਨੀਆਂ, ਅਡਿਆਣਾ, ਰਾਣਵਾਂ, ਚੱਕੀ, ਢੰਡੇ, ਸ਼ਰਬਤਗੜ੍ਹ, ਕਾਉਂਕੇ, ਰਾਏਪੁਰ ਬੇਟ, ਸ਼ੇਰਪੁਰ ਬੇਟ, ਬੁਰਜ ਕੱਚਾ, ਗੜ੍ਹੀ ਸੈਣੀਆਂ, ਚੱਕ ਲੋਹਟ, ਸੈਂਸੋਵਾਲ ਕਲਾਂ, ਮਿਲਕੋਵਾਲ, ਈਸਾਪੁਰ, ਰੂੜੇਵਾਲ, ਮੰਡ ਜੋਧਵਾਲ ਸ਼ਾਮਲ ਹਨ।