ਪੰਚਾਇਤੀ ਚੋਣਾਂ ''ਚ 80.38 ਫੀਸਦੀ ਵੋਟਰਾਂ ਨੇ ਕੀਤੀ ਵੋਟ ਦੇ ਅਧਿਕਾਰ ਦੀ ਵਰਤੋਂ

01/01/2019 2:25:46 PM

ਚੰਡੀਗੜ੍ਹ (ਭੁੱਲਰ) : ਪੰਜਾਬ 'ਚ ਬੀਤੇ ਦਿਨੀਂ ਹੋਈਆਂ ਪੰਚਾਇਤੀ ਚੋਣਾਂ ਦੀ ਪ੍ਰਤੀਸ਼ਤਤਾ ਦਾ ਅਧਿਕਾਰਤ ਅੰਕੜਾ ਸੂਬਾ ਚੋਣ ਕਮਿਸ਼ਨ ਵਲੋਂ ਜਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੀ ਰਾਤ ਕਈ ਥਾਈਂ ਦੇਰ ਰਾਤ ਤੱਕ ਝਗੜਿਆਂ ਦੇ ਬਾਵਜੂਦ ਪੋਲਿੰਗ ਦਾ ਕੰਮ ਜਾਰੀ ਰਹਿਣ ਕਾਰਨ ਪੂਰੇ ਜ਼ਿਲਿਆਂ ਦੀਆਂ ਰਿਪੋਰਟਾਂ ਮੁਕੰਮਲ ਤੌਰ 'ਤੇ ਨਾ ਮਿਲਣ ਕਾਰਨ ਕਮਿਸ਼ਨ ਪੂਰੇ ਸੂਬੇ ਦਾ ਓਵਰਆਲ ਅਤੇ ਵੱਖ-ਵੱਖ ਜ਼ਿਲਿਆਂ ਦਾ ਅੰਕੜਾ ਨਹੀਂ ਸੀ ਜੁਟਾ ਸਕਿਆ। ਇਹ ਕਾਰਵਾਈ ਸੋਮਵਾਰ ਸ਼ਾਮ ਤੱਕ ਮੁਕੰਮਲ ਹੋਣ ਤੋਂ ਬਾਅਦ ਹੀ ਅਧਿਕਾਰਤ ਅੰਕੜਾ ਜਾਰੀ ਕੀਤਾ ਗਿਆ ਹੈ। 14 ਥਾਵਾਂ 'ਤੇ ਮੁੜ ਵੋਟਾਂ ਦੇ ਹੁਕਮ ਦੇ ਮੱਦੇਨਜ਼ਰ ਇਸ 'ਚ ਮਾਮੂਲੀ ਤਬਦੀਲੀ ਹੋ ਸਕਦੀ ਹੈ। ਕਮਿਸ਼ਨ ਵਲੋਂ ਜਾਰੀ ਕੀਤੇ ਗਏ ਅੰਕੜੇ ਅਨੁਸਾਰ ਪੰਚਾਇਤ ਚੋਣਾਂ 'ਚ 80.38% ਵੋਟਰਾਂ ਨੇ ਅਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।

ਸਾਰੇ ਜ਼ਿਲਿਆਂ 'ਚੋਂ ਮਾਨਸਾ 'ਚ ਸਭ ਤੋਂ ਵੱਧ 88.21% ਅਤੇ ਤਰਨਤਾਰਨ 'ਚ ਸਭ ਤੋਂ ਘੱਟ 66.14 % ਵੋਟਿੰਗ ਹੋਈ। ਇਸੇ ਤਰ੍ਹਾਂ ਅੰਮ੍ਰਿਤਸਰ 'ਚ 75.16%, ਬਠਿੰਡਾ 'ਚ 84.75%, ਬਰਨਾਲਾ 81%, ਫਿਰੋਜ਼ਪੁਰ 81%, ਫਤਿਹਗੜ੍ਹ ਸਾਹਿਬ 83.89%, ਫਰੀਦਕੋਟ 83.15%, ਫਾਜ਼ਿਲਕਾ 86%, ਗੁਰਦਾਸਪੁਰ 78%, ਹਸ਼ਿਆਰਪੁਰ 74.10%, ਜਲੰਧਰ 75.21%, ਕਪੂਰਥਲਾ 77.03%, ਲੁਧਿਆਣਾ 77.92%, ਮੋਗਾ 81.21%, ਸ੍ਰੀ ਮੁਕਤਸਰ ਸਾਹਿਬ 84.32%, ਮਾਨਸਾ 88.21%, ਪਟਿਆਲਾ 82%, ਪਠਾਨਕੋਟ 82%, ਰੂਪਨਗਰ 81.6%, ਸੰਗਰੂਰ 86.55%, ਸਾਹਿਬਜ਼ਾਦਾ ਅਜੀਤ ਸਿੰਘ ਨਗਰ 84% ਅਤੇ ਐੱਸ. ਏ. ਐੱਸ. ਨਗਰ 75.22% 'ਚ ਵੋਟਿੰਗ ਹੋਈ।


Anuradha

Content Editor

Related News