ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਮੋਗਾ ਦਾ ਕਮਾਲ, ਸਰਕਾਰੀ 65 ਦੁਕਾਨਾਂ ਦਾ ਰਿਕਾਰਡ ਗੁੰਮ

01/18/2023 11:27:28 AM

ਮੋਗਾ (ਗੋਪੀ ਰਾਊਕੇ) : ਇਕ ਪਾਸੇ ਜਿੱਥੇ ਪੰਜਾਬ ਦੇ ਪੇਂਡੂ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਸਰਕਾਰੀ ਪੰਚਾਇਤੀ ਜਾਇਦਾਦਾਂ ਦਾ ਸਮੁੱਚਾ ਰਿਕਾਰਡ ਤਸੱਲੀਬਖਸ਼ ਕਰਨ ਦੇ ਹੁਕਮ ਦੇਣ ਨਾਲ ਨਾਜਾਇਜ਼ ਕਬਜ਼ਿਆਂ ਨੂੰ ਵੀ ਹਟਾਉਣ ਲਈ ਵੱਡੇ ਪੱਧਰ ’ਤੇ ਮੁਹਿੰਮ ਚਲਾਈ ਹੋਈ ਹੈ, ਉਥੇ ਹੀ ਦੂਜੇ ਪਾਸੇ ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਮੋਗਾ-1 ਦੇ ਕੋਲ ਆਪਣੀ ਸਰਕਾਰੀ ਲਗਭਗ 65 ਦੁਕਾਨਾਂ ਦਾ ਕੋਈ ਰਿਕਾਰਡ ਹੀ ਮੌਜੂਦ ਨਹੀਂ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਵਿਭਾਗ ਕੋਲ ਇਹ ਵੀ ਜਾਣਕਾਰੀ ਨਹੀਂ ਕਿ ਇਹ ਦੁਕਾਨਾਂ ਕਿਸ ਨੂੰ ਅਲਾਟਮੈਂਟ ਕੀਤੀਆਂ ਗਈਆਂ ਅਤੇ ਹੁਣ ਕਿਸ ਦੇ ਕੋਲ ਇਸ ਦਾ ਕਬਜ਼ਾ ਹੈ। ਜ਼ਿਆਦਾਤਰ ਦੁਕਾਨਦਾਰਾਂ ਨੇ ਇਹ ਦੁਕਾਨਾਂ ਅੱਗੇ ਵੀ ਸਬਲਿਟ ਕਰ ਦਿੱਤੀਆਂ ਹਨ ਪਰ ਵਿਭਾਗ ਨੂੰ ਇਸ ਦੀ ਵੀ ਕੋਈ ਜਾਣਕਾਰੀ ਨਹੀਂ ਹੈ। ‘ਜਗ ਬਾਣੀ’ ਨੂੰ ਜਾਣਕਾਰੀ ਦਿੰਦੇ ਹੋਏ ਆਰ. ਟੀ. ਆਈ. ਐਕਟੀਵਿਸਟ ਰੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇ ਸਾਲ ਬਲਾਕ ਦੀਆਂ ਦੁਕਾਨਾਂ ਸਬੰਧੀ ਸੂਚਨਾ ਦੇ ਅਧਿਕਾਰ ਐਕਟ 2005 ਦੇ ਤਹਿਤ ਇਹ ਜਾਣਕਾਰੀ ਮੰਗੀ ਗਈ ਸੀ ਕਿ ਪੰਚਾਇਤ ਵਿਭਾਗ ਦੀ ਕਿੰਨੀਆਂ ਦੁਕਾਨਾਂ ਹਨ ਅਤੇ ਇੰਨ੍ਹਾਂ ਦੇ ਨਿਰਮਾਣ ਸਬੰਧੀ ਵੀ ਨਕਸ਼ੇ ਦੀ ਕਾਪੀ ਮੰਗੀ ਗਈ ਸੀ।

ਉਨ੍ਹਾਂ ਦੱਸਿਆ ਕਿ ਵਿਭਾਗ ਨੇ 21 ਜੂਨ 2022 ਨੂੰ ਇਹ ਜਾਣਕਾਰੀ ਦਿੱਤੀ ਸੀ ਕਿ ਵਿਭਾਗ ਕੋਲ ਦੁਕਾਨਾਂ ਦੀ ਕੋਈ ਵੀ ਜਾਣਕਾਰੀ ਮੌਜੂਦ ਨਹੀਂ ਹੈ ਅਤੇ ਵਿਭਾਗ ਨੇ ਸਰਕਾਰੀ ਪੱਤਰ ਰਾਹੀਂ ਸਪੱਸ਼ਟ ਕੀਤਾ ਕਿ ਕੋਈ ਵੀ ਨਕਸ਼ਾ ਵਿਭਾਗ ਦੇ ਕੋਲ ਨਹੀਂ ਹੈ। ਆਰ. ਟੀ. ਆਈ. ਐਕਟੀਵਿਸਟ ਨੇ ਦੋਸ਼ ਲਗਾਇਆ ਕਿ 20 ਜੁਲਾਈ 2022 ਦੇ ਅਨੁਸਾਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਨੇ ਹਲਫੀਆ ਬਿਆਨ ਰਾਹੀਂ ਵੀ ਵਿਭਾਗ ਕੋਲ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਪੱਲਾ ਝਾੜ ਦਿੱਤਾ।

ਪੰਚਾਇਤ ਮੰਤਰੀ ਨੂੰ ਭੇਜਿਆ ਸ਼ਿਕਾਇਤ ਪੱਤਰ, ਮਾਮਲੇ ਦੀ ਮੰਗੀ ਜਾਂਚ

ਇਸ ਦੌਰਾਨ ਹੀ ਆਰ. ਟੀ. ਆਈ. ਐਕਟੀਵਿਸਟ ਰੁਪਿੰਦਰ ਸਿੰਘ ਨੇ ਕਿਹਾ ਕਿ ਮੋਗਾ ’ਚ ਪੰਚਾਇਤ ਸੰਮਤੀ ਦੀਆਂ ਦੁਕਾਨਾਂ ’ਚ ਕਥਿਤ ਤੌਰ ’ਤੇ ਵੱਡੇ ਪੱਧਰ ’ਤੇ ਸਰਕਾਰ ਨੂੰ ਚੂਨਾ ਲੱਗ ਰਿਹਾ ਹੈ। ਉਨ੍ਹਾਂ ਸ਼ਿਕਾਇਤ ਪੱਤਰ ਰਾਹੀਂ ਸਮੁੱਚੇ ਮਾਮਲੇ ਦੀ ਜਾਣਕਾਰੀ ਮੰਗੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਰੀ ਜਾਣਕਾਰੀ ਲੈਂਦੇ ਹੋਏ ਉੱਚ ਅਧਿਕਾਰੀ ਇਸ ਦੀ ਜਾਂਚ ਕਰਵਾਏ ਤਾਂ ਬਹੁਤ ਕੁਝ ਸਾਹਮਣੇ ਆ ਸਕਦਾ ਹੈ।

ਕੀ ਕਹਿੰਦੇ ਹਨ ਬੀ. ਡੀ. ਪੀ. ਓ.

ਇਸ ਦੌਰਾਨ ਹੀ ਜਦ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਮੋਗਾ-1 ਰਾਜਵਿੰਦਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ 2015-16 ਤੱਕ ਜਿਸ ਮੁਲਾਜ਼ਮ ਕੋਲ ਵਿਭਾਗ ਦੀਆਂ ਦੁਕਾਨਾਂ ਦਾ ਰਿਕਾਰਡ ਸੀ, ਉਸ ਦੀ ਅਚਾਨਕ ਮੌਤ ਹੋ ਗਈ ਸੀ, ਜਿਸ ਕਾਰਨ ਹੁਣ ਵਿਭਾਗ ਦੇ ਕੋਲ ਰਿਕਾਰਡ ਨਹੀਂ ਸੀ। ਉਨ੍ਹਾਂ ਕਿਹਾ ਕਿ ਇਸ ਉਪਰੰਤ ਸਾਰਾ ਰਿਕਾਰਡ ਵਿਭਾਗ ਦੇ ਕੋਲ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਦੁਕਾਨਾਂ ਦਾ ਕਿਰਾਇਆ ਵੀ ਆਨਲਾਈਨ ਜਮ੍ਹਾ ਕਰਵਾਇਆ ਜਾ ਰਿਹਾ ਹੈ।


Gurminder Singh

Content Editor

Related News