ਹੁਣ ਬਲਮਗੜ੍ਹ ਦੀ ਪੰਚਾਇਤ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਪਾਇਆ ਮਤਾ
Saturday, Oct 03, 2020 - 03:09 PM (IST)
ਸ੍ਰੀ ਮੁਕਤਸਰ ਸਾਹਿਬ (ਰਿਣੀ) : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਬੱਲਮਗੜ੍ਹ ਦੀ ਪੰਚਾਇਤ ਨੇ ਖੇਤੀ ਬਿੱਲਾਂ ਦੇ ਵਿਰੁੱਧ ਪਹਿਲ ਕਰਦਿਆਂ ਅੱਜ ਗ੍ਰਾਮ ਸਭਾ ਬੁਲਾ ਕੇ ਬਿੱਲਾਂ ਖ਼ਿਲਾਫ਼ ਮਤਾ ਪਾਇਆ। ਵਰਣਨਯੋਗ ਹੈ ਕਿ ਗ੍ਰਾਮ ਸਭਾਵਾਂ ਵੱਲੋਂ ਪਿੰਡਾਂ ਵਿਚ ਖੇਤੀ ਕਾਨੂੰਨਾਂ ਵਿਰੁੱਧ ਮਤੇ ਪਾਏ ਜਾ ਰਹੇ ਹਨ। ਅੱਜ ਬੁਲਾਈ ਗਈ ਗ੍ਰਾਮ ਸਭਾ ਵਿਚ ਵੱਡੀ ਗਿਣਤੀ ਵਿਚ ਪਿੰਡ ਵਾਸੀ ਪੁੱਜੇ। ਪਿੰਡ ਦੀ ਮਹਿਲਾ ਸਰਪੰਚ ਦੀ ਹਾਜ਼ਰੀ ਵਿਚ ਪਏ ਇਸ ਮਤੇ ਦੌਰਾਨ ਪਿੰਡ ਦੀਆਂ ਔਰਤਾਂ ਨੇ ਵੀ ਵੱਡੀ ਗਿਣਤੀ 'ਚ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ : ਰਾਹੁਲ ਦੀਆਂ ਟ੍ਰੈਕਟਰ ਰੈਲੀਆਂ ਤੋਂ ਮੁੜ ਪੁਰਾਣੇ ਰੋਂਅ 'ਚ ਆਉਣਗੇ ਨਵਜੋਤ ਸਿੱਧੂ
ਮਹਿਲਾ ਸਰਪੰਚ ਦੇ ਪਤੀ ਬੋਹੜ ਸਿੰਘ ਜਟਾਣਾ ਨੇ ਦੱਸਿਆ ਕਿ ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡਾਂ ਦੇ ਸਰਪੰਚਾਂ ਦੀ ਹੋਈ ਮੀਟਿੰਗ ਵਿਚ ਵੀ ਸਰਬਸੰਮਤੀ ਨਾਲ ਇਹ ਫ਼ੈਸਲਾ ਲਿਆ ਗਿਆ ਹੈ ਕਿ ਸਾਰੇ ਪਿੰਡ ਗ੍ਰਾਮ ਸਭਾ ਬੁਲਾ ਕੇ ਅਜਿਹੇ ਮਤੇ ਪਾਉਣਗੇ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੇ ਨਾਲ ਖੜ੍ਹੇ ਹਨ ਅਤੇ ਕਿਸੇ ਵੀ ਕੀਮਤ 'ਤੇ ਉਨ੍ਹਾਂ ਨੂੰ ਇਹ ਕੇਂਦਰ ਦੇ ਕਾਨੂੰਨ ਮਨਜ਼ੂਰ ਨਹੀਂ ਹਨ। ਉਨ੍ਹਾਂ ਕਿਹਾ ਕਿ ਜਦੋਂ ਤਕ ਕੇਂਦਰ ਸਰਕਾਰ ਇਹ ਕਾਨੂੰਨ ਵਾਪਸ ਨਹੀਂ ਲੈਂਦੀ, ਉਦੋਂ ਤਕ ਉਹ ਕਿਸਾਨਾਂ ਨਾਲ ਸੰਘਰਸ਼ ਵਿਚ ਸਾਥ ਦੇਣਗੇ।