ਪਹਿਲਾਂ ਵੀ ਪਨਾਮਾ ਦੇ ਸਮੁੰਦਰ ’ਚ ਡੁੱਬ ਚੁੱਕੇ ਹਨ 4 ਨੌਜਵਾਨ, ਅਮਰੀਕੀ ਰਾਸ਼ਟਰਪਤੀ ਨੇ ਰੋਕਿਆ ਫਸੇ ਨੌਜਵਾਨਾਂ ਦਾ ਰਸਤਾ
Tuesday, Jul 10, 2018 - 05:45 AM (IST)
ਕਪੂਰਥਲਾ, (ਭੂਸ਼ਣ)- ਕਪੂਰਥਲਾ ਜ਼ਿਲੇ ਸਮੇਤ ਦੋਆਬਾ ਖੇਤਰ ਨਾਲ ਸਬੰਧਤ ਸੈਂਕੜਿਅਾਂ ਦੀ ਗਿਣਤੀ ’ਚ ਨੌਜਵਾਨ ਜਿਥੇ ਅਮਰੀਕਾ ਜਾਣ ਦੀ ਕੋਸ਼ਿਸ਼ ਵਿਚ ਬੀਤੇ ਕਈ ਮਹੀਨਿਆਂ ਤੋਂ ਦੱਖਣੀ ਅਮਰੀਕੀ ਦੇਸ਼ਾਂ ’ਚ ਫਸੇ ਹੋਏ ਹਨ, ਉਥੇ ਹੀ ਨਡਾਲਾ ਦੇ ਇਕ ਨੌਜਵਾਨ ਦੀ ਪਨਾਮਾ ’ਚ ਹੋਈ ਮੌਤ ਅਤੇ ਜ਼ਿਲੇ ਨਾਲ ਸਬੰਧਤ ਕਈ ਨੌਜਵਾਨਾਂ ਦੇ ਅਮਰੀਕੀ ਜੇਲਾਂ ਵਿਚ ਬੰਦ ਹੋਣ ਜਾਂ ਲਾਪਤਾ ਹੋਣ ਦੀਅਾਂ ਸੂਚਨਾਵਾਂ ਨੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੀ ਨੀਂਦ ਉਡਾ ਦਿੱਤੀ ਹੈ ਆਲਮ ਤਾਂ ਇਹ ਹੈ ਕਿ ਅਜਿਹੀਅਾਂ ਸੂਚਨਾਵਾਂ ਦੇ ਕਾਰਨ ਹੁਣ ਇਨ੍ਹਾ ਨੌਜਵਾਨਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਆਪਣੇ ਲਾਡਲਿਆਂ ਦੀ ਸਲਾਮਤੀ ਦੀ ਚਿੰਤਾ ਸਤਾਉਣ ਲੱਗ ਪਈ ਹੈ। ਉਥੇ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਮੀਗਰੇਸ਼ਨ ਨਿਯਮਾਂ ਨੂੰ ਲੈ ਕੇ ਕੀਤੀ ਗਈ ਭਾਰੀ ਸਖਤੀ ਦੇ ਕਾਰਨ ਇਨ੍ਹਾਂ ਨੌਜਵਾਨਾਂ ਦਾ ਭਵਿੱਖ ਵਿਚਕਾਰ ਫਸ ਗਿਆ ਹੈ।
ਅਮਰੀਕਾ ਜਾਣ ਦੀ ਕੋਸ਼ਿਸ਼ ’ਚ ਨੌਜਵਾਨਾਂ ਦੇ ਮਰਨ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਅਮਰੀਕਾ ਜਾਣ ਦੀ ਕੋਸ਼ਿਸ਼ ’ਚ ਸਾਲ 2016 ’ਚ ਜ਼ਿਲਾ ਕਪੂਰਥਲਾ ਅਤੇ ਹੁਸ਼ਿਆਰਪੁਰ ਨਾਲ ਸਬੰਧਤ 4 ਨੌਜਵਾਨ ਪਨਾਮਾ ਦੇ ਡੂੰਘੇ ਸਮੁੰਦਰ ਵਿਚ ਡੁੱਬ ਗਏ ਸਨ। ਜਿਨ੍ਹਾਂ ਦਾ ਅਜੇ ਤਕ ਕੋਈ ਸੁਰਾਗ ਨਹੀਂ ਹੈ। ਇਸ ਮਾਮਲੇ ’ਚ ਪੁਲਸ ਨੇ ਕੁਝ ਕਬੂਤਰਬਾਜ਼ਾਂ ਦੇ ਖਿਲਾਫ ਮਾਮਲੇ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਵੀ ਕੀਤਾ ਸੀ । ਉਥੇ ਹੀ ਸਾਲ 2004 ’ਚ ਸਪੇਨ ਜਾਣ ਦੀ ਕੋਸ਼ਿਸ਼ ’ਚ ਜ਼ਿਲਾ ਕਪੂਰਥਲਾ ਸਮੇਤ ਦੋਆਬਾ ਖੇਤਰ ਨਾਲ ਸਬੰਧਤ 26 ਨੌਜਵਾਨ ਮੋਰੱਕੋ ਦੇ ਨਜ਼ਦੀਕ ਡੂੰਘੇ ਸਮੁੰਦਰ ’ਚ ਡੁੱਬ ਗਏ ਸਨ। ਜਿਸ ਦਾ ਅੱਜੇ ਤਕ ਕੋਈ ਸੁਰਾਗ ਨਹੀਂ ਹੈ । ਦੱਸਿਆ ਜਾਂਦਾ ਹੈ ਕਿ 30 ਤੋਂ 35 ਲੱਖ ਰੁਪਏ ਦੀ ਰਕਮ ਦੇ ਕੇ ਦੱਖਣੀ ਅਮਰੀਕੀ ਦੇਸ਼ਾਂ ’ਚ ਭੇਜੇ ਗਏ ਇਨ੍ਹਾਂ ਜ਼ਿਆਦਾਤਰ ਨੌਜਵਾਨਾਂ ਦੀ ਉਥੇ ਹਾਲਤ ਇੰਨੀ ਖ਼ਰਾਬ ਹੈ ਕਿ ਅਮਰੀਕੀ ਰਾਸ਼ਟਸ਼ਪਤੀ ਟਰੰਪ ਵੱਲੋਂ ਕੀਤੀ ਗਈ ਸਖਤੀ ਦੇ ਕਾਰਨ ਹੁਣ ਇਨ੍ਹਾਂ ਨੌਜਵਾਨਾਂ ਦਾ ਅਮਰੀਕਾ ਪੁੱਜਣਾ ਨਾਮੁਕਿਨ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਪਨਾਮਾ, ਗਵਾਟੇਮਾਲਾ ਅਤੇ ਮੈਕਸੀਕੋ ਵਿਚ ਬਣੇ ਕੈਂਪਾਂ ’ਚ ਕਈ ਮਹੀਨਿਆਂ ਤੋਂ ਬੈਠ ਕੇ ਅਮਰੀਕਾ ਜਾਣ ਦਾ ਇਤਜ਼ਾਰ ਕਰਨਾ ਪੈ ਰਿਹਾ ਹੈ, ਜਿਸ ਦੌਰਾਨ ਖਤਰਨਾਕ ਰਸਤਿਅਾਂ ਨੂੰ ਪਾਰ ਕਰਦੇ ਹੋਏ ਜਾਂ ਤਾਂ ਇਹ ਨੌਜਵਾਨ ਸਮੁੰਦਰ ਵਿਚ ਡੁੱਬ ਜਾਂਦੇ ਹਨ ਜਾਂ ਫਿਰ ਪੁਲਸ ਵੱਲੋਂ ਫਡ਼ੇ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੀ ਜ਼ਿਦੰਗੀ ਭਰ ਦੀ ਕਮਾਈ ਡੁੱਬ ਜਾਂਦੀ ਹੈ।
ਪੁਲਸ ਦੀ ਨਜ਼ਰ ਤੋਂ ਬਚਣ ਲਈ ਘਰਾਂ ’ਚ ਹੁੰਦੇ ਨੇ ਕਬੂਤਰਬਾਜ਼ੀ ਦੇ ਸੌਦੇ
ਦੱਖਣੀ ਅਮਰੀਕੀ ਦੇਸ਼ਾਂ ਦੇ ਖਤਰਨਾਕ ਰਸਤਿਅਾਂ ਤੋਂ ਨੌਜਵਾਨਾਂ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇਣ ਵਾਲੇ ਕਬੂਤਰਬਾਜ਼ਾਂ ਦੇ ਕੋਲ ਨਾ ਤਾਂ ਕੋਈ ਸਰਕਾਰੀ ਲਾਈਸੈਂਸ ਹੈ, ਨਾ ਹੀ ਆਪਣਾ ਦਫ਼ਤਰ । ਅਜਿਹੇ ਲੋਕ ਆਪਣੇ ਘਰਾਂ ’ਚ ਬੈਠ ਕੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਦਲਾਲਾਂ ਦੇ ਮਾਰਫ਼ਤ ਆਪਣੇ ਜਾਲ ’ਚ ਫੱਸਾ ਲੈਂਦੇ ਹਨ ਅਤੇ ਉਨ੍ਹਾਂ ਤੋਂ ਲੱਖਾਂ ਰੁਪਏ ਦੀ ਰਕਮ ਵਸੂਲ ਲੈਂਦੇ ਹਨ। ਇਨ੍ਹਾਂ ਵਿਚੋਂ ਕਈ ਕਬੂਤਰਬਾਜ਼ਾਂ ਨੂੰ ਲੈ ਕੇ ਪੁਲਸ ਦੇ ਕੋਲ ਸ਼ਿਕਾਇਤ ਨਾ ਪੁੱਜਣ ਦੇ ਕਾਰਨ ਲੰਬੇ ਸਮੇਂ ਤਕ ਇਨ੍ਹਾਂ ਦੀਅਾਂ ਗਤੀਵਿਧੀਅਾਂ ਦੀ ਪੁਲਸ ਨੂੰ ਭਿਣਕ ਵੀ ਨਹੀਂ ਲੱਗਦੀ, ਜਿਸ ਕਾਰਨ ਇਹ ਫਰਜ਼ੀ ਟ੍ਰੈਵਲ ਏਜੰਟ ਆਪਣੇ ਖਤਰਨਾਕ ਖੇਡ ਨੂੰ ਅੰਜਾਮ ਦੇਣ ’ਚ ਜੁਟੇ ਹੋਏ ਹਨ।
ਫਰਜ਼ੀ ਟਰੈਵਲ ਏਜੰਟਾਂ ਖਿਲਾਫ ਕੀਤੀ ਜਾਵੇਗੀ ਸਖਤ ਕਾਰਵਾਈ : ਐੱਸ. ਐੱਸ. ਪੀ.
ਇਸ ਸਬੰਧ ’ਚ ਜਦੋਂ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾ ਕਿਹਾ ਕਿ ਲੋਕਾਂ ਨੂੰ ਅਜਿਹੇ ਕਬੂਤਰਬਾਜ਼ਾਂ ਦੇ ਝਾਂਸੇ ’ਚ ਨਹੀਂ ਆਉਣਾ ਚਾਹੀਦਾ ਅਤੇ ਲੋਕਾਂ ਨੂੰ ਕਾਨੂੰਨੀ ਰਸਤਿਅਾਂ ਨਾਲ ਹੀ ਵਿਦੇਸ਼ ਜਾਣਾ ਚਾਹੀਦਾ ਹੈ । ਉਥੇ ਹੀ ਅਜਿਹੇ ਫਰਜ਼ੀ ਟਰੈਵਲ ਏਜੰਟਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
