ਪਾਕਿਸਤਾਨੀ ਰੇਂਜਰਸ ਦੀ ਇਕ ਹੋਰ ਨਾਪਾਕ ਹਰਕਤ, ਭਾਰਤੀ ਖੇਤਾਂ ''ਚ ਸੁਟਵਾਈ ਜਾਂਦੀ ਹੈ ਹੈਰੋਇਨ
Friday, Sep 13, 2019 - 05:15 PM (IST)

ਜਲੰਧਰ (ਜ. ਬ.) : ਪਾਕਿਸਤਾਨੀ ਰੇਂਜਰਸ ਦੀ ਇਕ ਹੋਰ ਨਾਪਾਕ ਹਰਕਤ ਸਾਹਮਣੇ ਆਈ ਹੈ। ਹਾਲ ਹੀ 'ਚ ਪਾਕਿ ਤੋਂ ਹੈਰੋਇਨ ਮੰਗਵਾ ਕੇ ਸਮੱਗਲਿੰਗ ਕਰਨ ਵਾਲੇ ਗ੍ਰਿਫਤਾਰ ਕੀਤੇ ਗਏ ਮੱਖਣ ਕੋਲੋਂ ਪੁੱਛਗਿੱਛ 'ਚ ਇਕ ਵੱਡਾ ਖੁਲਾਸਾ ਹੋਇਆ ਹੈ, ਜਿਸ ਨੇ ਦੱਸਿਆ ਕਿ ਪਾਕਿਸਤਾਨ ਤੋਂ ਉਨ੍ਹਾਂ ਦੇ ਖੇਤਾਂ ਤੱਕ ਹੈਰੋਇਨ ਪਹੁੰਚਾਉਣ 'ਚ ਪਾਕਿਸਤਾਨੀ ਰੇਂਜਰਸ ਪੂਰੀ ਮਦਦ ਕਰਦੇ ਹਨ। ਉਹ ਪਾਕਿ ਸਮੱਗਲਰਾਂ ਨੂੰ ਨੋ ਮੈਨਸ ਲੈਂਡ ਤੱਕ ਪਹੁੰਚਾਉਂਦੇ ਹਨ ਅਤੇ ਬੀ. ਐੱਸ. ਐੱਫ. ਦੇ ਜਵਾਨਾਂ ਦੀਆਂ ਨਜ਼ਰਾਂ ਤੋਂ ਬਚ ਨਿਕਲਣ ਅਤੇ ਭਾਰਤੀ ਖੇਤਾਂ ਵੱਲ ਹੈਰੋਇਨ ਸੁੱਟਣ ਤੋਂ ਬਾਅਦ ਵਾਪਸ ਉਨ੍ਹਾਂ ਨੂੰ ਪਾਕਿਸਤਾਨ ਦੀ ਹੱਦ 'ਚ ਲੈ ਜਾਂਦੇ ਹਨ। ਪਾਕਿਸਤਾਨੀ ਰੇਂਜਰਸ ਹੀ ਸਮੱਗਲਰਾਂ ਨੂੰ ਬੀ. ਐੱਸ. ਐੱਫ. ਦੀ ਟੀਮ ਦੀ ਪੈਟਰੋਲਿੰਗ ਬਾਰੇ ਸਾਰੀ ਜਾਣਕਾਰੀ ਦਿੰਦੇ ਹਨ। ਜਿਵੇਂ ਹੀ ਬੀ. ਐੱਸ. ਐੱਫ. ਉਕਤ ਏਰੀਏ ਤੋਂ ਪੈਟਰੋਲਿੰਗ ਕਰ ਕੇ ਨਿਕਲ ਜਾਂਦੀ ਹੈ ਤਾਂ ਪਾਕਿ ਰੇਂਜਰਸ ਦੀ ਮਦਦ ਨਾਲ ਡੈੱਡਲਾਈਨ ਪਾਰ ਕਰ ਕੇ ਆਏ ਪਾਕਿਸਤਾਨੀ ਸਮੱਗਲਰਾਂ ਵਲੋਂ ਭਾਰਤ ਵੱਲ ਹੈਰੋਇਨ ਦੇ ਪੈਕੇਟ ਸੁੱਟ ਦਿੱਤੇ ਜਾਂਦੇ ਹਨ। ਜ਼ਿਆਦਾਤਰ ਸਪਲਾਈ ਅੱਧਾ ਕਿਲੋ ਦੀ ਪੈਕਿੰਗ 'ਚ ਹੁੰਦੀ ਹੈ, ਜਿਸ ਨੂੰ ਸੁੱਟਣਾ ਆਸਾਨ ਹੁੰਦਾ ਹੈ। ਇਸ ਤੋਂ ਇਲਾਵਾ ਫਸਲ ਲੰਬੀ ਹੋਣ ਕਾਰਣ ਸਮੱਗਲਰਾਂ ਦੀ ਮੂਵਮੈਂਟ ਦਾ ਕੁਝ ਪਤਾ ਨਹੀਂ ਲੱਗਦਾ। ਪਾਕਿ ਦੇ ਸਮੱਗਲਰ ਭਾਰਤੀ ਸਮੱਗਲਰਾਂ ਨੂੰ ਹੈਰੋਇਨ ਵੇਚਣ ਅਤੇ ਆਪਣੀ ਡਿਫੈਂਸ ਲਈ 30 ਬੋਰ ਦਾ ਵੈਪਨ ਵੀ ਗਿਫਟ ਕਰਦੇ ਹਨ।
ਇਸ ਵੈਪਨ ਦੀ ਕੀਮਤ 80 ਹਜ਼ਾਰ ਤੋਂ ਇਕ ਲੱਖ ਰੁਪਏ ਵਿਚ ਹੈ ਜੋ ਚਾਈਨਾ ਦਾ ਬਣਿਆ ਹੋਇਆ ਹੈ। ਭਾਵੇਂ ਕਿ ਇਹ ਵੈਪਨ ਪਾਕਿਸਤਾਨ ਅਤੇ ਅਫਗਾਨਿਸਤਾਨ 'ਚ ਵੀ ਤਿਆਰ ਕੀਤੇ ਜਾਂਦੇ ਹਨ। 30 ਬੋਰ ਦਾ ਵੈਪਨ ਪੰਜਾਬ 'ਚ ਅੱਤਵਾਦ ਦੇ ਦੌਰ ਸਮੇਂ ਕਾਫੀ ਵਰਤਿਆ ਜਾਂਦਾ ਸੀ। ਪੁਲਸ ਦੀ ਮੰਨੀਏ ਤਾਂ ਪਾਕਿਸਤਾਨ ਦੇ ਸਮੱਗਲਰ ਭਾਰਤੀ ਸਮੱਗਲਰਾਂ ਨਾਲ ਕੰਮ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਪਾਕਿਸਤਾਨੀ ਸਿਮ ਕਾਰਡ ਵੀ ਮੁਹੱਈਆ ਕਰਵਾਉਂਦੇ ਹਨ। ਇਸਦਾ ਕਾਰਨ ਇਹ ਕਿ ਭਾਰਤੀ ਸਰਹੱਦ 'ਚ ਆਉਣ ਵਾਲੇ ਬੀ. ਟੀ. ਐੱਸ. ਪਾਕਿਸਤਾਨ 'ਚ ਜਾਣ ਵਾਲੀਆਂ ਕਾਲਾਂ ਨੂੰ ਆਸਾਨੀ ਨਾਲ ਡਿਟੈਕਟ ਕਰ ਲੈਂਦੇ ਹਨ। ਇਸ ਲਈ ਇਸ ਤੋਂ ਬਚਣ ਲਈ ਭਾਰਤੀ ਸਮੱਗਲਰ ਪਾਕਿਸਤਾਨ ਦੇ ਸਿਮ ਕਾਰਡ ਵਰਤਦੇ ਹਨ। ਬਾਰਡਰ ਏਰੀਆ ਹੋਣ ਕਾਰਣ ਪਾਕਿਸਤਾਨੀ ਬੀ. ਟੀ . ਐੱਸ. ਦੀ ਰੇਂਜ ਆਸਾਨੀ ਨਾਲ ਭਾਰਤੀ ਸਰਹੱਦ ਅੰਦਰ ਆ ਜਾਂਦੀ ਹੈ ਪਰ ਜਾਂਚ ਏਜੰਸੀਆਂ ਅਜਿਹੀਆਂ ਕਾਲਾਂ ਨੂੰ ਡਿਟੈਕਟ ਕਰਨ ਵਿਚ ਸਫਲ ਨਹੀਂ ਹੁੰਦੀਆਂ।
ਹੈਰੋਇਨ ਮਾਮਲੇ 'ਚ ਫੜੇ ਗਏ ਕਿਸਾਨਾਂ ਨੂੰ ਦੁਬਾਰਾ ਨਹੀਂ ਮਿਲਦੀ ਖੇਤੀ ਦੀ ਇਜਾਜ਼ਤ
ਪਾਕਿਸਤਾਨ ਬਾਰਡਰ ਦੇ ਨਾਲ ਲੱਗਦੇ ਖੇਤਾਂ ਵਿਚ ਕੰਮ ਕਰਨ ਵਾਲਾ ਕਿਸਾਨ ਜੇਕਰ ਪਾਕਿਸਤਾਨ ਤੋਂ ਆਈ ਹੈਰੈਇਨ ਸਣੇ ਫੜਿਆ ਜਾਂਦਾ ਹੈ ਤਾਂ ਉਸ ਕਿਸਾਨ ਨੂੰ ਹੀ ਨਹੀਂ, ਸਗੋਂ ਉਸਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਉਥੇ ਖੇਤੀ ਨਹੀਂ ਕਰਨ ਦਿੱਤੀ ਜਾਂਦੀ। ਉਸ ਖੇਤ ਨੂੰ ਜਾਂ ਤਾਂ ਕਿਸਾਨ ਵੇਚ ਦਿੰਦਾ ਹੈ ਜਾਂ ਫਿਰ ਕਿਸੇ ਨੂੰ ਖੇਤੀਬਾੜੀ ਲਈ ਠੇਕੇ 'ਤੇ ਦੇ ਦਿੰਦਾ ਹੈ।
ਬਾਰਡਰ ਏਰੀਏ 'ਚ ਖੇਤ ਨਾ ਹੋਣ ਤਾਂ ਬੰਦ ਹੋ ਸਕਦੀ ਹੈ ਸਮੱਗਲਿੰਗ
ਪੁਲਸ ਅਧਿਕਾਰੀਆਂ ਦੀ ਮੰਨੀਏ ਤਾਂ ਜੇਕਰ ਬਾਰਡਰ ਏਰੀਏ ਦੇ ਨਾਲ ਲੱਗਦੇ ਖੇਤ ਨਾ ਹੋਣ ਤਾਂ ਕਿਸੇ ਵੀ ਤਰ੍ਹਾਂ ਪਾਕਿਸਤਾਨ ਤੋਂ ਸਮੱਗਲਿੰਗ ਨਹੀਂ ਹੋ ਸਕਦੀ। ਜਦੋਂ ਫਸਲਾਂ ਵੱਡੀਆਂ ਹੋ ਜਾਂਦੀਆਂ ਹਨ ਤਾਂ ਸਮੱਗਲਰਾਂ ਲਈ ਹੈਰੋਇਨ ਅਤੇ ਹਥਿਆਰਾਂ ਦੀ ਸਮੱਗਲਿੰਗ ਕਰਨੀ ਸੌਖੀ ਹੋ ਜਾਂਦੀ ਹੈ।