14 ਜਨਵਰੀ ਨੂੰ ਪਾਕਿਸਤਾਨੀ ਬੱਚਾ ਮੁਬਸ਼ਰ ਬਿਲਾਲ ਪਰਤੇਗਾ ਆਪਣੇ ਵਤਨ (ਵੀਡੀਓ)
Friday, Jan 10, 2020 - 02:25 PM (IST)
ਹੁਸ਼ਿਆਰਪੁਰ,(ਅਮਰਿੰਦਰ)-ਭਾਰਤ ਅਤੇ ਪਾਕਿਸਤਾਨ ਵਿਚਕਾਰ ਜਾਰੀ ਤਲਖੀ ਦੇ ਬਾਵਜੂਦ ਵੀਰਵਾਰ ਨੂੰ ਭਾਰਤ ਸਰਕਾਰ ਨੇ ਪੰਜਾਬ ਦੇ ਹੁਸ਼ਿਆਰਪੁਰ ਜੁਵੇਨਾਈਲ ਜੇਲ ਵਿਚ ਬੰਦ ਚੱਲ ਰਹੇ 17 ਸਾਲਾ ਪਾਕਿਸਤਾਨੀ ਮੁਬਸ਼ਰ ਬਿਲਾਲ ਨੂੰ ਰਿਹਾਅ ਕਰਨ ਦੇ ਜਿਵੇਂ ਹੀ ਹੁਕਮ ਦਿੱਤੇ, ਸਰਹੱਦ ਪਾਰ ਪਾਕਿਸਤਾਨ ਦੇ ਕਸੂਰ ਜ਼ਿਲੇ ਦੇ ਵਜ਼ੀਰਪੁਰ ਪਿੰਡ ਵਿਚ ਬਿਲਾਲ ਦੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਦੌਡ਼ ਪਈ। ਭਾਰਤ ਸਰਕਾਰ ਨੇ ਸਾਫ਼ ਤੌਰ ’ਤੇ ਕਿਹਾ ਹੈ ਕਿ 14 ਜਨਵਰੀ ਤੋਂ ਪਹਿਲਾਂ ਬਿਲਾਲ ਦੀ ਰਿਹਾਈ ਦੀ ਸਾਰੀ ਕਾਰਵਾਈ ਪੂਰੀ ਕਰ ਲੲੀ ਜਾਵੇਗੀ ਤਾਂ ਕਿ 14 ਜਨਵਰੀ ਨੂੰ ਮੁਬਸ਼ਰ ਬਿਲਾਲ ਨੂੰ ਸਖਤ ਸੁਰੱਖਿਆ ਪ੍ਰਬੰਧ ਾਂ ਅਧੀਨ ਬਾਘਾ ਬਾਰਡਰ ’ਤੇ ਪਾਕਿਸਤਾਨੀ ਅਧਿਕਾਰੀਆਂ ਨੂੰ ਸੌਂਪਣ ਵਿਚ ਕੋਈ ਅਡ਼ਚਨ ਪੈਦਾ ਨਾ ਹੋਵੇ।
ਪ੍ਰਧਾਨ ਮੰਤਰੀ ਮੋਦੀ ਨੇ ਮਨੁੱਖੀ ਭਾਵਨਾਵਾਂ ਦਾ ਕੀਤਾ ਖਿਆਲ
ਪਾਕਿਸਤਾਨ ਵਿਚ ਇਸ ਮਾਮਲੇ ਨੂੰ ਉਠਾ ਰਹੇ ਸੰਪਾਦਕਾਂ ਦੇ ਅਨੁਸਾਰ ਅੱਜ ਜਿਵੇਂ ਹੀ ਬਿਲਾਲ ਨੂੰ ਭਾਰਤ ਸਰਕਾਰ ਵੱਲੋਂ ਰਿਲੀਜ਼ ਆਰਡਰ ਜਾਰੀ ਕਰਨ ਦੀ ਸੂਚਨਾ ਮਿਲੀ ਪਰਿਵਾਰ ਵਿਚ ਸਾਰੇ ਲੋਕ ਖੁਸ਼ੀ ਨਾਲ ਝੂਮ ਉੱਠੇ। ਬਿਲਾਲ ਦੇ ਪਿਤਾ ਮੁਹੰਮਦ ਅਕਬਰ ਦੇ ਅਨੁਸਾਰ ਬਿਲਾਲ ਕੋਈ ਅੱਤਵਾਦੀ ਨਹੀਂ ਸੀ। ਮੇਰੀ ਡਾਂਟ ਤੋਂ ਪ੍ਰੇਸ਼ਾਨ ਹੋ ਕਿ ਗਲਤੀ ਨਾਲ ਭਾਰਤ ਦੇ ਪੰਜਾਬ ਰਾਜ ਦੇ ਤਰਨਤਾਰਨ ਜ਼ਿਲੇ ਦੇ ਖੇਮਕਰਨ ਬਾਰਡਰ ਨੂੰ ਪਾਰ ਕਰ ਕੇ ਭਾਰਤ ਅੰਦਰ ਚਲਾ ਗਿਆ ਸੀ। ਮੁਹੰਮਦ ਅਕਬਰ ਦੇ ਨਾਲ-ਨਾਲ ਬਿਲਾਲ ਦੇ ਸਾਰੇ ਪਰਿਵਾਰ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਭਾਰਤ ਸਰਕਾਰ ਮਨੁੱਖੀ ਭਾਵਨਾਵਾਂ ਦਾ ਖਿਆਲ ਕਰ ਕੇ ਜਿਸ ਤਰ੍ਹਾਂ ਬੇਕਸੂਰ ਬਿਲਾਲ ਦੀ ਰਿਹਾਈ ਕਰ ਰਹੀ ਹੈ ਅਸੀਂ ਉਸ ਦਾ ਸ਼ੁਕਰਗੁਜ਼ਾਰ ਹਾਂ।
ਪਾਕਿਸਤਾਨ ਵਿਚ ਪਰਿਵਾਰ ਕਰ ਰਿਹੈ ਬਿਲਾਲ ਦਾ ਇੰਤਜ਼ਾਰ
ਹੁਸ਼ਿਆਰਪੁਰ ਜੁਵੇਨਾੲੀਲ ਹੋਮ ਵਿਚ ਆਪਣੀ ਸਜ਼ਾ ਪੁੂਰੀ ਕਰਨ ਦੇ ਬਾਵਜੂਦ ਪਿਛਲੇ ਡੇਢ ਸਾਲ ਤੋਂ ਕੈਦ ਦੀ ਸਜ਼ਾ ਕੱਟਣ ਨੂੰ ਮਜਬੂਰ ਮੁਬਸ਼ਰ ਬਿਲਾਲ ਦੀ ਰਿਹਾਈ ਸਬੰਧੀ ਪਾਕਿਸਤਾਨ ਦੇ ਕਸੂਰ ਜ਼ਿਲੇ ਵਿਚ ਸਥਿਤ ਉਸ ਦੇ ਪਿੰਡ ਵਜ਼ੀਰਪੁਰ ਬਿਲਾਲ ਦੇ ਨਾ ਸਿਰਫ ਮਾਤਾ-ਪਿਤਾ ਸਗੋਂ ਉਸ ਦੇ 5 ਭਰਾ ਤੇ 4 ਭੈਣਾਂ ਵੀ ਪਥਰਾਈ ਅੱਖਾਂ ਨਾਲ ਬਿਲਾਲ ਦਾ ਇੰਤਜ਼ਾਰ ਕਰਨ ਨੂੰ ਮਜਬੂਰ ਸਨ।
ਮਾਰਚ 2018 ਵਿਚ ਪਿਤਾ ਦੀ ਡਾਂਟ ਪੈਣ ਕਾਰਣ ਕਰ ਗਿਆ ਸੀ ਬਾਰਡਰ ਪਾਰ
ਧਿਆਨਯੋਗ ਹੈ ਕਿ ਮਾਰਚ 2018 ਵਿਚ ਘਰ ਵਿਚ ਪਿਤਾ ਮੁਹੰਮਦ ਅਕਬਰ ਦੀ ਪਈ ਡਾਂਟ ਕਾਰਣ ਬਿਲਾਲ ਰੁਸ ਕੇ ਆਪਣੇ ਘਰ ਤੋਂ ਸਿਰਫ਼ 400 ਮੀਟਰ ਦੂਰ ਭਾਰਤੀ ਬਾਰਡਰ ਨੂੰ ਪਾਰ ਕਰ ਗਿਆ ਸੀ। ਭਾਰਤੀ ਫੌਜ ਨੇ ਉਸ ਨੂੰ ਬਾਰਡਰ ਕੋਲੋਂ ਗ੍ਰਿਫਤਾਰ ਕਰ ਲਿਆ ਸੀ। ਮੁਬਸ਼ਰ ਬਿਲਾਲ ’ਤੇ 1 ਮਾਰਚ 2018 ਨੂੰ ਥਾਣਾ ਖੇਮਕਰਨ ਵਿਚ ਕੇਸ ਦਰਜ ਕੀਤਾ ਸੀ। ਉਸ ਸਮੇਂ ਤੋਂ ਬਿਲਾਲ ਮੁਬਸ਼ਰ ਹੁਸ਼ਿਆਰਪੁਰ ਦੀ ਜੇਲ ਵਿਚ ਬੰਦ ਹੈ। ਬਿਲਾਲ ਨੂੰ ਤਰਨਤਾਰਨ ਦੀ ਅਦਾਲਤ (ਜੁਵੇਨਾੲੀਲ ਜਸਟਿਸ ਬੋਰਡ) ਨੇ 6 ਮਹੀਨੇ ਬਾਅਦ 6 ਸਤੰਬਰ 2018 ਨੂੰ ਬਰੀ ਕਰ ਦਿੱਤਾ ਸੀ ਫਿਰ ਵੀ ਪਿਛਲੇ 16 ਮਹੀਨਿਆਂ ਤੋਂ ਬਿਲਾਲ ਜੇਲ ਵਿਚ ਬੰਦ ਸੀ।
ਸੁਰੱਖਿਆ ਪ੍ਰਬੰਧ ਾਂ ਅਧੀਨ 14 ਜਨਵਰੀ ਨੂੰ ਰਿਹਾਅ ਹੋਵੇਗਾ ਬਿਲਾਲ : ਡੀ . ਸੀ.
ਸੰਪਰਕ ਕਰਨ ’ਤੇ ਡੀ. ਸੀ. ਈਸ਼ਾ ਕਾਲੀਆ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪਾਕਿਸਤਾਨੀ ਬੱਚੇ ਮੁਬਸ਼ਰ ਬਿਲਾਲ ਨੂੰ ਰਿਹਾਅ ਕਰਨ ਦੇ ਹਕਮ ਸਾਨੂੰ ਮਿਲ ਗਏ ਹਨ। ਰਿਹਾਈ ਦੇ ਸਾਰੇ ਜ਼ਰੂਰੀ ਕਾਗਜ਼ਾਤ ਤਿਆਰ ਹੁੰਦੇ ਹੀ ਜ਼ਿਲਾ ਪ੍ਰਸ਼ਾਸਨ ਵੱਲੋਂ ਸਖਤ ਸੁਰੱਖਿਆ ਪ੍ਰਬੰਧਾਂ ਅਧੀਨ 14 ਜਨਵਰੀ ਨੂੰ ਬਿਲਾਲ ਨੂੰ ਬਾਘਾ ਬਾਰਡਰ ’ਤੇ ਪਾਕਿਸਤਾਨੀ ਅਧਿਕਾਰੀਆਂ ਦੇ ਜ਼ਰੀਏ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ।