ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ ਪਾਕਿਸਤਾਨੀ ਘੁਸਪੈਠੀਆ ਢੇਰ

Monday, Mar 05, 2018 - 03:50 PM (IST)

ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ ਪਾਕਿਸਤਾਨੀ ਘੁਸਪੈਠੀਆ ਢੇਰ

ਗੁਰਦਾਸਪੁਰ (ਦੀਪਕ,ਵਿਨੋਦ,ਬੇਰੀ) : ਜ਼ਿਲਾ ਗੁਰਦਾਸਪੁਰ ਵਿਚ ਡੇਰਾ ਬਾਬਾ ਨਾਨਕ ਖੇਤਰ 'ਚ ਘਣੀਏ-ਕੇ-ਬੇਟ ਦੇ ਕੋਲ ਪਾਕਿਸਤਾਨ ਤੋਂ ਭਾਰਤੀ ਸਰਹੱਦ 'ਚ ਦਾਖਲ ਕਰਦਾ ਇਕ ਪਾਕਿਸਤਾਨੀ ਘੁਸਪੈਠੀਆਂ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦੀ ਗੋਲੀ ਨਾਲ ਮਾਰਿਆ ਗਿਆ। ਸੀਮਾ ਸੁਰੱਖਿਆ ਬਲ ਦੇ ਡੀ. ਆਈ. ਜੀ ਰਾਜੇਸ਼ ਸ਼ਰਮਾ ਮੁਤਾਬਕ ਮਾਰਿਆ ਗਿਆ ਪਾਕਿਸਤਾਨੀ ਨਾਗਰਿਕ ਲੱਗਦਾ ਹੈ ਅਤੇ ਜਾਂ ਤਾਂ ਉਹ ਗਲਤੀ ਨਾਲ ਜਾਂ ਮਨੋਸਥਿਤੀ ਠੀਕ ਨਾ ਹੋਣ ਦੇ ਕਾਰਨ ਭਾਰਤੀ ਸਰਹੱਦ 'ਚ ਦਾਖ਼ਲ ਹੋ ਗਿਆ ਸੀ, ਜੋ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦੀ ਸਰਗਰਮੀ ਦੇ ਕਾਰਨ ਮਾਰਿਆ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅੱਜ ਤੜਕਸਾਰ ਲਗਭਗ 4 ਵਜ ਕੇ 20 ਮਿੰਟ ਤੇ ਘਣੀਏ ਕੇ ਬੇਟ ਇਲਾਕੇ ਵਿਚ ਸਾਹਮਣੇ ਪਾਕਿਸਤਾਨ ਵਲੋਂ ਇਕ ਵਿਅਕਤੀ ਭਾਰਤੀ ਸਰਹੱਦ ਵਿਚ ਦਾਖ਼ਲ ਹੁੰਦਾ ਸੀਮਾ ਸੁਰੱਖਿਆ ਬਲ ਦੀ 164 ਬਟਾਲੀਅਨ ਦੇ ਜਵਾਨਾਂ ਨੂੰ ਦਿਖਾਈ ਦਿੱਤਾ। ਜਿਵੇਂ ਹੀ ਉਹ ਭਾਰਤੀ ਸੀਮਾ ਵਿਚ ਦਾਖ਼ਲ ਹੋਣ ਵਿਚ ਸਫ਼ਲ ਹੋਇਆ ਤਾਂ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਫਾਇਰ ਸ਼ੁਰੂ ਕਰ ਦਿੱਤਾ, ਜਿਸ ਨਾਲ ਉਹ ਮੌਕੇ 'ਤੇ ਹੀ ਮਾਰਿਆ ਗਿਆ। 
ਕੀ ਕਹਿੰਦੇ ਹਨ ਡੀ. ਆਈ. ਜੀ ਰਾਜੇਸ਼ ਸ਼ਰਮਾ 
ਗੁਰਦਾਸਪੁਰ ਸੈਕਟਰ ਹੈੱਡਕੁਆਰਟਰ ਸੀਮਾ ਸੁਰੱਖਿਆ ਬਲ ਦੇ ਡੀ. ਆਈ. ਜੀ ਰਾਜੇਸ ਸ਼ਰਮਾ ਨਾਲ ਜਦ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਮਾਰਿਆ ਗਿਆ ਘੁਸਪੈਠੀਆਂ ਨੰਗੇ ਪੈਰੀਂ ਸੀ ਅਤੇ ਬਹੁਤ ਹੀ ਸਾਧਾਰਨ ਕੱਪੜੇ ਪਾਏ ਹੋਏ ਹਨ। ਉਸ ਤੋਂ ਕੋਈ ਚੀਜ਼ ਵੀ ਬਰਾਮਦ ਨਹੀਂ ਹੋਈ ਹੈ ਅਤੇ ਲੱਗਦਾ ਹੈ ਕਿ ਉਹ ਗਲਤੀ ਨਾਲ ਭਾਰਤੀ ਸਰਹੱਦ ਵਿਚ ਦਾਖਲ ਹੋ ਗਿਆ, ਪਰ ਸਰਹੱਦ 'ਤੇ ਸੀਮਾ ਸੁਰੱਖਿਆ ਬਲ ਦੇ ਜਵਾਨ ਅੱਜ-ਕੱਲ ਬਹੁਤ ਸਰਗਰਮੀ ਵਰਤ ਰਹੇ ਹਨ। ਇਸ ਲਈ ਉਹ ਜਵਾਨਾਂ ਦੀ ਗੋਲੀ ਨਾਲ ਮਾਰਿਆ ਗਿਆ।
ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨੀ ਰੇਂਜਰ ਦੇ ਨਾਲ ਫਲੈਗ ਮੀਟਿੰਗ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੀ ਫੋਟੋ ਵੀ ਉਨ੍ਹਾਂ ਨੂੰ ਦਿੱਤੀ ਜਾ ਰਹੀ ਹੈ। ਜੇਕਰ ਪਾਕਿਸਤਾਨੀ ਰੇਂਜਰ ਨੇ ਮਾਰੇ ਗਏ ਘੁਸਪੈਠੀਏ ਦੀ ਲਾਸ਼ ਸਵੀਕਾਰ ਕਰ ਲਈ ਤਾਂ ਠੀਕ ਹੈ, ਨਹੀਂ ਤਾਂ ਲਾਸ਼ ਪੁਲਸ ਨੂੰ ਸੌਂਪੀ ਜਾਵੇਗੀ। ਬਾਕੀ ਕਾਰਵਾਈ ਫਿਰ ਪੁਲਸ ਕਰੇਗੀ।


Related News