ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਲਈ ਬਣਾਏ ਜਾ ਰਹੇ ਪੁਲ ਦਾ ਨਿਰਮਾਣ ਜੰਗੀ ਪੱਧਰ ''ਤੇ ਜਾਰੀ
Monday, Mar 28, 2022 - 05:08 PM (IST)
ਬਟਾਲਾ/ਡੇਰਾ ਬਾਬਾ ਨਾਨਕ (ਬੇਰੀ, ਮਾਂਗਟ) : ਕਰਤਾਰਪੁਰ ਸਾਹਿਬ ਲਾਂਘੇ ਲਈ ਭਾਰਤ ਸਰਕਾਰ ਵੱਲੋਂ ਨਜ਼ਦੀਕੀ ਪਿੰਡ ਮਾਨ ਤੋਂ ਅੰਤਰਰਾਸ਼ਟਰੀ ਸਰਹੱਦ ਦੀ ਜ਼ੀਰੋ ਲਾਈਨ ਤੱਕ ਕਰੀਬ 3.6 ਕਿਲੋਮੀਟਰ 'ਤੇ 200 ਫੁੱਟ ਚੌੜਾ ਕੋਰੀਡੋਰ ਬਣਾਇਆ ਗਿਆ ਹੈ ਅਤੇ ਜ਼ੀਰੋ ਲੇਨ 'ਤੇ ਪੁਲ ਬਣਾ ਕੇ ਭਾਰਤ ਸਰਕਾਰ ਵੱਲੋਂ ਆਪਣਾ ਲਾਂਘੇ ਦਾ ਕੰਮ ਮੁਕੰਮਲ ਕਰ ਦਿੱਤਾ ਗਿਆ ਸੀ। ਪਾਕਿਸਤਾਨ ਵਾਲੇ ਪਾਸੇ ਬਣਨ ਵਾਲੇ ਜ਼ੀਰੋ ਲੇਨ ਤੋਂ ਪਾਕਿਸਤਾਨੀ ਚੈੱਕ ਪੋਸਟ ਤੱਕ 280 ਮੀਟਰ ਲੰਬੇ ਪੁਲ ਦਾ ਕੰਮ ਅਧੂਰਾ ਹੋਣ ਕਾਰਨ ਇਸ ਪੁਲ ਨੇੜੇ ਇਕ ਆਰਜ਼ੀ ਸੜਕ ਬਣਾ ਕੇ ਲਾਂਘਾ ਖੋਲ੍ਹ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ ਪੰਜਾਬ ਦਾ ਹੈ, ਭਾਜਪਾ ਦਾ ਇਕਤਰਫ਼ਾ ਫ਼ੈਸਲਾ ਸੰਘਵਾਦ 'ਤੇ ਸਿੱਧਾ ਹਮਲਾ: ਸੁਖਪਾਲ ਖਹਿਰਾ
ਉਸ ਸਮੇਂ ਡੇਰਾ ਬਾਬਾ ਨਾਨਕ ਦੀ ਅੰਤਰਰਾਸ਼ਟਰੀ ਸਰਹੱਦ ਦੀ ਜ਼ੀਰੋ ਲੇਨ 'ਤੇ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਦੀ ਹੋਈ ਮੀਟਿੰਗ ਦੌਰਾਨ ਪਾਕਿਸਤਾਨੀ ਅਧਿਕਾਰੀਆਂ ਨੇ ਕਿਹਾ ਸੀ ਕਿ ਪੈਸੇ ਦੀ ਘਾਟ ਕਾਰਨ ਅਸੀਂ ਅਜੇ ਇਸ ਪੁਲ ਦਾ ਨਿਰਮਾਣ ਨਹੀਂ ਕਰਵਾ ਸਕਦੇ ਪਰ ਇਸ ਪੁਲ ਦਾ ਨਿਰਮਾਣ ਇਕ ਸਾਲ ਦੇ ਵਿਚ-ਵਿਚ ਕਰਵਾ ਦਿੱਤਾ ਜਾਵੇਗਾ। ਭਾਵੇਂ ਕਿ ਕੋਰੋਨਾ ਕਾਰਨ ਇਸ ਪੁਲ ਦੇ ਨਿਰਮਾਣ 'ਚ ਦੇਰੀ ਹੋਈ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨ ਸਰਕਾਰ ਵੱਲੋਂ ਇਸ ਪੁਲ ਦੇ ਨਿਰਮਾਣ ਦਾ ਕੰਮ ਜੰਗੀ ਪੱਧਰ 'ਤੇ ਚਲਾਇਆ ਗਿਆ ਹੈ ਤੇ ਆਸ ਹੈ ਕਿ ਪਾਕਿਸਤਾਨ ਵੱਲੋਂ ਇਸ ਪੁਲ ਦੇ ਨਿਰਮਾਣ ਦਾ ਕੰਮ ਬਹੁਤ ਜਲਦ ਮੁਕੰਮਲ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਰਾਸ਼ਟਰਪਤੀ ਅਹੁਦੇ ਦੀ ਪੇਸ਼ਕਸ਼ ਕਦੇ ਵੀ ਸਵੀਕਾਰ ਨਹੀਂ ਕਰਾਂਗੀ : ਮਾਇਆਵਤੀ
ਭਾਰਤ ਵਾਲੇ ਪਾਸੇ ਸਰਹੱਦ 'ਤੇ ਬਣਨ ਵਾਲੇ ਦਰਸ਼ਨ ਸਥਲ ਦਾ ਲਟਕਿਆ ਕੰਮ
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਤੋਂ ਪਹਿਲਾਂ ਸੰਗਤਾਂ ਦੀ ਸਹੂਲਤ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੰਸ਼ਜ਼ ਬਾਬਾ ਸੁਖਦੀਪ ਸਿੰਘ ਬੇਦੀ ਚੇਅਰਮੈਨ ਚੈਰੀਟੇਬਲ ਹਸਪਤਾਲ ਡੇਰਾ ਬਾਬਾ ਨਾਨਕ ਵੱਲੋਂ ਬੀ. ਐੱਸ. ਐੱਫ. ਕੋਲੋਂ ਮਨਜ਼ੂਰੀ ਲੈ ਕੇ ਸਰਹੱਦ 'ਤੇ ਇਕ ਬਹੁਤ ਹੀ ਸੁੰਦਰ ਦਰਸ਼ਨ ਸਥਲ ਬਣਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਮੌਕੇ ਲੈਂਡ ਪੋਰਟ ਅਥਾਰਟੀ ਵੱਲੋਂ ਇਸ ਦਰਸ਼ਨ ਸਥਲ ਨੂੰ ਢਾਹ ਦਿੱਤਾ ਗਿਆ ਸੀ ਅਤੇ ਉਸ ਮੌਕੇ ਕਿਹਾ ਗਿਆ ਸੀ ਕਿ ਇਸ ਦਰਸ਼ਨ ਸਥਲ ਨੂੰ ਦੂਜੀ ਜਗ੍ਹਾ ਸ਼ਿਫਟ ਕੀਤਾ ਜਾਵੇਗਾ ਤੇ ਬਹੁਤ ਹੀ ਸੁੰਦਰ ਤਰੀਕੇ ਨਾਲ ਬਣਾਇਆ ਜਾਵੇਗਾ ਪਰ 2 ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਭਾਰਤ ਸਰਕਾਰ ਵੱਲੋਂ ਇਸ ਦਰਸ਼ਨ ਸਥਲ ਦਾ ਨਿਰਮਾਣ ਨਹੀਂ ਕਰਵਾਇਆ ਗਿਆ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਵਸੂਲੀ ਜਾਂਦੀ 20 ਡਾਲਰ ਦੀ ਫੀਸ ਘੱਟ ਕੀਤੀ ਜਾਵੇ ਅਤੇ ਪਾਸਪੋਰਟ ਦੀ ਸ਼ਰਤ ਖਤਮ ਕੀਤੀ ਜਾਵੇ।