5 ਸਾਲ ਬਾਅਦ ਪਾਕਿਸਤਾਨ ਨੇ ਰਿਹਾਅ ਕੀਤਾ ਜਸਪਾਲ ਸਿੰਘ
Monday, Feb 10, 2020 - 11:16 PM (IST)
ਅੰਮ੍ਰਿਤਸਰ, (ਨੀਰਜ)— ਕੈਦੀਆਂ ਦੀ ਅਦਲਾ-ਬਦਲੀ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ 'ਚ ਹੋਏ ਸਮਝੌਤੇ ਦੇ ਤਹਿਤ ਸੋਮਵਾਰ ਨੂੰ ਪਾਕਿਸਤਾਨ ਦੀ ਸਰਕਾਰ ਨੇ ਸਿਵਲ ਕੈਦੀ ਜਸਪਾਲ ਸਿੰਘ ਨਿਵਾਸੀ ਜੰਮੂ-ਕਸ਼ਮੀਰ ਨੂੰ ਰਿਹਾਅ ਕਰ ਦਿੱਤਾ ਹੈ, ਜਿਸ ਨੂੰ ਅਟਾਰੀ ਬਾਰਡਰ 'ਤੇ ਡਿਊਟੀ ਨਿਆਂ-ਅਧਿਕਾਰੀ ਜਕਸੀਰ ਸਿੰਘ ਦੇ ਵੱਲੋਂ ਰਿਸੀਵ ਕੀਤਾ ਗਿਆ।
ਜਾਣਕਾਰੀ ਅਨੁਸਾਰ ਜਸਪਾਲ ਸਿੰਘ ਨੂੰ 5 ਸਾਲ ਦੀ ਸਜ਼ਾ ਕੱਟਣ ਦੇ ਬਾਅਦ ਪਾਕਿਸਤਾਨ ਨੇ ਰਿਹਾਅ ਕੀਤਾ ਹੈ, ਜਦਕਿ ਜਸਪਾਲ ਨੂੰ ਦੋ ਸਾਲ ਦੀ ਸਜ਼ਾ ਹੋਈ ਸੀ। ਜਸਪਾਲ ਜੰਮੂ-ਕਸ਼ਮੀਰ ਬਾਰਡਰ ਰਾਹੀਂ ਗਲਤੀ ਨਾਲ ਪਾਕਿਸਤਾਨ ਚਲਾ ਗਿਆ ਸੀ, ਜਿੱਥੇ ਉਸ ਨੂੰ ਪਾਕਿਸਤਾਨੀ ਸੈਨਾ ਵੱਲੋਂ ਜਾਸੂਸੀ ਦਾ ਦੋਸ਼ ਲਾਉਂਦੇ ਹੋਏ ਗ੍ਰਿਫਤਾਰ ਕਰ ਲਿਆ। ਪਾਕਿਸਤਾਨ ਦੀ ਮਿਲਟਰੀ ਜੇਲ 'ਚ ਜਸਪਾਲ ਸਿੰਘ ਨੂੰ ਥਰਡ ਡਿਗਰੀ ਦਿੱਤੀ ਗਈ ਅਤੇ ਗੈਰ-ਮਨੁੱਖੀ ਤਸੀਹੇ ਦਿੱਤੇ ਗਏ, ਜਿਸ ਕਾਰਣ ਜਸਪਾਲ ਦੀ ਮਾਨਸਿਕ ਹਾਲਤ ਵੀ ਥੋੜ੍ਹੀ ਠੀਕ ਨਹੀਂ ਹੈ। ਜਸਪਾਲ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਉਨ੍ਹਾਂ ਕੈਦੀਆਂ ਦੀ ਰਿਹਾਈ ਕਰ ਦੇਣੀ ਚਾਹੀਦੀ ਹੈ, ਜੋ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ। ਪਾਕਿਸਤਾਨ ਦੀ ਸਰਕਾਰ ਭਾਰਤੀ ਕੈਦੀਆਂ 'ਤੇ ਬਹੁਤ ਜ਼ੁਲਮ ਕਰਦੀ ਹੈ।