ਪਾਕਿਸਤਾਨ 'ਚ ਇਕ ਹੋਰ 14 ਸਾਲਾ ਕੁੜੀ ਨੂੰ ਅਗਵਾ ਕਰ ਕੇ ਕੀਤਾ ਜਬਰੀ ਨਿਕਾਹ
Saturday, Feb 29, 2020 - 11:50 AM (IST)
ਜਲੰਧਰ/ਨਵੀਂ ਦਿੱਲੀ (ਚਾਵਲਾ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਖੈਰਪੁਰਾ ਕੁੰਭ ਤੋਂ ਇਕ 14 ਸਾਲਾ ਹਿੰਦੂ ਕੁੜੀ ਨੂੰ ਅਗਵਾ ਕਰ ਕੇ ਉਸਦਾ ਧਰਮ ਤਬਦੀਲ ਕਰ ਕੇ ਜਬਰੀ ਨਿਕਾਹ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਹਿੰਦੂ ਅਤੇ ਸਿੱਖ ਕੁੜੀਆਂ ਨੂੰ ਅਗਵਾ ਕੀਤੇ ਜਾਣ ਦੀਆਂ ਘਟਨਾਵਾਂ ਰੋਜ਼ਾਨਾ ਪਾਕਿਸਤਾਨ ਵਿਚ ਵਾਪਰ ਰਹੀਆਂ ਹਨ ਅਤੇ ਇਹ ਮਾਮਲਾ ਕੌਮਾਂਤਰੀ ਪੱਧਰ 'ਤੇ ਉਠਾਇਆ ਜਾਣਾ ਚਾਹੀਦਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਉਨ੍ਹਾਂ ਨੇ ਕਿਹਾ ਕਿ 14 ਸਾਲਾ ਸੁਲਤਾਨਾ ਤੁਮਰਾਨੀ ਨੂੰ ਖੈਰਪੁਰਾ ਕੁੰਭ ਤੋਂ ਅਗਵਾ ਕੀਤਾ ਅਤੇ ਫਿਰ ਧਰਮ ਤਬਦੀਲ ਕਰ ਕੇ ਨਿਕਾਹ ਕਰ ਦਿੱਤਾ ਗਿਆ। ਉਹ 10ਵੀਂ ਦੀ ਵਿਦਿਆਰਥਣ ਹੈ। ਉਨ੍ਹਾਂ ਕਿਹਾ ਕਿ ਉਸਦੇ ਮਾਤਾ-ਪਿਤਾ ਬਹੁਤ ਪ੍ਰੇਸ਼ਾਨੀ ਵਾਲੀ ਹਾਲਤ ਵਿਚ ਹਨ ਅਤੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਨੇ ਕਿਹਾ ਕਿ ਇਕ ਹੋਰ ਮਾਮਲੇ ਵਿਚ ਬੀ. ਏ. ਪਹਿਲੇ ਸਾਲ ਦੀ ਵਿਦਿਆਰਥਣ ਅੰਜਨੀ ਨੂੰ ਸਕਰ ਸਿੰਧ ਤੋਂ ਅਗਵਾ ਕਰ ਕੇ ਉਸਦਾ ਨਿਕਾਹ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪੁਲਸ ਇਹ ਕਹਿ ਰਹੀ ਹੈ ਕਿ ਉੁਸਨੇ ਆਪਣੀ ਮਰਜ਼ੀ ਨਾਲ ਧਰਮ ਤਬਦੀਲ ਕੀਤਾ ਹੈ ਅਤੇ ਵਿਆਹ ਕਰਵਾਇਆ ਹੈ। ਇਕ ਪਾਸੇ ਤਾਂ ਇਮਰਾਨ ਖਾਨ ਇਹ ਦਾਅਵੇ ਕਰਦੇ ਨਹੀਂ ਥੱਕਦੇ ਕਿ ਪਾਕਿਸਤਾਨ ਵਿਚ ਘੱਟ ਗਿਣਤੀਆਂ ਸੁਰੱਖਿਅਤ ਹਨ, ਦੂਜੇ ਪਾਸੇ ਰੋਜ਼ਾਨਾ ਹੀ ਦੋ ਤਿੰਨ ਕੁਡ਼ੀਆਂ ਅਗਵਾ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਵਿਚ ਬਹੁ ਗਿਣਤੀ ਨਾਬਾਲਗ ਬੱਚੀਆਂ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਸੰਯੁਕਤ ਰਾਸ਼ਟਰ ਅਤੇ ਐਮਨੈਸਟੀ ਇੰਟਰਨੈਸ਼ਨਲ ਸਮੇਤ ਹੋਰ ਕੌਮਾਂਤਰੀ ਸੰਸਥਾਵਾਂ ਵਿਚ ਇਹ ਮਾਮਲਾ ਚੁੱਕਿਆ ਜਾਵੇ ਅਤੇ ਹਿੰਦੂ ਅਤੇ ਸਿੱਖ ਕੁੜੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।