ਪਾਕਿਸਤਾਨ ਨੇ ਰਿਹਾਅ ਕੀਤੇ 100 ਭਾਰਤੀ ਮਛੇਰੇ, ਪਹੁੰਚੇ ਵਤਨ (ਵੀਡੀਓ)
Tuesday, Apr 16, 2019 - 05:29 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਪਾਕਿਸਤਾਨ ਦੀਆਂ ਜੇਲਾਂ 'ਚ ਬੰਦ ਲਗਭਗ 100 ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਗੁਜਰਾਤ ਸੂਬੇ ਨਾਲ ਸੰਬੰਧ ਰੱਖਦੇ ਇਹ ਮਛੇਰੇ ਵਾਹਘਾ ਬਾਰਡਰ ਰਾਹੀਂ ਭਾਰਤ 'ਚ ਦਾਖਲ ਹੋਏ। ਆਪਣੇ ਵਤਨ ਦੀ ਜ਼ਮੀਨ 'ਤੇ ਪੈਰ ਧਰਦਿਆਂ ਹੀ ਇਨ੍ਹਾਂ ਮਛੇਰਿਆਂ ਦੇ ਚਹਿਰਿਆਂ 'ਤੇ ਖੁਸ਼ੀ ਦੇਖਣ ਨੂੰ ਮਿਲੀ। ਪਾਕਿਸਤਾਨ ਤੋਂ ਰਿਹਾਅ ਹੋ ਕੇ ਆਏ ਮਛੇਰਿਆਂ ਨੇ ਦੱਸਿਆ ਕਿ ਪਾਣੀ ਦੇ ਵਹਾਅ ਕਾਰਣ ਉਹ ਗਲਤੀ ਨਾਲ ਬਾਰਡਰ ਪਾਰ ਕਰ ਗਏ ਸਨ, ਜਿਥੇ ਪਾਕਿਸਤਾਨ ਨੇਵੀ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਰਿਹਾਅ ਹੋਏ ਇਨ੍ਹਾਂ ਮਛੇਰਿਆਂ ਨੂੰ ਸਿੱਧਾ ਰੈੱਡ ਕਰਾਸ ਲਿਜਾਇਆ ਜਾਵੇਗਾ, ਜਿਥੋਂ ਗੁਜਰਾਤ ਸਰਕਾਰ ਦੇ ਅਧਿਕਾਰੀਆਂ ਦੇ ਸਪੁਰਦ ਕਰ ਦਿੱਤਾ ਜਾਵੇਗਾ।
ਖਬਰਾਂ ਮੁਤਾਬਕ ਪਾਕਿਸਤਾਨ ਵਲੋਂ 360 ਭਾਰਤੀ ਮਛੇਰਿਆਂ ਨੂੰ ਰਿਹਾਅ ਕੀਤਾ ਜਾਣਾ ਸੀ ਪਰ ਕਿਸੇ ਕਾਰਣ ਬਾਕੀਆਂ ਦੀ ਰਿਹਾਈ ਫਿਲਹਾਲ ਟਾਲ ਦਿੱਤੀ ਗਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੁਲਵਾਮਾ ਹਮਲੇ ਮਗਰੋਂ ਪਾਕਿਸਤਾਨ, ਭਾਰਤੀ ਪਾਇਲਟ ਅਭਿਨੰਦਨ ਨੂੰ ਵੀ ਰਿਹਾਅ ਕਰ ਚੁੱਕਾ ਹੈ।