40 ਸਾਲ ਬਾਅਦ ਪਾਕਿਸਤਾਨ ਤੋਂ ਪਰਤੇ ਮੁਸ਼ਰਫ ਨੂੰ 2 ਹਫਤੇ ਬਾਅਦ ਵੀ ਲੈਣ ਨਹੀਂ ਆਇਆ ਕੋਈ ਰਿਸ਼ਤੇਦਾਰ

Tuesday, May 14, 2019 - 12:29 AM (IST)

40 ਸਾਲ ਬਾਅਦ ਪਾਕਿਸਤਾਨ ਤੋਂ ਪਰਤੇ ਮੁਸ਼ਰਫ ਨੂੰ 2 ਹਫਤੇ ਬਾਅਦ ਵੀ ਲੈਣ ਨਹੀਂ ਆਇਆ ਕੋਈ ਰਿਸ਼ਤੇਦਾਰ

ਅੰਮ੍ਰਿਤਸਰ, (ਨੀਰਜ)-ਪਾਕਿਸਤਾਨ ਵਿਚ 40 ਸਾਲ ਤੱਕ ਮਿਹਨਤ ਮਜ਼ਦੂਰੀ ਕਰਨ ਅਤੇ ਕਰਾਚੀ ਜੇਲ ਵਿਚ ਲੰਮੀ ਸਜ਼ਾ ਕੱਟਣ ਦੇ ਬਾਅਦ ਭਾਰਤ ਪਰਤੇ 65 ਸਾਲ ਦਾ ਮੁਸ਼ਰਫ ਅਲੀ ਨੂੰ ਇਹ ਉਮੀਦ ਨਹੀਂ ਸੀ ਕਿ ਆਪਣੇ ਵਤਨ ਆਉਣ ’ਤੇੇ ਉਨ੍ਹਾਂ ਨੂੰ ਆਪਣੇ ਹੀ ਸਕੇ ਰਿਸ਼ਤੇਦਾਰਾਂ ਤੋਂ ਜ਼ਲੀਲ ਹੋਣਾ ਪਵੇਗਾ। ਜਾਣਕਾਰੀ ਦੇ ਅਨੁਸਾਰ 29 ਅਪ੍ਰੈਲ ਨੂੰ ਪਾਕਿਸਤਾਨ ਤੋਂ ਰਿਹਾਅ ਹੋ ਕੇ ਆਏ ਮੁਸ਼ਰਫ ਅਲੀ ਨੂੰ ਭਾਰਤ ਆਏ ਦੋ ਹਫ਼ਤੇ ਦਾ ਸਮਾਂ ਲੰਘ ਚੁੱਕਾ ਹੈ ਪਰ ਅਜੇ ਤੱਕ ਉਸ ਦਾ ਕੋਈ ਵੀ ਸਕਾ ਸਬੰਧੀ ਉਸ ਨੂੰ ਆਪਣੇ ਘਰ ਲੈ ਜਾਣ ਨਹੀਂ ਆਇਆ। ਮੁਸ਼ਰਫ ਅਲੀ ਦੇ ਪਿਤਾ ਦਾ ਨਾਂ ਫਜ਼ਲ ਹੱਕ, ਮਾਤਾ ਦਾ ਨਾਂ ਸਲੇਹਾ ਖਾਤੂਨ ਨਿਵਾਸੀ ਵੱਡਾ ਤਾਜਪੁਰ, ਚੰਡੀਤਾਲ, ਹੁਗਲੀ, ਪੱਛਮੀ ਬੰਗਾਲ ਇਸ ਸਮੇਂ ਅੰਮ੍ਰਿਤਸਰ ਰੈੱਡ ਕਰਾਸ ਦਫਤਰ ਵਿਚ ਅੰਮ੍ਰਿਤਸਰ ਜ਼ਿਲਾ ਪ੍ਰਸ਼ਾਸਨ ਦੇ ਸਹਾਰੇ ਆਪਣੀ ਜ਼ਿੰਦਗੀ ਗੁਜ਼ਾਰਨ ਨੂੰ ਮਜਬੂਰ ਹੈ।

ਰੈੱਡ ਕਰਾਸ ਦਫਤਰ ਜੋ ਆਮ ਤੌਰ ’ਤੇ ਦੁਖੀ ਪੀਡ਼ਤਾਂ ਦੀ ਮਦਦ ਕਰਨ ਲਈ ਜਾਣਿਆ ਜਾਂਦਾ ਹੈ। ਇਸ ਦਫਤਰ ਵੱਲੋਂ ਮੁਸ਼ਰਫ ਅਲੀ ਨੂੰ ਖਾਣ-ਪੀਣ ਅਤੇ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਪਰ ਅਜੇੇ ਤੱਕ ਮੁਸ਼ਰਫ ਅਲੀ ਨੂੰ ਆਪਣੇ ਘਰ ਜ਼ਿਲੇ ਯਾਨੀ ਆਪਣੇ ਘਰ ਲੈ ਜਾਣ ਲਈ ਕੋਈ ਨਹੀਂ ਆ ਰਿਹਾ ਹੈ। ਉਸ ਦੇ ਇਕ ਹੋਰ ਸਾਥੀ ਕੈਦੀ ਨੂੰ ਰੈੱਡ ਕਰਾਸ ਵੱਲੋਂ ਅਪੀਲ ਕੀਤੀ ਗਈ ਸੀ ਕਿ ਉਹ ਉਸ ਨੂੰ ਹੁਗਲੀ ਛੱਡ ਦੇਣ ਪਰ ਸਾਥੀ ਕੈਦੀ ਨੇ ਵੀ ਮੁਸ਼ਰਫ ਅਲੀ ਨੂੰ ਆਪਣੇ ਨਾਲ ਲੈ ਜਾਣ ਤੋਂ ਮਨ੍ਹਾਂ ਕਰ ਦਿੱਤਾ ਕਿਉਂਕਿ ਉਸ ਦਾ ਕਹਿਣਾ ਸੀ ਕਿ 40 ਸਾਲ ਦੇ ਬਾਅਦ ਹੋ ਸਕਦਾ ਹੈ ਮੁਸ਼ਰਫ ਅਲੀ ਦਾ ਪਰਿਵਾਰ ਹੀ ਨਾ ਬਚਿਆ ਹੋਵੇ ਅਤੇ ਸ਼ਾਇਦ ਉਸ ਦੇ ਬੱਚਿਆਂ ਅਤੇ ਹੋਰ ਰਿਸ਼ਤੇਦਾਰਾਂ ਨੂੰ ਉਸ ਦੀਆਂ ਪਿਛਲੀਆਂ ਯਾਦਾਂ ਤੱਕ ਭੁੱਲ ਗਈਆਂ ਹੋਣ।

ਇਸ ਸਬੰਧ ਵਿਚ ਮੁਸ਼ਰਫ ਅਲੀ ਨੂੰ ਉਸ ਦੇ ਘਰ ਪਹੁੰਚਾਉਣ ਲਈ ਰੈੱਡ ਕਰਾਸ ਦਫਤਰ ਹੁਗਲੀ ਦੇ ਡੀ.ਐੱਮ. ਦੇ ਨਾਲ ਸੰਪਰਕ ਕਰ ਰਿਹਾ ਹੈ ਪਰ ਇਥੇ ਵੀ ਪ੍ਰਬੰਧਕੀ ਅਧਿਕਾਰੀਆਂ ਵੱਲੋਂ ਚੋਣ ਡਿਊਟੀ ਦਾ ਬਹਾਨਾ ਬਣਾਇਆ ਜਾ ਰਿਹਾ ਹੈ ਫਿਲਹਾਲ ਇਕ ਬਜ਼ੁਰਗ ਵਿਅਕਤੀ ਜੋ ਪਾਕਿਸਤਾਨ ਵਰਗੇ ਦੇਸ਼ ਤੋਂ ਰਿਹਾਅ ਹੋ ਕੇ ਆਪਣੇ ਘਰ ਜਾਣਾ ਚਾਹੁੰਦਾ ਹੈ ਉਸ ਦੀ ਹਾਲਤ ਅਤਿ ਤਰਸਯੋਗ ਬਣੀ ਹੋਈ ਹੈ ਕਿਉਂਕਿ ਉਸ ਦਾ ਕੋਈ ਆਪਣਾ ਉਸ ਨੂੰ ਘਰ ਲੈ ਜਾਣ ਅੰਮ੍ਰਿਤਸਰ ਨਹੀਂ ਆ ਰਿਹਾ।

ਰੈੱਡ ਕਰਾਸ ਦਫਤਰ ਦੇ ਸਕੱਤਰ ਰਣਧੀਰ ਸਿੰਘ ਠਾਕੁਰ ਦੀ ਮੰਨੀਏ ਤਾਂ ਉਨ੍ਹਾਂ ਦੇ ਦਫਤਰ ਵਿਚ ਪਹਿਲਾਂ ਵੀ ਅਜਿਹੇ ਕਈ ਕੇਸ ਆ ਚੁੱਕੇ ਹਨ ਜਿਨ੍ਹਾਂ ਨੂੰ ਰੈੱਡ ਕਰਾਸ ਦਫਤਰ ਨੇ ਤਿੰਨ ਤੋਂ ਚਾਰ ਮਹੀਨੇ ਤੱਕ ਆਪਣੇ ਕੋਲ ਰੱਖਿਆ ਅਤੇ ਸੇਵਾ ਵੀ ਕੀਤੀ ਪਰ ਅੰਤ ਵਿਚ ਪਾਕਿਸਤਾਨ ਤੋਂ ਆਏ ਅਜਿਹੇ ਕੈਦੀਆਂ ਨੂੰ ਉਨ੍ਹਾਂ ਦੇ ਘਰ ਤੱਕ ਪਹੁੰਚਾਇਆ ਕਿਉਂਕਿ ਇੰਨੀ ਲੰਮੀ ਮਿਆਦ ਦੇ ਬਾਅਦ ਭਾਰਤ ਆਉਣ ਵਾਲੇ ਕੈਦੀਆਂ ਦੇ ਆਪਣੇ ਰਿਸ਼ਤੇਦਾਰ ਤੱਕ ਭੁੱਲ ਚੁੱਕੇ ਹੁੰਦੇ ਹਨ ਕਿ ਉਨ੍ਹਾਂ ਦਾ ਕੋਈ ਆਪਣਾ ਪਰਤ ਆਇਆ ਹੈ।


author

DILSHER

Content Editor

Related News