ਪਾਕਿਸਤਾਨ : 14 ਸ਼ਰਧਾਲੂਆਂ ਦਾ ਜਥਾ ਨਨਕਾਣਾ ਸਾਹਿਬ ਪੁੱਜਾ
Monday, Jun 12, 2017 - 10:34 AM (IST)
ਅੰਮ੍ਰਿਤਸਰ, (ਬਿਊਰੋ) - ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਪਾਕਿਸਤਾਨ ਗਿਆ ਜਥਾ ਗੁ. ਪੰਜਾ ਸਾਹਿਬ ਉਪਰੰਤ ਨਨਕਾਣਾ ਸਾਹਿਬ ਵਿਖੇ ਪਹੁੰਚ ਗਿਆ ਹੈ, ਜਿਥੇ ਪਾਕਿਸਤਾਨ ਕਮੇਟੀ ਦੇ ਅਧਿਕਾਰੀਆਂ ਅਤੇ ਓਕਾਫ ਬੋਰਡ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਪਾਕਿਸਤਾਨ ਸਰਕਾਰ ਵੱਲੋਂ 300 ਸ਼ਰਧਾਲੂਆਂ ਨੂੰ ਵੀਜ਼ੇ ਜਾਰੀ ਕੀਤੇ ਗਏ ਸਨ ਪਰ ਭਾਰਤ ਸਰਕਾਰ ਵੱਲੋਂ ਸਪੈਸ਼ਲ ਟਰੇਨ ਦੀ ਇਜਾਜ਼ਤ ਨਾ ਦਿੱਤੇ ਜਾਣ ਕਾਰਨ ਭਾਰਤ ਤੋਂ ਜਾਣ ਵਾਲੇ 80 ਦੇ ਕਰੀਬ ਯਾਤਰੀ ਪਾਕਿਸਤਾਨ ਨਹੀਂ ਸਨ ਜਾ ਸਕੇ, ਸਿਰਫ 14 ਯਾਤਰੀ ਹੀ ਭਾਰਤ ਤੋਂ ਪਾਕਿਸਤਾਨ ਪਹੁੰਚੇ। ਇਸ ਸਮੇਂ ਕੁਲ 60 ਦੇ ਕਰੀਬ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਪਾਕਿਸਤਾਨ ਪੁੱਜੇ ਹਨ। 10 ਜੂਨ ਨੂੰ ਗੁ. ਪੰਜਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਜਥਾ ਅੱਜ ਨਨਕਾਣਾ ਸਾਹਿਬ ਪੁੱਜਾ, ਜਿਥੇ ਸ਼ਰਧਾਲੂਆਂ ਨੂੰ ਵੱਖ-ਵੱਖ ਗੁਰਦੁਆਰਿਆਂ ਦੇ ਦਰਸ਼ਨ ਕਰਵਾਏ ਗਏ। ਸ਼ਰਧਾਲੂਆਂ ਵਿਚ ਜਥੇ ਨੂੰ ਨਾ ਭੇਜਣ ਲਈ ਜਿਥੇ ਭਾਰਤ ਸਰਕਾਰ ਨੂੰ ਕੋਸਿਆ ਵੀ ਗਿਆ, ਉਥੇ ਭਵਿੱਖ ਵਿਚ ਅਜਿਹਾ ਨਾ ਹੋਣ ਲਈ ਦੋਵਾਂ ਸਰਕਾਰਾਂ ਨੂੰ ਉਚਿਤ ਪ੍ਰਬੰਧ ਕਰਨ ਲਈ ਵੀ ਕਿਹਾ ਗਿਆ। ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਪਾਕਿਸਤਾਨ ਵਿਚ 16 ਜੂਨ ਨੂੰ ਗੁਰਦੁਆਰਾ ਡੇਰਾ ਸਾਹਿਬ ਵਿਖੇ ਸ਼ਹੀਦੀ ਦਿਹਾੜਾ ਮਨਾਇਆ ਜਾਣਾ ਹੈ। ਸ਼੍ਰੋਮਣੀ ਕਮੇਟੀ ਤੇ ਪਾਕਿਸਤਾਨ ਕਮੇਟੀ 'ਚ ਇਸ ਦਿਨ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਆਪਸ ਵਿਚ ਸਹਿਮਤੀ ਨਾ ਹੋ ਸਕਣ ਦਾ ਖਮਿਆਜ਼ਾ ਸਿੱਖ ਸੰਗਤਾਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਵੀ 3-4 ਵਾਰ ਜਥੇ ਪਾਕਿਸਤਾਨ ਨਹੀਂ ਜਾ ਸਕੇ ਸਨ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੋਸ਼ ਲਾ ਚੁੱਕੇ ਹਨ ਕਿ ਇਸ ਵਾਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ਼ਾਰੇ 'ਤੇ ਜਥਾ ਪਾਕਿਸਤਾਨ ਨਹੀਂ ਜਾਣ ਦਿੱਤਾ ਗਿਆ। ਗ੍ਰਹਿ ਵਿਭਾਗ ਅਤੇ ਰੇਲਵੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਵਿਸ਼ੇਸ਼ ਰੇਲ ਨਹੀਂ ਜਾਣ ਦਿੱਤੀ ਗਈ। ਪਾਕਿਸਤਾਨ 'ਚ ਭਾਰਤ ਸਰਕਾਰ ਵੱਲੋਂ ਕੀਤੀ ਗਈ ਇਸ ਅਵੱਗਿਆ ਲਈ ਗੁਰਦੁਆਰਿਆਂ 'ਚ ਕਾਫੀ ਚਰਚਾ ਰਹੀ ਤੇ ਇਥੋਂ ਤੱਕ ਵੀ ਕਿਹਾ ਗਿਆ ਕਿ ਸਰਕਾਰ ਨੂੰ ਆਪਣੀ ਸੌੜੀ ਸੋਚ ਧਾਰਮਿਕ ਮਾਮਲਿਆਂ 'ਚ ਤਿਆਗਣੀ ਚਾਹੀਦੀ ਹੈ। 14 ਸ਼ਰਧਾਲੂਆਂ ਦਾ ਪਾਕਿਸਤਾਨ ਗਿਆ ਜਥਾ 16 ਜੂਨ ਨੂੰ ਸ਼ਹੀਦੀ ਦਿਹਾੜਾ ਮਨਾਉਣ ਉਪਰੰਤ 17 ਜੂਨ ਨੂੰ ਵਾਪਸ ਆ ਰਿਹਾ ਹੈ।
