ਪਾਕਿਸਤਾਨ ''ਚ ਬੈਠੇ ਕੇ. ਐੱਲ. ਐੱਫ. ਮੁਖੀ ਹਰਮੀਤ ਸਿੰਘ ਦੀ ਸ਼ਮੂਲੀਅਤ ਦੇ ਪਹਿਲਾਂ ਹੀ ਮਿਲ ਗਏ ਸਨ ਸੰਕੇਤ
Thursday, Nov 22, 2018 - 09:09 AM (IST)
ਜਲੰਧਰ (ਧਵਨ, ਰਵਿੰਦਰ)—ਪਾਕਿਸਤਾਨ ਵਿਚ ਬੈਠੇ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ. ਐੱਲ. ਐੱਫ.) ਦੇ ਮੁਖੀ ਹਰਮੀਤ ਸਿੰਘ ਉਰਫ ਪੀ. ਐੱਚ. ਡੀ. ਦੀ ਅੰਮ੍ਰਿਤਸਰ ਬੰਬ ਧਮਾਕੇ ਕਰਵਾਉਣ ਵਿਚ ਸ਼ਮੂਲੀਅਤ ਦੇ ਸੰਕੇਤ ਪਹਿਲਾਂ ਹੀ ਮਿਲ ਗਏ ਸਨ। ਜਗ ਬਾਣੀ ਨੇ ਉਚ ਅਧਿਕਾਰੀਆਂ ਦੇ ਹਵਾਲੇ ਨਾਲ ਇਸ ਬਾਰੇ ਪਹਿਲਾਂ ਹੀ ਸੁਚੇਤ ਕੀਤਾ ਸੀ। ਹਰਮੀਤ ਅਤੇ ਕੇ. ਐੱਲ. ਐੱਫ. ਦੀ ਬੰਬ ਧਮਾਕਾ ਕਰਵਾਉਣ ਪਿੱਛੇ ਲੁਕੀ ਸਾਜ਼ਿਸ਼ ਦਾ ਅੱਜ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਖੁਲਾਸਾ ਕੀਤਾ ਹੈ।
ਹਰਮੀਤ ਸਿੰਘ ਦੀ ਭਾਲ ਐੱਨ. ਆਈ. ਏ. (ਰਾਸ਼ਟਰੀ ਜਾਂਚ ਏਜੰਸੀ) ਨੂੰ ਵੀ ਹੈ, ਜੋ ਪੰਜਾਬ ਵਿਚ 2016-17 ਵਿਚ ਹੋਏ ਟਾਰਗੈੱਟ ਕਿਲਿੰਗ ਦੇ ਮਾਮਲਿਆਂ ਸਬੰਧੀ ਜਾਂਚ ਕਰ ਰਹੀ ਹੈ। ਉਸ ਵਿਚ ਵੀ ਹਰਮੀਤ ਉਰਫ ਪੀ.ਐੱਚ. ਡੀ. ਦਾ ਨਾਂ ਸਾਹਮਣੇ ਆ ਰਿਹਾ ਹੈ। ਹਰਮੀਤ ਪਿਛਲੇ ਦੋ ਦਹਾਕੇ ਤੋਂ ਪਾਕਿਸਤਾਨ ਵਿਚ ਬੈਠਾ ਹੈ। ਉਹ ਅੰਮ੍ਰਿਤਸਰ ਜ਼ਿਲੇ ਨਾਲ ਸਬੰਧ ਰੱਖਦਾ ਹੈ ਅਤੇ ਉਸ ਨੇ ਡਾਕਟਰੇਟ ਕੀਤੀ ਹੋਣ ਕਾਰਨ ਉਹ ਆਪਣੇ ਨਾਂ ਦੇ ਪਿੱਛੇ ਪੀ. ਐੱਚ. ਡੀ. ਲਾਉਂਦਾ ਹੈ। ਸੂਬਾ ਇੰਟੈਲੀਜੈਂਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਹਰਮੀਤ ਨੇ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਮੁਹਿੰਮ ਚਲਾਈ ਹੋਈ ਹੈ। ਇੰਟੈਲੀਜੈਂਸ ਏਜੰਸੀਆਂ ਦੀਆਂ ਨਜ਼ਰਾਂ ਪਿਛਲੇ ਕਾਫੀ ਸਮੇਂ ਤੋਂ ਹਰਮੀਤ ਦੀਆਂ ਸਰਗਰਮੀਆਂ 'ਤੇ ਹਨ।
ਸੋਸ਼ਲ ਮੀਡੀਆ 'ਤੇ ਹਰਮੀਤ ਨਾਲ ਸੰਪਰਕ ਵਿਚ ਰਹਿਣ ਵਾਲੇ ਨੌਜਵਾਨਾਂ 'ਤੇ ਵੀ ਪੁਲਸ ਤੇ ਇੰਟੈਲੀਜੈਂਸ ਏਜੰਸੀ ਦੀਆਂ ਨਜ਼ਰਾਂ ਹਨ। ਹਰਮੀਤ ਨੂੰ ਆਈ. ਐੱਸ. ਆਈ. ਦਾ ਪੂਰਾ ਸਮਰਥਨ ਪ੍ਰਾਪਤ ਹੈ। ਹਰਮੀਤ ਅਤੇ ਕੇ. ਐੱਲ. ਐੱਫ. ਨੇ ਕਸ਼ਮੀਰ ਦੇ ਅੱਤਵਾਦੀ ਸੰਗਠਨਾਂ ਨਾਲ ਵੀ ਹੱਥ ਮਿਲਾਇਆ ਹੋਇਆ ਹੈ।