ਆਈ ਫੋਨ ਤੇ ਐੱਪਲ ਦੀ ਘੜੀ ਲਈ ਦੋਸਤ ਨੂੰ ਦਿੱਤੀ ਦਰਦਨਾਕ ਮੌਤ, ਅਜਿਹੀ ਦਰਿੰਦਗੀ ਸੁਣ ਨਹੀਂ ਹੋਵੇਗਾ ਯਕੀਨ

Saturday, Oct 28, 2023 - 07:01 PM (IST)

ਆਈ ਫੋਨ ਤੇ ਐੱਪਲ ਦੀ ਘੜੀ ਲਈ ਦੋਸਤ ਨੂੰ ਦਿੱਤੀ ਦਰਦਨਾਕ ਮੌਤ, ਅਜਿਹੀ ਦਰਿੰਦਗੀ ਸੁਣ ਨਹੀਂ ਹੋਵੇਗਾ ਯਕੀਨ

ਪਟਿਆਲਾ/ਨਾਭਾ (ਬਲਜਿੰਦਰ, ਪੁਰੀ, ਭੂਪਾ) : ਨਾਭਾ ਸਬ-ਡਵੀਜ਼ਨ ਦੀ ਪੁਲਸ ਨੇ ਗੁਰਜਿੰਦਰ ਸਿੰਘ ਉਰਫ ਗੈਰੀ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਇਸ ਮਾਮਲੇ ’ਚ ਉਸ ਦੇ ਹੀ 2 ਦੋਸਤਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਗੁਰਜਿੰਦਰ ਸਿੰਘ ਉਰਫ ਗੈਰੀ ਦਾ ਕਤਲ ਕਿਸੇ ਹੋਰ ਨੇ ਨਹੀਂ, ਸਗੋਂ ਉਸ ਦੇ ਦੋਸਤ ਸਿਮਰਨਜੀਤ ਸਿੰਘ ਪੁੱਤਰ ਰਜਿੰਦਰਪਾਲ ਸਿੰਘ ਵਾਸੀ ਹੀਰਾ ਮਹਿਲਾ ਨਾਭਾ ਅਤੇ ਕਰਨ ਕੁਮਾਰ ਸਿੰਘੀ ਪੁੱਤਰ ਪ੍ਰੇਮ ਸਿੰਘੀ ਵਾਸੀ ਨਿਊ ਫ੍ਰੈਂਡਜ਼ ਕਾਲੋਨੀ ਨਾਭਾ ਨੇ ਕੀਤਾ। ਉਨ੍ਹਾਂ ਦੱਸਿਆ ਕਿ ਦੋਵਾਂ ਨੂੰ ਕੇਸ ’ਚ ਨਾਮਜ਼ਦ ਕਰ ਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਨਾਭਾ ਪੁਲਸ ਨੂੰ 17 ਅਕਤੂਬਰ ਨੂੰ ਇਕ ਲਾਸ਼ ਪਿੰਡ ਮੈਹਸ ਨਹਿਰ ਦੀ ਪਟੜੀ ਤੋਂ ਮਿਲੀ। ਜਦੋਂ ਲਾਸ਼ ਨੂੰ ਪਛਾਣ ਲਈ ਹਸਪਤਾਲ ’ਚ ਰੱਖਣ ਤੋਂ ਬਾਅਦ ਚੈਕਿੰਗ ਕੀਤੀ ਤਾਂ ਉਸ ਦੀ ਜੇਬ ’ਚੋਂ ਇਕ ਪ੍ਰਦੂਸ਼ਣ ਦੀ ਪਰਚੀ ਮਿਲੀ, ਇਹ ਵਾਹਨ ਅਮਰਿੰਦਰ ਸਿੰਘ ਵਾਸੀ ਅਫਸਰ ਕਾਲੋਨੀ ਦੇ ਨਾਂ ’ਤੇ ਸੀ। ਜਾਂਚ ਕਰਨ ’ਤੇ ਪਤਾ ਲੱਗਿਆ ਕਿ ਇਹ ਲਾਸ਼ ਗੁਰਜਿੰਦਰ ਸਿੰਘ ਉਰਫ ਗੈਰੀ ਪੁੱਤਰ ਭੁਪਿੰਦਰ ਸਿੰਘ ਵਾਸੀ ਪਿੰਡ ਅਜਨੌਦਾ ਕਲਾਂ ਥਾਣਾ ਭਾਦਸੋਂ ਜ਼ਿਲ੍ਹਾ ਪਟਿਆਲਾ ਦੀ ਹੈ। ਸ਼ਨਾਖਤ ਤੋਂ ਬਾਅਦ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰਕੇ ਇਸ ਮਾਮਲੇ ’ਚ 174 ਸੀ. ਆਰ. ਪੀ. ਸੀ. ਤਹਿਤ ਕਾਰਵਾਈ ਅਮਲ ’ਚ ਲਿਆਂਦੀ ਗਈ।

ਇਹ ਵੀ ਪੜ੍ਹੋ : ਕਬੱਡੀ ਖਿਡਾਰੀ ਨੂੰ ਗੋਲ਼ੀਆਂ ਮਾਰਨ ਦੇ ਮਾਮਲੇ ’ਚ ਨਵਾਂ ਮੋੜ, ਨਾਮਜ਼ਦ ਵਿਅਕਤੀ ਦੇ ਪਿਤਾ ਨੇ ਕੀਤੀ ਖ਼ੁਦਕੁਸ਼ੀ

ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਐੱਸ. ਪੀ. ਇਨਵੈਸਟੀਗੇਸ਼ਨ ਹਰਬੀਰ ਸਿੰਘ ਅਟਵਾਲ, ਐੱਸ. ਪੀ. ਟ੍ਰੈਫਿਕ ਜਸਵੀਰ ਸਿੰਘ, ਡੀ. ਐੱਸ. ਪੀ. ਨਾਭਾ ਦਵਿੰਦਰ ਅੱਤਰੀ ਅਤੇ ਥਾਣਾ ਕੋਤਵਾਲੀ ਨਾਭਾ ਦੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਸਮਰਾਓ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ। ਮ੍ਰਿਤਕ ਦਾ ਮੋਬਾਇਲ ਲੈ ਕੇ ਕਾਲ ਡਿਟੇਲ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਮ੍ਰਿਤਕ ਗੁਰਜਿੰਦਰ ਸਿੰਘ ਉਰਫ ਗੈਰੀ ਅਤੇ ਸਿਮਰਨਜੀਤ ਸਿੰਘ ਜੋ ਦੋਵੇਂ ਨਸ਼ਾ ਕਰਨ ਦੇ ਆਦੀ ਸਨ, ਜੋ ਦੋਵੇਂ ਨਸ਼ਾ ਛਡਾਊ ਕੇਂਦਰ ਗੋਡ ਬਲੈੱਸ ਫਾਊਂਡੇਸ਼ਨ ਡਰੱਗ ਕੌਂਸਲਿੰਗ ਅਤੇ ਰੀਹੈਬੀਲੇਸ਼ਨ ਸੈਂਟਰ ਐੱਚ. ਬੀ. ਸੀ. ਕਾਲੋਨੀ ਪਿੰਡ ਮੰਡਾਲਾ (ਬਰੌਂਟੀਵਾਲਾ) ਨੇੜੇ ਬੱਦੀ ਹਿਮਾਚਲ ਪ੍ਰਦੇਸ਼ ਵਿਖੇ ਦਾਖਲ ਸਨ, ਜਿਥੇ ਇਨ੍ਹਾਂ ਦੋਵਾਂ ਦੀ ਆਪਸ ’ਚ ਜਾਣ-ਪਛਾਣ ਹੋਈ ਸੀ।

ਇਹ ਵੀ ਪੜ੍ਹੋ : ਪੰਜਾਬ ਵਿਚ ਫੜਿਆ ਗਿਆ ਵੱਡਾ ਅੱਤਵਾਦੀ ਗਿਰੋਹ, ਭਾਰੀ ਗਿਣਤੀ ’ਚ ਹਥਿਆਰ ਬਰਾਮਦ

ਆਈ ਫੋਨ ਤੇ ਐਪਲ ਦੀ ਘੜੀ ਲਈ ਕੀਤਾ ਕਤਲ

ਮ੍ਰਿਤਕ ਗੁਰਜਿੰਦਰ ਸਿੰਘ ਉਰਫ ਗੈਰੀ ਨੂੰ ਉਸ ਦੇ ਦੋਸਤ ਸਿਮਰਨਜੀਤ ਸਿੰਘ ਅਤੇ ਕਰਨ ਕੁਮਾਰ ਸਿੰਘੀ ਨੇ 15 ਅਕਤੂਬਰ ਨੂੰ ਫੋਨ ਕਰ ਕੇ ਆਪਣੇ ਘਰ ਹੀਰਾ ਮਹਿਲ ਵਿਖੇ ਬੁਲਾਇਆ। ਉੱਥੇ ਉਸ ਦਾ ਐਪਲ ਦਾ ਮੋਬਾਇਲ, ਘੜੀ, ਮੋਟਰਸਾਈਕਲ ਅਤੇ ਬੈਗ ਵਾਲਾ ਸਾਮਾਨ ਅਤੇ ਪੈਸੇ ਹੜੱਪ ਕਰਨ ਦੀ ਨੀਅਤ ਨਾਲ ਸਿਮਰਨਜੀਤ ਸਿੰਘ ਅਤੇ ਕਰਨ ਕੁਮਾਰ ਸਿੰਘੀ ਨੇ ਯੋਜਨਾ ਬਣਾ ਕੇ ਆਪਣੇ ਘਰ ਵਿਖੇ ਮ੍ਰਿਤਕ ਗੁਰਜਿੰਦਰ ਸਿੰਘ ਉਰਫ ਗੈਰੀ ਨੂੰ ਧੱਕੇ ਨਾਲ ਨਸ਼ਾ ਦੇ ਕੇ ਉਸ ਦੀ ਕੁੱਟਮਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਸਕੂਟਰੀ ’ਤੇ ਲੱਦ ਕੇ ਮੈਹਸ ਪੁਲ ਨਹਿਰ ਪਾਸ ਸੁੱਟ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਕੇ ਵਾਰਦਾਤ ’ਚ ਵਰਤੀ ਗਈ ਸਕੂਟਰੀ ਵੀ ਬਰਾਮਦ ਕਰ ਲਈ। ਇਸ ਮੌਕੇ ਐੱਸ. ਪੀ. ਇਨਵੈਸਟੀਗੇਸ਼ਨ ਹਰਬੀਰ ਸਿੰਘ ਅਟਵਾਲ, ਡੀ. ਐੱਸ. ਪੀ. ਨਾਭਾ ਦਵਿੰਦਰ ਅੱਤਰੀ, ਡੀ. ਐੱਸ. ਪੀ. ਰਾਜਪੁਰਾ ਸੁਰਿੰਦਰ ਮੋਹਨ ਅਤੇ ਥਾਣਾ ਕੋਤਵਾਲੀ ਨਾਭਾ ਦੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਸਮਰਾਓ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : ਪਰਾਲੀ ਸਾੜਨ ਵਾਲੇ ਕਿਸਾਨ ’ਤੇ ਵੱਡੀ ਕਾਰਵਾਈ, ਅਸਲਾ ਲਾਇਸੈਂਸ ਕੀਤਾ ਗਿਆ ਮੁਅੱਤਲ

ਪ੍ਰਦੂਸ਼ਣ ਦੀ ਪਰਚੀ ਬਣੀ ਕਾਤਲਾਂ ਤੱਕ ਪਹੁੰਚਣ ਦਾ ਜ਼ਰੀਆ

ਨਾਭਾ ਪੁਲਸ ਨੇ ਅਣਪਛਾਤੀ ਲਾਸ਼ ਨੂੰ ਜਦੋਂ ਸ਼ਨਾਖਤ ਲਈ ਹਸਪਤਾਲ ’ਚ ਵਿਖੇ ਰੱਖਿਆ ਤਾਂ ਉਸ ਦੀ ਜੇਬ੍ਹ ’ਚੋਂ ਪ੍ਰਦੂਸ਼ਣ ਦੀ ਪਰਚੀ ਮਿਲੀ। ਪੁਲਸ ਨੇ ਜਾਂਚ ਸ਼ੁਰੂ ਕੀਤੀ ਅਤੇ ਪਹਿਲਾਂ ਲਾਸ਼ ਦੀ ਸ਼ਨਾਖਤ ਕਰਵਾਈ। ਫਿਰ ਉਸ ਦੇ ਮੋਬਾਇਲ ਨੰਬਰ ਦੀ ਜਦੋਂ ਡਿਟੇਲ ਖੰਘਾਲੀ ਗਈ ਤਾਂ ਡੀ. ਐੱਸ. ਪੀ. ਦਵਿੰਦਰ ਅੱਤਰੀ ਅਤੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਸਮਰਾਉਂ ਦੀ ਅਗਵਾਈ ਵਾਲੀ ਟੀਮ ਦੋਨਾਂ ਵਿਅਕਤੀਆਂ ਤੱਕ ਪਹੁੰਚ ਗਈ।

ਇਹ ਵੀ ਪੜ੍ਹੋ : ਥਾਣਾ ਦਿੜ੍ਹਬਾ ’ਚ ਤਾਇਨਾਤ ਏ. ਐੱਸ. ਆਈ. ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News