ਝੋਨਾ ਲਾਉਣ ਲਈ 10 ਜੂਨ ਤੱਕ ਰੋਕਣ ਵਾਲੀ ਸਰਕਾਰ ਕਿਸਾਨਾਂ ਲਈ ਬਿਜਲੀ ਦਾ ਵੀ ਕਰੇ ਪ੍ਰਬੰਧ

Sunday, Jun 07, 2020 - 01:54 PM (IST)

ਝੋਨਾ ਲਾਉਣ ਲਈ 10 ਜੂਨ ਤੱਕ ਰੋਕਣ ਵਾਲੀ ਸਰਕਾਰ ਕਿਸਾਨਾਂ ਲਈ ਬਿਜਲੀ ਦਾ ਵੀ ਕਰੇ ਪ੍ਰਬੰਧ

ਤਲਵੰਡੀ ਭਾਈ (ਪਾਲ): ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕਿਸਾਨਾਂ ਨੂੰ ਦਿਨੋਂ-ਦਿਨ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਘੱਟਦੇ ਜਾ ਰਹੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਣ ਲਈ ਸਾਉਣੀ ਦੀ ਮੁੱਖ ਫਸਲ ਝੋਨੇ ਦੀ ਬਿਜਾਈ 10 ਜੂਨ ਤੋਂ ਬਾਅਦ ਕਰਨ ਲਈ ਕਿਹਾ ਗਿਆ ਹੈ ਅਤੇ ਸਰਕਾਰ ਇਸ ਵਾਰ 10 ਜੂਨ ਤੋਂ ਪਹਿਲਾਂ ਝੋਨੇ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨਾਲ ਸਖਤੀ ਨਾਲ ਨਿਪਟਣ ਦੇ ਮੂਡ 'ਚ ਵੀ ਨਜ਼ਰ ਆ ਰਹੀ ਹੈ। ਇਸ ਵਾਰ ਹਾਕਮ ਧਿਰ ਵੱਲੋਂ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਸਰਕਾਰੀ ਜਾਬਤੇ ਦੀ ਉਲੰਘਣਾ ਕਰਨ ਵਾਲਿਆਂ ਦੇ ਵਿਰੁੱਧ ਬਣਦੀ ਕਾਰਵਾਈ ਕਰਨ ਲਈ ਆਦੇਸ਼ ਦਿੱਤੇ ਗਏ ਹਨ। ਦੂਜੇ ਪਾਸੇ ਆਲਮ ਇਹ ਹੈ ਕਿ ਝੋਨੇ ਦਾ ਸੀਜ਼ਨ ਸਿਰ 'ਤੇ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਕਿਸਾਨਾਂ ਨੂੰ ਫਸਲਾਂ ਦੀ ਸਿੰਚਾਈ ਕਰਨ ਲਈ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਬਿਜਲੀ ਦੇ ਇਕ ਵੀ ਵਾਧੂ ਯੂਨਿਟ ਦਾ ਪ੍ਰਬੰਧ ਨਹੀਂ ਕਰ ਸਕੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਰਕਾਰ ਵੱਲੋਂ ਹਾੜੀ ਦੀ ਮੁੱਖ ਫਸਲ ਕਣਕ ਦੇ ਫਿਰ ਆਲੂ ਦੀ ਫਸਲ ਪਾਲਣ ਵੇਲੇ ਵੀ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਆਪਣਾ ਵਾਅਦਾ ਨਹੀਂ ਨਿਭਾਇਆ ਗਿਆ। ਜਿਸ ਕਾਰਣ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਜਨਰੇਟਰਾਂ 'ਤੇ ਨਿਰਭਰ ਹੋ ਕੇ ਆਪਣੀਆਂ ਫਸਲਾਂ ਪਾਲਣ ਲਈ ਅੰਨ੍ਹੇ ਵਾਹ ਖਰਚ ਕਰਨਾ ਪਿਆ ਸੀ। ਇਸੇ ਤਰ੍ਹਾਂ ਹੁਣ ਬਿਜਲੀ ਨਾ ਮਿਲਣ ਕਰ ਕੇ ਸਿੰਚਾਈ ਦੀ ਘਾਟ ਦੇ ਚੱਲਦਿਆਂ ਹਰੇ ਚਾਰੇ ਦੀਆਂ ਫਸਲਾਂ ਅਤੇ ਹੋਰ ਸਾਉਣੀ ਦੀਆਂ ਫਸਲਾਂ ਉਪਰ ਮਾੜਾ ਪ੍ਰਭਾਵ ਪੈ ਰਿਹਾ ਹੈ। 'ਜਗ ਬਾਣੀ' ਦੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪਿੰਡ ਕੋਟ ਕਰੋੜ ਖੁਰਦ ਦੇ ਕਿਸਾਨ ਗੁਰਮੇਜ ਸਿੰਘ, ਕੇਵਲ ਸਿੰਘ, ਪਿੰਡ ਕਰਮਿੱਤੀ ਦੇ ਬਲਦੀਪ ਸਿੰਘ, ਰੇਸ਼ਮ ਸਿੰਘ ਅਤੇ ਪਿੰਡ ਕਾਲੀਏ ਵਾਲਾ ਦੇ ਕਿਸਾਨ ਜਗਤਪਾਲ ਸਿੰਘ, ਮਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਜੇਕਰ ਝੋਨੇ ਦੇ ਸੀਜ਼ਨ ਦੌਰਾਨ ਇਸ ਇਲਾਕੇ ਨੂੰ ਪੂਰੀ ਬਿਜਲੀ ਸਪਲਾਈ ਨਾ ਮਿਲੀ ਤਾਂ ਉਨ੍ਹਾਂ ਨੂੰ ਫਸਲ ਦੀ ਸਿੰਚਾਈ ਲਈ ਮਜਬੂਰਨ ਕਿਰਾਏ ਦੇ ਜਨਰੇਟਰ ਲਿਆ ਕੇ ਮਹਿੰਗਾ ਡੀਜ਼ਲ ਫੂਕ ਕੇ ਫਸਲ ਪਾਲਣੀ ਪਵੇਗੀ, ਤਾਂ ਜੋ ਸਾਉਣੀ ਦੀ ਫਸਲ ਝੋਨੇ ਦਾ ਝਾੜ ਵੀ ਨਾ ਘੱਟ ਜਾਵੇ। ਉਨ੍ਹਾਂ ਕਿਹਾ ਕਿ ਪਰ ਅਜਿਹੇ ਹਾਲਾਤਾਂ 'ਚ ਕਿਸਾਨਾਂ ਦੇ ਲਾਗਤ ਖਰਚੇ ਵੀ ਪੂਰੇ ਨਹੀਂ ਹੋ ਸਕਣਗੇ।


author

Shyna

Content Editor

Related News