ਝੋਨੇ ਦੀ ਸਟੋਰੇਜ ਬਾਰੇ ਸਰਕਾਰ ਦੀ ਬਰਾਬਰ ਵੰਡ ਨੀਤੀ ਜ਼ਮੀਨੀ ਪੱਧਰ ''ਤੇ ਨਹੀਂ ਆ ਰਹੀ ਨਜ਼ਰ

Monday, Nov 21, 2022 - 09:55 PM (IST)

ਝੋਨੇ ਦੀ ਸਟੋਰੇਜ ਬਾਰੇ ਸਰਕਾਰ ਦੀ ਬਰਾਬਰ ਵੰਡ ਨੀਤੀ ਜ਼ਮੀਨੀ ਪੱਧਰ ''ਤੇ ਨਹੀਂ ਆ ਰਹੀ ਨਜ਼ਰ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) : ਝੋਨੇ ਦੇ ਸੀਜ਼ਨ ਦੌਰਾਨ ਖ਼ਰੀਦ ਪ੍ਰਬੰਧਾਂ ਨੂੰ ਲੈ ਕੇ ਉਚੇਚੀ ਚਰਚਾ ਰਹੀ ਹੈ। ਉੱਥੇ ਹੀ ਲਿੰਕਡ ਰਾਇਸ ਮਿੱਲਾਂ ਵਿਚ ਝੋਨੇ ਦੀ ਆਮਦ ਨੂੰ ਲੈ ਕੇ ਜੋ ਅੰਕੜੇ ਹੁਣ ਤੱਕ ਸਾਹਮਣੇ ਆ ਰਹੇ ਹਨ, ਉਨ੍ਹਾਂ 'ਤੇ ਜਿਸ ਦੀ ਲਾਠੀ ਉਸ ਦੀ ਭੈਂਸ ਵਾਲੀ ਅਖਾਣ ਪੂਰੀ ਤਰ੍ਹਾਂ ਢੁੱਕਦੀ ਹੈ। ਜੇਕਰ ਹੁਣ ਤਕ ਦੀਆਂ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਦੇ ਦਫ਼ਤਰ ਤੋਂ ਪ੍ਰਾਪਤ ਲਿਸਟਾਂ 'ਤੇ ਨਜ਼ਰ ਮਾਰੀ ਜਾਵੇ ਤਾਂ ਇਹ ਗੱਲ ਸਪੱਸ਼ਟ ਹੋ ਕਿ ਸਾਹਮਣੇ ਆਉਂਦੀ ਹੈ ਕਿ ਕੁਝ ਕੁ ਸ਼ੈਲਰਾਂ ਵਿਚ ਤਾਂ 100 ਫ਼ੀਸਦੀ ਕੋਟਾ ਪੂਰਾ ਹੋ ਗਿਆ ਹੈ ਅਤੇ ਪਰ ਕੁ ਸ਼ੈਲਰ ਅਜੇ ਵੀ 60 ਤੋਂ 70 ਫ਼ੀਸਦੀ ਦੇ ਨੇੜੇ ਹੀ ਪਹੁੰਚੇ ਹਨ। ਭਾਵੇਂ ਸਰਕਾਰੀ ਅਧਿਕਾਰੀ ਇਸ ਵਾਰ ਝੋਨੇ ਨਾਲੋਂ ਬਾਸਮਤੀ ਦੀ ਜ਼ਿਆਦਾ ਆਮਦ ਨੂੰ ਵੀ ਇਸ ਦਾ ਕਾਰਨ ਮੰਨਦੇ ਹਨ ਪਰ ਸਰਕਾਰ ਦੀ ਨੀਤੀ ਮੁਤਾਬਕ ਬਰਾਬਰ ਵੰਡ ਦੀ ਪ੍ਰਣਾਲੀ ਕਿਤੇ ਨਜ਼ਰ ਨਹੀਂ ਆ ਰਹੀ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਹੁਣ ਖਿਡੌਣਿਆਂ ਰਾਹੀਂ ਵੀ ਦਿੱਤੀ ਜਾਵੇਗੀ ਸਿੱਖਿਆ, ਸਰਕਾਰ ਨੇ ਜਾਰੀ ਕੀਤੀ ਗ੍ਰਾਂਟ

ਮੰਡੀ ਵਿਚ ਝੋਨੇ ਦੇ ਚੱਲਦੇ ਸੀਜਨ ਦੌਰਾਨ ਇਨ੍ਹਾਂ ਚਰਚਾਵਾਂ ਦਾ ਬਾਜ਼ਾਰ ਗਰਮ ਰਿਹਾ ਜਿਸ ਕਾਰਨ ਸਹਾਇਕ ਖੁਰਾਕ ਅਤੇ ਸਪਲਾਈ ਕੰਟਰੋਲਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਇਕ ਪੱਤਰ ਸਮੂਹ ਖਰੀਦ ਏਜੰਸੀਆਂ ਦੇ ਨਿਰੀਖਕਾਂ ਨੂੰ ਮਿਤੀ 3 ਨਵੰਬਰ 2022 ਨੂੰ ਲਿਖਿਆ ਗਿਆ ਜਿਸ ਵਿਚ ਸਪੱਸ਼ਟ ਲਿਖਿਆ ਗਿਆ ਕਿ ਏਜੰਸੀਆਂ ਖਰੀਦ ਪ੍ਰਬੰਧਾਂ ਨੂੰ ਸੁਚੱਜੇ ਢੰਗ ਨਾਲ ਚਲਾਉਣ। ਪੱਤਰ ਵਿਚ ਲਿਖਿਆ ਗਿਆ ਕਿ ਖਰੀਦ ਕੇਂਦਰ ਨਾਲ ਲਿੰਕ ਮਿੱਲਾਂ ਵਿਚ ਬਰਾਬਰ ਰੇਸ਼ੋ ਵਿਚ ਪੈਡੀ ਦਾ ਭੰਡਾਰ ਕੀਤਾ ਜਾਵੇ ਅਤੇ ਜਿਸ ਮਿੱਲ ਵਿਚ 50 ਫ਼ੀਸਦੀ ਝੋਨਾ ਭੰਡਾਰ ਹੋ ਗਿਆ ਉਸ ਦੀ ਲਿਫਟਿੰਗ ਉਦੋਂ ਤਕ ਰੋਕ ਦਿੱਤੀ ਜਾਵੇ ਜਦ ਤਕ ਬਾਕੀ ਮਿੱਲਾਂ ਦੀ ਸਟੋਰੇਜ 50 ਫ਼ੀਸਦੀ ਨਹੀਂ ਹੋ ਜਾਂਦੀ। ਪਰ ਹੁਣ ਜੋ ਵੱਖ-ਵੱਖ ਅੰਕੜੇ ਏਜੰਸੀਆਂ ਦੇ ਸਾਹਮਣੇ ਆ ਰਹੇ ਹਨ, ਉਸ ਵਿਚ ਇਸ ਪੱਤਰ ਦਾ ਅਸਰ ਓਨਾਂ ਕੁ ਹੀ ਨਜ਼ਰ ਆਉਂਦਾ ਹੈ ਕਿ ਸਿਆਣਿਆਂ ਦਾ ਕਿਹਾ ਸਿਰ ਮੱਥੇ ਪਰ ਪਰਨਾਲਾ ਉੱਥੇ ਦਾ ਉੱਥੇ। ਜ਼ਿਲ੍ਹਾ ਖੁਰਾਕ ਅਤੇ ਸਪਲਾਈ ਅਫ਼ਸਰ ਦਫ਼ਤਰ ਦੀ ਗੱਲ ਕੀਤੀ ਜਾਵੇ ਤਾਂ ਬੇਸ਼ੱਕ ਸਰਕਾਰੀ ਖਰੀਦ 17 ਨਵੰਬਰ ਦੀ ਬੰਦ ਹੋ ਚੁੱਕੀ ਹੈ ਪਰ ਅਜੇ ਤੱਕ ਏਜੰਸੀਆਂ ਵੱਲੋਂ ਇਸ ਦਫ਼ਤਰ ਵਿਚ ਸ਼ੈਲਰਾਂ ਵਿਚ ਲੱਗੇ ਝੋਨੇ ਦੇ ਅੰਕੜੇ ਪੂਰੇ ਨਹੀਂ ਪਹੁੰਚੇ।

ਇਹ ਖ਼ਬਰ ਵੀ ਪੜ੍ਹੋ - ਨਵ-ਵਿਆਹੇ ਜੋੜੇ ਦੇ ਇਸ ਕੰਮ ਦੇ ਹਰ ਪਾਸੇ ਹੋ ਰਹੇ ਚਰਚੇ, ਭਾਰਤੀ ਫ਼ੌਜ ਨੇ ਵੀ ਕੀਤਾ ਟਵੀਟ

ਉਕਤ ਦਫ਼ਤਰ ਵਿਚ ਜੋ ਅੰਕੜੇ ਹਨ ਉਹ 13 ਨਵੰਬਰ ਤੱਕ ਦੇ ਹੀ ਹਨ। ਇਨ੍ਹਾਂ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਇਸ ਵਿਚ ਵੱਖ-ਵੱਖ ਏਜੰਸੀਆਂ ਨੇ ਸਰਕਾਰੀ ਪੱਤਰਾਂ ਨੂੰ ਅੱਖੋਂ ਪਰੋਖੇ ਕਰ ਆਪਣੇ ਜ਼ੋਹਰ ਵਿਖਾਏ ਹੋਏ ਹਨ। 13 ਨਵੰਬਰ ਤੱਕ ਦੀ ਲਿਸਟ ਵਿਚ ਸ੍ਰੀ ਮੁਕਤਸਰ ਸਾਹਿਬ ਵਿਖੇ ਪਨਸਪ ਏਜੰਸੀ ਦੀਆਂ 5 ਮਿੱਲਾਂ ਅਜਿਹੀਆਂ ਹਨ ਜ਼ੋ 45 ਪ੍ਰਤੀਸ਼ਤ ਝੋਨੇ ਦੀ ਸਟੋਰਜ਼ ਤੇ ਪਹੁੰਚੀਆਂ ਹਨ ਉੱਥੇ ਹੀ 1 ਮਿੱਲੀ 80 ਫ਼ੀਸਦੀ ਦਾ ਅੰਕੜਾ ਟੱਪ ਚੁੱਕੀ ਹੈ।ਇਸੇ ਤਰ੍ਹਾਂ ਮਾਰਕਫੈਡ ਵਿਚ ਸ੍ਰੀ ਮੁਕਤਸਰ ਸਾਹਿਬ ਵਿਚ 3 ਮਿੱਲਾਂ 55 ਫ਼ੀਸਦੀ ਦਾ ਅੰਕੜੇ ਤੱਕ ਅਜੇ ਪਹੁੰਚੀਆਂ ਹਨ ਜਦਕਿ ਇਕ ਮਿੱਲ 95 ਦਾ ਅੰਕੜਾ ਪਾਰ ਕਰ ਚੁੱਕੀ ਹੈ ਅਤੇ 3 ਮਿੱਲਾਂ 75 ਫ਼ੀਸਦੀ ਦਾ ਅੰਕੜਾ ਛੂਹ ਚੁੱਕੀਆਂ ਹਨ।ਪਨਗਰੇਨ ਵਿਚ ਇੱਕ ਮਿੱਲ 97 ਫ਼ੀਸਦੀ ਦਾ ਅੰਕੜਾ ਪਾਰ ਕਰ ਚੁੱਕੀ ਹੈ, ਉੱਕੇ ਹੀ ਬਹੁਤੀਆਂ ਮਿੱਲਾਂ 75 ਫ਼ੀਸਦੀ ਤੋਂ ਵੀ ਹੇਠਲੇ ਅੰਕੜੇ ਤੇ ਹਨ। ਵੇਅਰ ਹਾਊਸ ਵਿਚ ਇੱਕ ਮਿੱਲ ਅਜੇ 35 ਪ੍ਰਤੀਸ਼ਤ ਦੇ ਅੰਕੜੇ ਤੇ ਪਹੁੰਚੀ ਹੈ ਤਾਂ ਇੱਕ 80 ਪ੍ਰਤੀਸ਼ਤ ਵੀ ਪਾਰ ਕਰ ਚੁੱਕੀ ਹੈ। ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਸਰਕਾਰ ਦੇ ਬਰਾਬਰ ਰੇਸ਼ੋ ਵਿਚ ਝੋਨਾ ਲਾਉਣ ਦੇ ਦਾਅਵਿਆਂ ਦੀ ਫੂਕ ਨਿਕਲਦੀ ਨਜ਼ਰ ਆਉਂਦੀ ਹੈ।

ਕੀ ਕਹਿੰਦੇ ਹਨ ਸੂਬਾ ਪ੍ਰਧਾਨ

ਮਾਮਲੇ ਸਬੰਧੀ ਪੰਜਾਬ ਰਾਇਸ ਇੰਡਸਟਰੀਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭਾਰਤ ਭੂਸ਼ਣ ਬਿੰਟਾ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਸਬੰਧਤ ਕੁਝ ਅਫ਼ਸਰਾਂ ਦੀ ਨਲਾਇਕੀ ਸਾਹਮਣੇ ਆਈ ਹੈ, ਕਿਸੇ ਮਿੱਲ ਵਿਚ 100 ਫ਼ੀਸਦੀ ਤੋਂ ਵੀ ਜ਼ਿਆਦਾ ਝੋਨਾ ਕਥਿਤ ਤੌਰ 'ਤੇ ਪਹੁੰਚਿਆ ਤਾਂ ਕਿਤੇ ਅਜੇ ਇਹ ਰੇਸ਼ੋ 40 ਫ਼ੀਸਦੀ ਹੀ ਹੈ, ਜਦਕਿ ਸਰਕਾਰੀ ਖਰੀਦ ਬੰਦ ਹੋ ਚੁੱਕੀ ਹੈ ਅਤੇ ਲਿਫਟਿੰਗ ਲਈ ਵੀ ਬਹੁਤਾ ਝੋਨਾ ਬਕਾਇਆ ਨਹੀਂ ਹੈ।ਇਸ ਸਬੰਧੀ ਜਾਂਚ ਜਰੂਰੀ ਹੈ।

ਕੀ ਕਹਿੰਦੇ ਹਨ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ

ਮਾਮਲੇ ਸਬੰਧੀ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਸੰਜੇ ਸ਼ਰਮਾ ਦਾ ਕਹਿਣਾ ਹੈ ਕਿ 17 ਨਵੰਬਰ ਤੋਂ ਖ਼ਰੀਦ ਬੰਦ ਹੈ ਪਰ ਅਜੇ ਮੰਡੀ ਵਿਚ ਕਈ ਏਜੰਸੀਆਂ ਦਾ ਝੋਨਾ ਲਿਫਟਿੰਗ ਹੋਣਾ ਬਾਕੀ ਹੈ ਜਿਸ ਕਾਰਨ ਅਜੇ ਪੂਰੀ ਲਿਸਟ ਤਿਆਰ ਨਹੀਂ ਹੋ ਸਕੀ ਅਤੇ ਛੇਤੀ ਹੀ ਪੂਰੀ ਲਿਸਟ ਤਿਆਰ ਹੋ ਜਾਵੇਗੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News