ਸਰਕਾਰੀ ਹਦਾਇਤਾਂ ਦੇ ਉਲਟ ਕਿਸਾਨ ਨੇ ਲਗਾਇਆ ਝੋਨਾ, ਖੇਤੀਬਾੜੀ ਮਹਿਕਮੇ ਨੇ ਵਹਾਇਆ
Saturday, Jun 16, 2018 - 12:12 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਸਰਕਾਰੀ ਹਦਾਇਤਾਂ ਦੇ ਉਲਟ ਝੋਨੇ ਦੀ ਲਵਾਈ ਕਰਨ ਵਾਲੇ ਜ਼ਹੂਰਾ ਦੇ ਕਿਸਾਨ ਖਿਲਾਫ ਕਾਰਵਾਈ ਕਰਦੇ ਹੋਏ ਖੇਤੀਬਾੜੀ ਮਹਿਕਮੇ ਦੀ ਟੀਮ ਨੇ ਕਿਸਾਨ ਵੱਲੋਂ ਲਗਾਇਆ ਝੋਨਾ ਵਹਾ ਦਿੱਤਾ ਗਿਆ। ਧਰਤੀ ਦੇ ਦਿਨ-ਬ-ਦਿਨ ਹੇਠਾਂ ਜਾ ਰਹੇ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਬਣਾਏ 'ਪੰਜਾਬ ਪਰਜਵੇਸ਼ਨ ਆਫ ਸਬ ਸੋਇਲ ਵਾਟਰ ਐਕਟ 2009' ਦੇ ਤਹਿਤ ਕਿਸਾਨਾਂ ਨੂੰ 20 ਜੂਨ ਤੋਂ ਪਹਿਲਾਂ ਝੌਨਾ ਨਾ ਲਗਾਉਣ ਲਈ ਕਿਹਾ ਗਿਆ ਹੈ ਪਰ ਬਲਵਿੰਦਰ ਸਿੰਘ ਪੁੱਤਰ ਧਰਮ ਸਿੰਘ ਵਾਸੀ ਜ਼ਹੂਰਾ ਤਹਿ ਦਸੂਹਾ ਵੱਲੋਂ ਇਸ ਐਕਟ ਦੀ ਉਲੰਘਣਾ ਕਰਦੇ ਹੋਏ 20 ਜੂਨ ਤੋਂ ਪਹਿਲਾਂ ਆਪਣੇ 5 ਕਨਾਲ ਦੇ ਕਰੀਬ ਖੇਤ 'ਚ ਝੋਨੇ ਦੀ ਲਵਾਈ ਕਰ ਦਿੱਤੀ ਗਈ। ਜਿਸ ਦੀ ਸੂਚਨਾ ਮਿਲਣ 'ਤੇ ਬਲਾਕ ਖੇਤੀਬਾੜੀ ਅਫਸਰ ਸਤਨਾਮ ਸਿੰਘ, ਖੇਤੀਬਾੜੀ ਵਿਕਾਸ ਅਫਸਰ ਹਰਪ੍ਰੀਤ ਸਿੰਘ ਅਤੇ ਖੇਤੀਬਾੜੀ ਵਿਸਥਾਰ ਅਫਸਰ, ਗੁਰਮੀਤ ਸਿੰਘ ਅਤੇ ਉਨ੍ਹਾਂ ਦੀ ਪੂਰੀ ਟੀਮ ਨੇ ਮੌਕੇ 'ਤੇ ਜਾ ਕੇ ਕਿਸਾਨ ਵੱਲੋਂ ਲਗਾਏ ਗਏ ਝੋਨੇ ਨੂੰ ਵਹਾ ਦਿੱਤਾ ਗਿਆ।
ਇਸ ਦੇ ਨਾਲ ਹੀ ਖੇਤੀਬਾੜੀ ਅਫਸਰ ਸਤਨਾਮ ਸਿੰਘ ਨੇ ਹੋਰ ਕਿਸਾਨਾਂ ਨੂੰ ਇਸ ਸਬੰਧੀ ਸੁਚੇਤ ਹੋਣ ਲਈ ਕਿਹਾ ਗਿਆ ਅਤੇ ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਵੀ ਕਿਸਾਨ ਅਜਿਹਾ ਕਰੇਗਾ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਖੇਤੀਬਾੜੀ ਉੱਪ ਨਿਰੀਖਕ ਸੁਖਜਿੰਦਰ ਸਿੰਘ, ਰਛਪਾਲ ਸਿੰਘ, ਮਨਪ੍ਰੀਤ ਸਿੰਘ ਅਤੇ ਸੰਜੀਵ ਕੁਮਾਰ ਵੀ ਮੌਜੂਦ ਸਨ।