15 ਅਗਸਤ ਤੱਕ ਝੋਨਾ ਲੱਗ ਗਿਆ ਤਾਂ ਠੀਕ, ਨਹੀਂ ਤਾਂ ਮੁਸ਼ਕਿਲ ’ਚ ਆ ਜਾਵੇਗਾ ਕਿਸਾਨ
Tuesday, Aug 01, 2023 - 07:10 PM (IST)
ਚੰਡੀਗੜ੍ਹ (ਹਰੀਸ਼ਚੰਦਰ) : ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ 15 ਅਗਸਤ ਤੱਕ ਜੇਕਰ ਝੋਨਾ ਲੱਗ ਗਿਆ ਤਾਂ ਠੀਕ ਹੈ ਨਹੀਂ ਤਾਂ ਕਿਸਾਨ ਹੋਰ ਮੁਸ਼ਕਿਲ ’ਚ ਆ ਜਾਵੇਗਾ। 15 ਅਗਸਤ ਤੋਂ ਬਾਅਦ ਝੋਨਾ ਲੱਗਿਆ ਤਾਂ ਉਹ ਦੇਰੀ ਨਾਲ ਪੱਕੇਗਾ, ਫ਼ਸਲ ਘੱਟ ਹੋਵੇਗੀ ਅਤੇ ਦਾਣਾ ਛੋਟਾ ਰਹੇਗਾ। ਮੰਡੀਆਂ ’ਚ ਝੋਨੇ ਦੀ ਆਮਦ ’ਚ ਹੋਣ ਵਾਲੀ ਇਸ ਦੇਰੀ ਦੇ ਕਾਰਣ ਰਬੀ ਸੀਜ਼ਨ ’ਚ ਕਣਕ ਦੀ ਬਿਜਾਈ ਵੀ ਦੇਰੀ ਨਾਲ ਹੋਵੇਗੀ। ਰਾਜੇਵਾਲ ਨੇ ਕਿਹਾ ਕਿ ਅਜੇ ਤਾਂ ਹੋਰ ਮੀਂਹ ਦੇ ਆਸਾਰ ਹਨ, ਇਸ ਲਈ 15 ਅਗਸਤ ਤੱਕ ਝੋਨਾ ਲਗਾਉਣਾ ਮੁਸ਼ਕਿਲ ਕੰਮ ਹੈ। ਸੂਬੇ ’ਚ ਕਈ ਜਗ੍ਹਾ ਅਜੇ ਵੀ ਖੇਤਾਂ ’ਚ ਪਾਣੀ ਖੜ੍ਹਾ ਹੈ। ਪਾਣੀ ਉਤਰੇਗਾ, ਖੇਤ ਸੁੱਕਣਗੇ, ਉਦੋਂ ਪਤਾ ਚੱਲੇਗਾ ਕਿ ਕਿੱਥੇ ਰੇਤ-ਗਾਰ ਆਦਿ ਖੇਤਾਂ ’ਚ ਜਮ ਚੁੱਕੀ ਹੈ। ਖੇਤਾਂ ਵਿਚ ਨਵੇਂ ਸਿਰੇ ਤੋਂ ਤਿਆਰ ਕਰਨ ਵਿਚ ਹੋਰ ਸਮਾਂ ਲੱਗੇਗਾ। ਪੰਜਾਬ ਦੀ ਮਾਲੀ ਹਾਲਤ ਨੂੰ ਕੁਲ ਮਿਲਾ ਕੇ 6 ਤੋਂ 8 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸਰਕਾਰ ਵੀ ਮੰਨਦੀ ਹੈ ਕਿ 400 ਦੇ ਕਰੀਬ ਘਰ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ ਜਦੋਂ ਕਿ 878 ਘਰਾਂ ਨੂੰ ਅੰਸ਼ਿਕ ਨੁਕਸਾਨ ਹੋਇਆ। ਇਸ ਤੋਂ ਇਲਾਵਾ ਸੜਕਾਂ ਟੁੱਟ ਗਈਆਂ ਹਨ, ਜਿਨ੍ਹਾਂ ਦੀ ਮੁਰੰਮਤ ਕਰਨੀ ਹੋਵੇਗੀ। 15 ਅਗਸਤ ਤੱਕ ਗਿਰਦਾਵਰੀ ਦੀ ਰਿਪੋਰਟ ਵੀ ਆ ਜਾਵੇਗੀ, ਜਿਸ ਦੇ ਨਾਲ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਸਹੀ ਅੰਕਲਨ ਲੱਗ ਸਕੇਗਾ।
ਇਹ ਵੀ ਪੜ੍ਹੋ : ਮਸ਼ਹੂਰ ਪੰਜਾਬੀ ਕਲਾਕਾਰ ਦੇ ਦੋਸਤ ਰਣਬੀਰ ਸਿੰਘ ਬਾਠ ਦੇ ਘਰ ਐੱਨ. ਆਈ. ਏ. ਵੱਲੋਂ ਛਾਪੇਮਾਰੀ
ਖੇਤਾਂ ’ਚ ਪਾਣੀ ਵੜ ਜਾਣ ਨਾਲ ਚਾਰੇ ਦੀ ਵੀ ਹੋਈ ਕਿੱਲਤ
ਪੰਜਾਬ ਦੇ ਪਸ਼ੂਪਾਲਕਾਂ ਨੂੰ ਹੜ੍ਹ ਦੇ ਕਾਰਣ ਚਾਰੇ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪਿਆ। ਦਰਅਸਲ ਖੇਤਾਂ ’ਚ ਪਾਣੀ ਵੜ ਜਾਣ ਨਾਲ ਉਨ੍ਹਾਂ ਦੀ ਫਸਲ ਦੇ ਨਾਲ-ਨਾਲ ਹਰਾ ਚਾਰਾ ਵੀ ਡੁੱਬ ਗਿਆ ਸੀ। ਦੂਜੇ ਪਾਸੇ ਰਬੀ ਸੀਜ਼ਨ ਦੇ ਸਮੇਂ ਜੋ ਸੁੱਕਿਆ ਚਾਰਾ ਪੈਕ ਕਰਕੇ ਸਟੋਰ ਕੀਤਾ ਸੀ, ਉਹ ਵੀ ਹੜ੍ਹ ਦੇ ਪਾਣੀ ’ਚ ਵਹਿ ਗਿਆ। ਪ੍ਰਭਾਵਿਤ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੁੱਕੇ ਅਤੇ ਹਰੇ ਚਾਰੇ ਦੀ ਭਾਰੀ ਕਮੀ ਦਾ ਕੁੱਝ ਦਿਨ ਸਾਹਮਣਾ ਕਰਨਾ ਪਿਆ। ਹੜ੍ਹ ਦੇ ਪਾਣੀ ’ਚ ਨਾ ਪਸ਼ੂਆਂ ਨੂੰ ਚਰਾਉਣ ਲਿਜਾਇਆ ਜਾਂਦਾ ਸੀ ਅਤੇ ਨਾ ਹੀ ਖੇਤਾਂ ਤੋਂ ਚਾਰਾ ਲਿਆ ਕੇ ਉਨ੍ਹਾਂ ਨੂੰ ਦਿੱਤਾ ਜਾਂਦਾ। ਭਰਪੇਟ ਚਾਰਾ ਨਾ ਮਿਲਣ ’ਤੇ ਦੁਧਾਰੂ ਪਸ਼ੂਆਂ ਦੇ ਪਾਲਕਾਂ ਨੂੰ ਜ਼ਿਆਦਾ ਮੁਸ਼ਕਿਲ ਆਈ। ਹਾਲਾਂਕਿ ਬਾਅਦ ਵਿਚ ਸਰਕਾਰ ਨੇ ਚਾਰੇ ਦਾ ਬੰਦੋਬਸਤ ਕੀਤਾ। ਕਈ ਜਗ੍ਹਾ ਕਿਸਾਨਾਂ ਨੇ ਵੀ ਇਕ-ਦੂਜੇ ਕਿਸਾਨ ਦੀ ਚਾਰਾ ਦੇ ਕੇ ਮਦਦ ਕੀਤੀ। ਧਿਆਨ ਯੋਗ ਹੈ ਕਿ ਪੰਜਾਬ ਦੇਸ਼ ਦੇ ਦੁੱਧ ਉਤਪਾਦਨ ਵਿਚ 10 ਫ਼ੀਸਦੀ ਯੋਗਦਾਨ ਪਾਉਂਦਾ ਹੈ।
ਹੜ੍ਹ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਝੋਨੇ ਦੀ ਮੁਫ਼ਤ ਪਨੀਰੀ
ਹੜ੍ਹ ਨਾਲ ਪ੍ਰਭਾਵਿਤ ਝੋਨਾ ਕਿਸਾਨਾਂ ਨੂੰ ਪੰਜਾਬ ਸਰਕਾਰ ਨੇ ਮੁਫ਼ਤ ਪਨੀਰੀ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਲਈ ਬਕਾਇਦਾ ਇਕ ਟੈਲੀਫ਼ੋਨ ਨੰਬਰ ਵੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਜਾਰੀ ਕੀਤਾ ਸੀ, ਜਿਸ ’ਤੇ ਕਿਸਾਨਾਂ ਨੂੰ ਆਪਣੇ ਲਈ ਝੋਨੇ ਦੀ ਪਨੀਰੀ ਦੀ ਜਰੂਰਤ ਦੱਸਣੀ ਹੋਵੇਗੀ। ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਮੁਫ਼ਤ ਵੰਡਣ ਲਈ 3500 ਕੁਇੰਟਲ ਤੋਂ ਵੱਧ ਝੋਨੇ ਦੀ ਪਨੀਰੀ ਦੀ ਬਿਜਾਈ ਦਾ ਪ੍ਰਬੰਧ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਹੜ੍ਹ ਕਾਰਣ ਪ੍ਰਭਾਵਿਤ ਲੋਕਾਂ ਲਈ ਬ੍ਰਹਮ ਸ਼ੰਕਰ ਜਿੰਪਾ ਵਲੋਂ ਨਿਰਦੇਸ਼ ਜਾਰੀ
ਪ੍ਰਤੀ ਏਕੜ 4-5 ਕੁਇੰਟਲ ਘੱਟ ਉਤਪਾਦਨ ਹੋਣ ਦੇ ਆਸਾਰ
ਖੇਤੀਬਾੜੀ ਮਾਹਰ ਝੋਨੇ ਦੀਆਂ 2 ਕਿਸਮਾਂ ਪੀ.ਆਰ.-126 ਅਤੇ ਬਾਸਮਤੀ ਪੂਸਾ-1509 ਦੀ ਬਿਜਾਈ ਦਾ ਸੁਝਾਅ ਦੇ ਰਹੇ ਹਨ। ਦਰਅਸਲ ਇਹ ਕਿਸਮਾਂ ਝੋਨੇ ਦੀਆਂ ਆਮ ਬਾਕੀ ਕਿਸਮਾਂ ਦੇ ਮੁਕਾਬਲੇ ਪੱਕਣ ਵਿਚ ਘੱਟ ਸਮਾਂ ਲੈਂਦੀਆਂ ਹਨ। ਪਰ ਕਿਸਾਨ ਇਹ ਜੋਖਮ ਲੈਣ ਨੂੰ ਤਿਆਰ ਨਹੀਂ ਦਿਸਦਾ ਕਿਉਂਕਿ ਝੋਨਾ ਬਿਜਾਈ ਵਿਚ ਹੋ ਰਹੀ ਲਗਾਤਾਰ ਦੇਰੀ ਨਾਲ ਝੋਨੇ ਦਾ ਉਤਪਾਦਨ ਪ੍ਰਤੀ ਏਕੜ 4-5 ਕੁਇੰਟਲ ਘੱਟ ਹੋਣ ਦੇ ਆਸਾਰ ਹਨ।
2.7 ਮਿਲੀਅਨ ਹੈਕਟੇਅਰ ਵਿਚ ਲੱਗ ਚੁੱਕਿਆ ਸੀ ਝੋਨਾ
ਜੁਲਾਈ ਦੇ ਦੂਜੇ ਹਫ਼ਤੇ ਵਿਚ ਜਦੋਂ ਮੀਂਹ ਪਿਆ ਸੀ, ਉਦੋਂ ਤੱਕ ਝੋਨੇ ਦੀ ਖੇਤੀ ਦੇ ਲਗਭਗ 3.2 ਮਿਲੀਅਨ ਹੈਕਟੇਅਰ ਰਕਬੇ ਵਿਚੋਂ 2.7 ਮਿਲੀਅਨ ਹੈਕਟੇਅਰ ਵਿਚ ਝੋਨਾ ਲੱਗ ਚੁੱਕਿਆ ਸੀ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸ਼ੂਰੁਆਤੀ ਅਨੁਮਾਨ ਅਨੁਸਾਰ ਹੜ੍ਹ ਨੇ ਕਰੀਬ 2,37,000 ਹੈਕਟੇਅਰ ਝੋਨੇ ਦੇ ਖੇਤਾਂ ਨੂੰ ਜਲਥਲ ਕੀਤਾ ਸੀ। ਉਂਝ ਸਹੀ ਅੰਕੜਾ 15 ਅਗਸਤ ਤੱਕ ਆ ਸਕੇਗਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਖੇਤੀਬਾੜੀ ਅਤੇ ਮਾਲ ਵਿਭਾਗ ਨੂੰ ਮਿਲ ਕੇ ਅਸਲੀ ਨੁਕਸਾਨ ਦਾ ਅੰਕਲਨ ਕਰਨ ਲਈ ਇਕ ਵਿਸ਼ੇਸ਼ ਗਿਰਦਾਵਰੀ ਦਾ ਕੰਮ 15 ਅਗਸਤ ਤੱਕ ਨਿਪਟਾਉਣ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਮਰਹੂਮ ਗਾਇਕ ਸੁਰਿੰਦਰ ਛਿੰਦਾ ਦੇ ਪਰਿਵਾਰ ਨਾਲ ਦੁੱਖ ਵੰਡਾਇਆ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8