''ਕਿਸਾਨਾਂ ਦਾ ਵੱਧ ਨਮੀ ਵਾਲਾ ਝੋਨਾ ਮੰਡੀਆਂ ''ਚੋਂ ਵਾਪਸ ਮੋੜਿਆ ਜਾਵੇ''

Friday, Oct 12, 2018 - 03:36 PM (IST)

ਮਾਛੀਵਾੜਾ ਸਾਹਿਬ (ਟੱਕਰ) : 'ਸੱਚਾ ਸੌਦਾ ਆੜ੍ਹਤੀ ਐਸੋਸ਼ੀਏਸ਼ਨ' ਦੀ ਮੀਟਿੰਗ ਸਾਬਕਾ ਪ੍ਰਧਾਨ ਟਹਿਲ ਸਿੰਘ ਔਜਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਮੰਡੀ ਦੇ ਆੜ੍ਹਤੀਆਂ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ 'ਚ ਮੰਡੀ 'ਚ ਕਿਸਾਨਾਂ ਵਲੋਂ ਵੇਚਣ ਲਈ ਲਿਆਂਦਾ ਜਾ ਰਿਹਾ ਵੱਧ ਨਮੀ ਵਾਲਾ ਝੋਨਾ, ਫਸਲ ਦੀ ਅਦਾਇਗੀ ਨਾ ਹੋਣਾ ਅਤੇ ਕਈ ਹੋਰ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਤੇ ਸਰਪ੍ਰਸਤ ਕਸਤੂਰੀ ਲਾਲ ਮਿੰਟੂ ਨੇ ਕਿਹਾ ਕਿ ਕੁੱਝ ਕਿਸਾਨ ਜਲਦਬਾਜ਼ੀ ਕਰ ਰਹੇ ਹਨ ਅਤੇ 20 ਤੋਂ ਵੱਧ ਫੀਸਦੀ ਨਮੀ ਵਾਲਾ ਝੋਨਾ ਮੰਡੀ 'ਚ ਵੇਚਣ ਲਈ ਲਿਆ ਰਹੇ ਹਨ, ਜਦੋਂ ਕਿ ਸਰਕਾਰੀ ਖਰੀਦ ਏਜੰਸੀਆਂ 17 ਫੀਸਦੀ ਨਮੀ ਵਾਲਾ ਝੋਨਾ ਹੀ ਖਰੀਦ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਮੰਡੀ 'ਚ ਪਹਿਲਾਂ ਹੀ ਫੜ੍ਹਾਂ ਦੀ ਘਾਟ ਹੈ ਅਤੇ ਵੱਧ ਨਮੀ ਵਾਲਾ ਝੋਨਾ ਸਕਾਉਣ ਲਈ ਵੱਧ ਸਮਾਂ ਤੇ ਵੱਧ ਫੜ੍ਹ ਚਾਹੀਦੇ ਹਨ, ਜੋ ਕਿ ਸੰਭਵ ਨਹੀਂ, ਇਸ ਲਈ ਫੈਸਲਾ ਕੀਤਾ ਗਿਆ ਕਿ ਜਿਹੜਾ ਵੀ ਕਿਸਾਨ 17 ਫੀਸਦੀ ਤੋਂ ਵੱਧ ਨਮੀ ਵਾਲਾ ਝੋਨਾ ਮੰਡੀ 'ਚ ਵੇਚਣ ਲਈ ਲੈ ਕੇ ਆਵੇਗਾ, ਉਸ ਨੂੰ ਵਾਪਸ ਮੋੜਿਆ ਜਾਵੇਗਾ। ਇਸ ਤੋਂ ਇਲਾਵਾ ਜੇਕਰ ਕਿਸੇ ਆੜ੍ਹਤੀ ਨੇ ਘੱਟ ਰੇਟ 'ਚ ਵੱਧ ਨਮੀ ਵਾਲਾ ਝੋਨਾ ਖਰੀਦਣ ਦੀ ਕੋਸ਼ਿਸ਼ ਕੀਤੀ ਤਾਂ ਉਸ 'ਤੇ ਵੀ ਆੜ੍ਹਤੀ ਐਸੋਸੀਏਸ਼ਨ ਕਾਰਵਾਈ ਕਰੇਗੀ। ਮੀਟਿੰਗ 'ਚ ਇਹ ਵੀ ਵਿਚਾਰ ਹੋਇਆ ਕਿ ਸਰਕਾਰੀ ਖਰੀਦ ਸ਼ੁਰੂ ਹੋਏ ਨੂੰ 12 ਦਿਨ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਅਤੇ ਕਰੀਬ 1 ਲੱਖ ਕੁਇੰਟਲ ਮਾਛੀਵਾੜਾ ਮੰਡੀ ਤੇ ਉਪ ਖਰੀਦ ਕੇਂਦਰਾਂ ਵਿਚ ਝੋਨਾ ਖਰੀਦਿਆ ਜਾ ਚੁੱਕਾ ਹੈ ਪਰ ਅਜੇ ਤੱਕ ਕੋਈ ਅਦਾਇਗੀ ਨਹੀਂ ਹੋਈ ਇਸ ਲਈ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਕਿਸਾਨਾਂ ਦੀ ਫਸਲ ਦੀ ਅਦਾਇਗੀ ਲਈ ਤੁਰੰਤ ਪ੍ਰਬੰਧ ਕੀਤੇ ਜਾਣ।


Related News