ਉਤਰਾਖੰਡ ਤੋਂ ਸਸਤਾ ਝੋਨਾ ਲਿਆ ਪੰਜਾਬ ''ਚ ਮਹਿੰਗੇ ਭਾਅ ਵੇਚਣ ਦਾ ਗੋਰਖਧੰਦਾ ਜਾਰੀ

Friday, Nov 06, 2020 - 06:13 PM (IST)

ਉਤਰਾਖੰਡ ਤੋਂ ਸਸਤਾ ਝੋਨਾ ਲਿਆ ਪੰਜਾਬ ''ਚ ਮਹਿੰਗੇ ਭਾਅ ਵੇਚਣ ਦਾ ਗੋਰਖਧੰਦਾ ਜਾਰੀ

ਮਾਛੀਵਾੜਾ ਸਾਹਿਬ (ਟੱਕਰ) : ਉਤਰਾਖੰਡ ਤੋਂ ਸਸਤਾ ਝੋਨਾ ਲਿਆ ਪੰਜਾਬ 'ਚ ਸਰਕਾਰੀ ਰੇਟ 'ਤੇ ਮਹਿੰਗੇ ਭਾਅ ਵੇਚਣ ਦੇ ਮਾਮਲੇ 'ਚ ਮਾਛੀਵਾੜਾ ਪੁਲਸ ਵਲੋਂ ਕੁਝ ਦਿਨ ਪਹਿਲਾਂ ਸ਼ੈਲਰ ਮਾਲਕ ਤੇ ਆੜ੍ਹਤੀਆਂ ਖ਼ਿਲਾਫ਼ ਦਰਜ ਕੀਤੇ ਮਾਮਲੇ ਦੀ ਸੁਰਖ਼ੀਆਂ ਦੀ ਸਿਆਹੀ ਅਜੇ ਫਿੱਕੀ ਨਹੀਂ ਪਈ ਸੀ ਕਿ ਅੱਜ ਫਿਰ ਪੁਲਸ ਨੇ 2 ਟਰੱਕ ਬਾਹਰਲੇ ਸੂਬੇ ਤੋਂ ਆਏ ਕਾਬੂ ਕਰ ਲਏ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਗੋਰਖਧੰਦੇ 'ਚ ਇੰਨੀ ਕਾਲੀ ਕਮਾਈ ਹੈ ਕਿ ਕਾਨੂੰਨੀ ਪਰਚਿਆਂ ਦੇ ਬਾਵਜੂਦ ਵੀ ਵਪਾਰੀਆਂ ਵਲੋਂ ਧੜੱਲੇ ਨਾਲ ਇਹ ਕਾਲਾ ਧੰਦਾ ਜਾਰੀ ਹੈ।

ਮਾਛੀਵਾੜਾ ਪੁਲਸ ਨੇ ਅੱਜ ਉਤਾਰਖੰਡ ਤੋਂ ਆਏ ਝੋਨੇ ਦੇ ਭਰੇ 2 ਟਰੱਕ ਕਾਬੂ ਕਰ ਲਏ, ਫਿਲਹਾਲ ਚਾਲਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਵਪਾਰੀਆਂ ਵਲੋਂ ਖਰੀਦਿਆ ਸਸਤਾ ਝੋਨਾ ਪੰਜਾਬ ਸਰਕਾਰ ਨੂੰ ਚੂਨਾ ਲਗਾ ਕੇ ਕਿੱਥੇ ਵੇਚਿਆ ਜਾਣਾ ਸੀ ਅਤੇ ਇਸਦੇ ਪਿੱਛੇ ਕਿਹੜੇ-ਕਿਹੜੇ ਸਫ਼ੈਦਪੋਸ਼ ਵਪਾਰੀ ਹਨ ਜਿਨ੍ਹਾਂ ਨੂੰ ਬੇਨਕਾਬ ਕੀਤਾ ਜਾ ਸਕੇ। ਥਾਣਾ ਮੁਖੀ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਟਰੱਕ ਚਾਲਕ ਅਜੇ ਕੋਈ ਵੀ ਅਜਿਹੇ ਦਸਤਾਵੇਜ਼ ਨਹੀਂ ਦਿਖਾ ਸਕੇ ਜਿਸ ਤੋਂ ਇਹ ਸਾਬਿਤ ਹੋ ਸਕੇ ਕਿ ਝੋਨਾ ਪੰਜਾਬ ਦੇ ਕਿਸਾਨ ਜਾਂ ਵਪਾਰੀ ਦਾ ਹੈ।

ਉਨ੍ਹਾਂ ਕਿਹਾ ਕਿ ਟਰੱਕ ਚਾਲਕਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਇੰਨਾ ਹੀ ਦੱਸਿਆ ਕਿ ਉਹ ਉਤਰਾਖੰਡ ਦੇ ਉੱਧਮ ਸਿੰਘ ਨਗਰ ਤੋਂ ਇਹ ਝੋਲਾ ਭਰ ਕੇ ਪੰਜਾਬ ਲਿਆਏ ਹਨ ਅਤੇ ਮਾਛੀਵਾੜਾ ਇਲਾਕੇ 'ਚ ਹੀ ਉਨ੍ਹਾਂ ਇਹ ਉਤਾਰਨਾ ਸੀ। ਪੁਲਸ ਅਨੁਸਾਰ ਉਹ ਮਾਛੀਵਾੜਾ ਮਾਰਕੀਟ ਕਮੇਟੀ ਅਧਿਕਾਰੀਆਂ ਤੋਂ ਇਲਾਵਾ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਤੋਂ ਇਸ ਝੋਨੇ ਦੀ ਤਸਦੀਕ ਕਰਵਾਈ ਜਾਵੇਗੀ ਅਤੇ ਟਰੱਕ ਚਾਲਕਾਂ ਤੋਂ ਪੁੱਛਗਿੱਛ ਕਰ ਜਿਨ੍ਹਾਂ ਵਿਅਕਤੀਆਂ ਨੇ ਇਹ ਸਸਤਾ ਝੋਨਾ ਉਤਰਾਖੰਡ ਤੋਂ ਮੰਗਵਾਇਆ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।


author

Gurminder Singh

Content Editor

Related News